- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਨੇ ਐੱਲਪੀਯੂ ’ਚ ਵਾਪਰੀ ਪੂਰੀ ਘਟਨਾ ਨੂੰ ਲੈ ਕੇ ਪੰਜ ਐੱਫਆਈਆਰ ਦਰਜ ਕੀਤੀਆਂ ਸਨ। ਇਨ੍ਹਾਂ ’ਚੋਂ ਇਕ ਐੱਫਆਈਆਰ ਯੂਨੀਵਰਸਿਟੀ ਦੇ ਹੋਸਟਲ ’ਚ ਵਿਦਿਆਰਥਣ ਨਾਲ ਜਬਰ-ਜਨਾਹ ਦੇ ਮਾਮਲੇ ਸਬੰਧੀ ਸੀ। ਇਸ ਦੀ ਜਾਂਚ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੂੰ ਸੌਂਪੀ ਗਈ ਸੀ।

ਜਾਸ, ਜਲੰਧਰ : ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲਪੀਯੂ) ’ਚ 26 ਸਤੰਬਰ ਨੂੰ ਹੋਈ ਹਿੰਸਾ ਦਾ ਕਾਰਨ ਬਣੀ ਜਬਰ-ਜਨਾਹ ਦੀ ਘਟਨਾ ਪੁਲਿਸ ਦੀ ਜਾਂਚ ’ਚ ਅਫ਼ਵਾਹ ਨਿਕਲੀ ਹੈ। ਪੰਜਾਬ ਪੁਲਿਸ ਨੇ ਹਾਈ ਕੋਰਟ ’ਚ ਦਾਇਰ ਹਲਫ਼ਨਾਮੇ ’ਚ ਦੱਸਿਆ ਹੈ ਕਿ ਹੋਸਟਲ ’ਚ ਵਿਦਿਆਰਥਣ ਨਾਲ ਜਬਰ-ਜਨਾਹ ਦੇ ਮਾਮਲੇ ’ਚ ਕੋਈ ਸਬੂਤ ਨਹੀਂ ਮਿਲਿਆ। ਜਬਰ-ਜਨਾਹ ਦੇ ਮਾਮਲੇ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਕੈਂਸਲੇਸ਼ਨ ਰਿਪੋਰਟ ਤਿਆਰ ਕਰ ਲਈ ਹੈ, ਜੋ ਅਦਾਲਤ ’ਚ ਦਾਖ਼ਲ ਕੀਤੀ ਜਾਵੇਗੀ।
ਪੁਲਿਸ ਨੇ ਐੱਲਪੀਯੂ ’ਚ ਵਾਪਰੀ ਪੂਰੀ ਘਟਨਾ ਨੂੰ ਲੈ ਕੇ ਪੰਜ ਐੱਫਆਈਆਰ ਦਰਜ ਕੀਤੀਆਂ ਸਨ। ਇਨ੍ਹਾਂ ’ਚੋਂ ਇਕ ਐੱਫਆਈਆਰ ਯੂਨੀਵਰਸਿਟੀ ਦੇ ਹੋਸਟਲ ’ਚ ਵਿਦਿਆਰਥਣ ਨਾਲ ਜਬਰ-ਜਨਾਹ ਦੇ ਮਾਮਲੇ ਸਬੰਧੀ ਸੀ। ਇਸ ਦੀ ਜਾਂਚ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੂੰ ਸੌਂਪੀ ਗਈ ਸੀ। ਜਾਂਚ ਦੌਰਾਨ 50 ਤੋਂ ਵੱਧ ਲੋਕਾਂ ਦੇ ਬਿਆਨ ਦਰਜ ਕੀਤੇ ਗਏ ਤੇ ਯੂਨੀਵਰਸਿਟੀ ਕੈਂਪਸ ਤੇ ਹੋਸਟਲ ’ਚ ਲੱਗੇ ਕੈਮਰਿਆਂ ਦੀ ਦੋ ਹਫ਼ਤਿਆਂ ਦੀ ਫੁਟੇਜ ਖੰਗਾਲੀ ਗਈ। ਜਾਂਚ ’ਚ ਜਬਰ-ਜਨਾਹ ਦੀ ਘਟਨਾ ਦਾ ਕੋਈ ਸੁਰਾਗ ਨਹੀਂ ਮਿਲਿਆ। ਇਹ ਵੀ ਸਾਹਮਣੇ ਆਇਆ ਕਿ ਪੀੜਤਾ ਦਾ ਨਾਂ ਤੇ ਪਤਾ ਵੀ ਕਿਸੇ ਨੂੰ ਨਹੀਂ ਪਤਾ ਸੀ। ਯੂਨੀਵਰਸਿਟੀ ਦੀ ਇਕ ਵਿਦਿਆਰਥਣ ਨੇ ਸੁਣੀਆਂ-ਸੁਣਾਈਆਂ ਗੱਲਾਂ ਦੇ ਆਧਾਰ ’ਤੇ ਹੋਸਟਲ ’ਚ ਇਕ ਵਿਦਿਆਰਥਣ ਨਾਲ ਜਬਰ-ਜਨਾਹ ਹੋਣ ਦਾ ਸੁਨੇਹਾ ਸਾਂਝਾ ਕੀਤਾ ਸੀ, ਜਿਸ ਨੂੰ ਕੁਝ ਲੋਕਾਂ ਨੇ ਵਾਇਰਲ ਕਰ ਕੇ ਵਿਦਿਆਰਥੀਆਂ ਨੂੰ ਭੜਕਾਇਆ।
ਯੂਨੀਵਰਸਿਟੀ ’ਚ ਹੋਈ ਹਿੰਸਾ ਨੂੰ ਲੈ ਕੇ ਪੁਲਿਸ ਵੱਲੋਂ ਦਰਜ ਕੀਤੀ ਗਈ ਐੱਫਆਈਆਰ ਦੀ ਜਾਂਚ ਅਜੇ ਵੀ ਜਾਰੀ ਹੈ। ਹੁਣ ਤੱਕ ਪੁਲਿਸ 116 ਲੋਕਾਂ ਨੂੰ ਨਾਮਜ਼ਦ ਕਰ ਚੁੱਕੀ ਹੈ। ਇਨ੍ਹਾਂ ’ਚ ਯੂਨੀਵਰਸਿਟੀ ਦੇ ਕੁਝ ਵਿਦਿਆਰਥੀ, ਸਾਬਕਾ ਵਿਦਿਆਰਥੀ ਤੇ ਕੁਝ ਬਾਹਰੀ ਅਨਸਰ ਸ਼ਾਮਲ ਹਨ। ਇਨ੍ਹਾਂ ’ਚੋਂ 22 ਨੂੰ ਪੁਲਿਸ ਗ੍ਰਿਫ਼ਤਾਰ ਕਰ ਚੁੱਕੀ ਹੈ। ਚਾਰ ਅਜਿਹੇ ਮੁਲਜ਼ਮ ਵੀ ਹਨ, ਜਿਨ੍ਹਾਂ ਬਾਰੇ ਕਥਿਤ ਤੌਰ ’ਤੇ ਹਿੰਸਾ ਦੀ ਅਗਵਾਈ ਕਰਨ ਦੀ ਗੱਲ ਕਹੀ ਗਈ ਹੈ। ਇਸ ਤੋਂ ਇਲਾਵਾ ਪੁਲਿਸ ਨੇ 46 ਲੋਕਾਂ ਨੂੰ ਕੌਮੀ ਮਾਰਗ ਜਾਮ ਕਰਨ ਅਤੇ ਹੋਰ 46 ਨੂੰ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਹਿੰਸਾ ਕਰਨ ਦੇ ਦੋਸ਼ ਹੇਠ ਨਾਮਜ਼ਦ ਕੀਤਾ ਹੈ।
ਵਿਦਿਆਰਥਣ ਨਾਲ ਜਬਰ-ਜਨਾਹ ਤੋਂ ਇਲਾਵਾ ਪੁਲਿਸ ਨੇ ਯੂਨੀਵਰਸਿਟੀ ’ਚ ਭੰਨਤੋੜ, ਸਰਕਾਰੀ ਵਾਹਨਾਂ ਨੂੰ ਅੱਗ ਲਾਉਣ ਤੇ ਸਰਕਾਰੀ ਕੰਮ ’ਚ ਵਿਘਨ ਪਾਉਣ, ਕੌਮੀ ਮਾਰਗ ਜਾਮ ਕਰਨ ਤੇ ਯੂਨੀਵਰਸਿਟੀ ਦੇ ਅੰਦਰ ਸਾਮਾਨ ਤੇ ਬਾਹਰ ਦੁਕਾਨਾਂ ’ਚ ਲੁੱਟ-ਖੋਹ ਤੇ ਚੋਰੀ ਦੇ ਮਾਮਲਿਆਂ ’ਚ ਫਗਵਾੜਾ ਸਿਟੀ ਤੇ ਸਦਰ ਥਾਣੇ ’ਚ ਐੱਫਆਈਆਰ ਦਰਜ ਕੀਤੀਆਂ ਸਨ। ਇਨ੍ਹਾਂ ਸਾਰੇ ਮਾਮਲਿਆਂ ਦੀ ਜਾਂਚ ਜਾਰੀ ਹੈ। ਇਸ ਹਿੰਸਾ ’ਚ ਯੂਨੀਵਰਸਿਟੀ ਤੇ ਆਲੇ-ਦੁਆਲੇ ਦੀ ਜਾਇਦਾਦ ਨੂੰ ਕਰੀਬ 30 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ।
ਭੰਨਤੋੜ ਤੇ ਹਿੰਸਾ ਲਈ ਭੜਕਾਉਣ ਵਾਲੇ ਫ਼ਰਹਤ ਤੇ ਸ਼ੇਰੂ ਦੀ ਭਾਲ
ਵਿਦਿਆਰਥੀਆਂ ਨੂੰ ਭੜਕਾਉਣ ਤੇ ਭੰਨਤੋੜ ਲਈ ਉਕਸਾਉਣ ਦੇ ਮਾਮਲੇ ’ਚ ਪੁਲਿਸ ਨੂੰ ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਤੇ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਫ਼ਰਹਤ ਤੇ ਇਕ ਹੋਰ ਨੌਜਵਾਨ ਸ਼ੇਰੂ ਦੀ ਭਾਲ ਹੈ। ਫ਼ਰਹਤ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੀ ਅਗਵਾਈ ਕਰ ਰਿਹਾ ਸੀ। ਕਈ ਫੁਟੇਜ ’ਚ ਉਹ ਭੰਨਤੋੜ ਕਰਦਾ ਵੀ ਦਿਖਾਈ ਦਿੱਤਾ ਸੀ।
ਚਿਤਕਾਰਾ ਤੇ ਐੱਲਪੀਯੂ ਦੀਆਂ ਘਟਨਾਵਾਂ ਵਿਚਾਲੇ ਕੋਈ ਸਬੰਧ ਨਹੀਂ
ਐੱਲਪੀਯੂ ’ਚ ਹੋਈ ਹਿੰਸਾ ਤੋਂ ਇਕ ਦਿਨ ਪਹਿਲਾਂ 25 ਸਤੰਬਰ ਨੂੰ ਰਾਜਪੁਰਾ ਸਥਿਤ ਚਿਤਕਾਰਾ ਯੂਨੀਵਰਸਿਟੀ ’ਚ ਵੀ ਹਿੰਸਾ ਦੀ ਘਟਨਾ ਸਾਹਮਣੇ ਆਈ ਸੀ। ਇੱਥੇ ਵੀ ਅਫ਼ਵਾਹ ਕਾਰਨ ਹਿੰਸਾ ਹੋਈ ਸੀ। ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਦੋਵਾਂ ਯੂਨੀਵਰਸਿਟੀਆਂ ’ਚ ਹੋਈਆਂ ਹਿੰਸਕ ਘਟਨਾਵਾਂ ਵਿਚਾਲੇ ਕੋਈ ਸਬੰਧ ਨਹੀਂ ਹੈ।
ਪੁਲਿਸ ਦੀ ਜਾਂਚ ਰਿਪੋਰਟ ਦੇ ਆਧਾਰ ’ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਹਲਫ਼ਨਾਮਾ ਦਾਇਰ ਕੀਤਾ ਗਿਆ ਹੈ। ਹਾਈ ਕੋਰਟ ਨੇ ਮੈਨੂੰ ਇਸ ਦੀ ਜ਼ਿੰਮੇਵਾਰੀ ਸੌਂਪੀ ਸੀ। ਇਹ ਮਾਮਲਾ ਹਾਈ ਕੋਰਟ ਦੇ ਵਿਚਾਰ ਅਧੀਨ ਹੈ। ਅਜੇ ਵੀ ਇਸ ਪੂਰੇ ਮਾਮਲੇ ਦੀ ਹੋਰ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।
- ਆਸ਼ੀਸ਼ ਚੌਧਰੀ, ਪੁਲਿਸ ਇੰਸਪੈਕਟਰ ਜਨਰਲ (ਕਾਊਂਟਰ ਇੰਟੈਲੀਜੈਂਸ)