- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਲੰਧਰ ਤੋਂ ਹਰ ਸਾਲ ਕਰੀਬ 8,000 ਤੋਂ 10,000 ਕਰੋੜ ਰੁਪਏ ਦਾ ਨਿਰਯਾਤ ਹੁੰਦਾ ਹੈ, ਜਦਕਿ ਪੰਜਾਬ ਦੇ ਕੁੱਲ ਜੀਐੱਸਟੀ ਸੰਗ੍ਰਹਿ ਵਿੱਚ ਇਸ ਦਾ 12 ਤੋਂ 15 ਫ਼ੀਸਦੀ ਯੋਗਦਾਨ ਮੰਨਿਆ ਜਾਂਦਾ ਹੈ। ਸ਼ਹਿਰ ਵਿੱਚ 20 ਤੋਂ 25 ਹਜ਼ਾਰ ਛੋਟੇ, ਮੱਧਮ ਅਤੇ ਵੱਡੇ ਉਦਯੋਗ ਸਰਗਰਮ ਹਨ, ਜੋ ਸਿੱਧੇ ਅਤੇ ਅਸਿੱਧੇ ਤੌਰ 'ਤੇ ਕਰੀਬ ਚਾਰ ਲੱਖ ਲੋਕਾਂ ਨੂੰ ਰੁਜ਼ਗਾਰ ਦਿੰਦੇ ਹਨ। ਦੇਸ਼ ਦੇ ਕੁੱਲ ਖੇਡਾਂ ਦੇ ਸਾਮਾਨ ਦਾ ਵੱਡਾ ਹਿੱਸਾ ਵੀ ਜਲੰਧਰ ਵਿੱਚ ਹੀ ਤਿਆਰ ਹੁੰਦਾ ਹੈ।

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ ਜਲੰਧਰ : ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਮੰਨੇ ਜਾਂਦੇ ਜਲੰਧਰ ਦੇ ਉਦਯੋਗਿਕ ਖੇਤਰ ਸਰਕਾਰੀ ਅਣਦੇਖੀ ਕਾਰਨ ਬਦਹਾਲੀ ਦਾ ਸ਼ਿਕਾਰ ਹਨ। ਇੱਕ ਪਾਸੇ ਇੱਥੋਂ ਬਣਿਆ ਖੇਡਾਂ ਦਾ ਸਾਮਾਨ, ਹੈਂਡ ਟੂਲਜ਼, ਲੈਦਰ ਅਤੇ ਪਾਈਪ ਫਿਟਿੰਗਸ ਦੁਨੀਆ ਦੇ ਕਈ ਦੇਸ਼ਾਂ ਵਿੱਚ ਨਿਰਯਾਤ ਹੋ ਰਹੇ ਹਨ, ਦੂਜੇ ਪਾਸੇ ਫੋਕਲ ਪੁਆਇੰਟ ਦੀਆਂ ਟੁੱਟੀਆਂ ਸੜਕਾਂ, ਓਵਰਫਲੋਅ ਸੀਵਰੇਜ, ਗੰਦਗੀ ਅਤੇ ਸੁਰੱਖਿਆ ਦੀ ਘਾਟ ਉਦਯੋਗਪਤੀਆਂ ਲਈ ਵੱਡੀ ਸਮੱਸਿਆ ਬਣੀ ਹੋਈ ਹੈ। ਅਰਬਾਂ ਰੁਪਏ ਦਾ ਜੀਐੱਸਟੀ ਸਰਕਾਰੀ ਖ਼ਜ਼ਾਨੇ ਵਿੱਚ ਦੇਣ ਦੇ ਬਾਵਜੂਦ ਉਦਯੋਗਿਕ ਖੇਤਰਾਂ ਨੂੰ ਬੁਨਿਆਦੀ ਸਹੂਲਤਾਂ ਵੀ ਨਸੀਬ ਨਹੀਂ ਹੋ ਰਹੀਆਂ।
ਜਲੰਧਰ ਤੋਂ ਹਰ ਸਾਲ ਕਰੀਬ 8,000 ਤੋਂ 10,000 ਕਰੋੜ ਰੁਪਏ ਦਾ ਨਿਰਯਾਤ ਹੁੰਦਾ ਹੈ, ਜਦਕਿ ਪੰਜਾਬ ਦੇ ਕੁੱਲ ਜੀਐੱਸਟੀ ਸੰਗ੍ਰਹਿ ਵਿੱਚ ਇਸ ਦਾ 12 ਤੋਂ 15 ਫ਼ੀਸਦੀ ਯੋਗਦਾਨ ਮੰਨਿਆ ਜਾਂਦਾ ਹੈ। ਸ਼ਹਿਰ ਵਿੱਚ 20 ਤੋਂ 25 ਹਜ਼ਾਰ ਛੋਟੇ, ਮੱਧਮ ਅਤੇ ਵੱਡੇ ਉਦਯੋਗ ਸਰਗਰਮ ਹਨ, ਜੋ ਸਿੱਧੇ ਅਤੇ ਅਸਿੱਧੇ ਤੌਰ 'ਤੇ ਕਰੀਬ ਚਾਰ ਲੱਖ ਲੋਕਾਂ ਨੂੰ ਰੁਜ਼ਗਾਰ ਦਿੰਦੇ ਹਨ। ਦੇਸ਼ ਦੇ ਕੁੱਲ ਖੇਡਾਂ ਦੇ ਸਾਮਾਨ ਦਾ ਵੱਡਾ ਹਿੱਸਾ ਵੀ ਜਲੰਧਰ ਵਿੱਚ ਹੀ ਤਿਆਰ ਹੁੰਦਾ ਹੈ।
ਬਦਹਾਲ ਸੜਕਾਂ ਤੇ ਸੀਵਰੇਜ ਨੇ ਵਧਾਈ ਮੁਸ਼ਕਲ
ਪੁਰਾਣੇ ਫੋਕਲ ਪੁਆਇੰਟ, ਫੋਕਲ ਪੁਆਇੰਟ ਐਕਸਟੈਂਸ਼ਨ, ਲੈਦਰ ਕੰਪਲੈਕਸ ਅਤੇ ਸਰਜੀਕਲ ਕੰਪਲੈਕਸ ਦੀਆਂ ਮੁੱਖ ਅਤੇ ਅੰਦਰੂਨੀ ਸੜਕਾਂ ਖੱਡਿਆਂ ਵਿੱਚ ਤਬਦੀਲ ਹੋ ਚੁੱਕੀਆਂ ਹਨ। ਓਵਰਫਲੋਅ ਸੀਵਰੇਜ ਦਾ ਕੈਮੀਕਲ ਯੁਕਤ ਪਾਣੀ ਸੜਕਾਂ 'ਤੇ ਖੜ੍ਹਾ ਰਹਿੰਦਾ ਹੈ ਅਤੇ ਹਲਕੀ ਬਾਰਿਸ਼ ਵੀ ਹਾਲਾਤ ਹੋਰ ਵਿਗਾੜ ਦਿੰਦੀ ਹੈ। ਕਈ ਵਾਰ ਟਰੱਕ ਅਤੇ ਕੰਟੇਨਰ ਖੱਡਿਆਂ ਕਾਰਨ ਪਲਟ ਜਾਂਦੇ ਹਨ, ਜਿਸ ਨਾਲ ਲੱਖਾਂ ਰੁਪਏ ਦਾ ਮਾਲ ਨੁਕਸਾਨੀ ਹੋ ਜਾਂਦਾ ਹੈ।
ਵਿਦੇਸ਼ੀ ਖਰੀਦਦਾਰਾਂ 'ਤੇ ਵੀ ਪੈ ਰਿਹਾ ਅਸਰ
ਉਦਯੋਗਪਤੀਆਂ ਦਾ ਕਹਿਣਾ ਹੈ ਕਿ ਵਿਦੇਸ਼ੀ ਖਰੀਦਦਾਰ ਜਦੋਂ ਫੈਕਟਰੀਆਂ ਦਾ ਦੌਰਾ ਕਰਨ ਆਉਂਦੇ ਹਨ ਤਾਂ ਬਾਹਰ ਦੀ ਬਦਹਾਲ ਹਾਲਤ ਦੇਖ ਕੇ ਨਕਾਰਾਤਮਕ ਪ੍ਰਭਾਵ ਲੈ ਕੇ ਜਾਂਦੇ ਹਨ। ਕਈ ਵਾਰ ਇਸ ਕਾਰਨ ਆਰਡਰਾਂ 'ਤੇ ਵੀ ਅਸਰ ਪੈਂਦਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਪੀਐਸਆਈਈਸੀ ਤੋਂ ਰੱਖ-ਰਖਾਅ ਦਾ ਕੰਮ ਨਗਰ ਨਿਗਮ ਨੂੰ ਸੌਂਪਣ ਤੋਂ ਬਾਅਦ ਹਾਲਾਤ ਹੋਰ ਵਿਗੜ ਗਏ ਹਨ। ਪ੍ਰਾਪਰਟੀ ਟੈਕਸ ਅਤੇ ਹੋਰ ਚਾਰਜ ਅਦਾ ਕਰਨ ਦੇ ਬਾਵਜੂਦ ਸਫ਼ਾਈ, ਸਟ੍ਰੀਟ ਲਾਈਟਾਂ ਅਤੇ ਸੁਰੱਖਿਆ ਵਰਗੀਆਂ ਸਹੂਲਤਾਂ ਨਹੀਂ ਮਿਲ ਰਹੀਆਂ।
ਰਾਤ ਵੇਲੇ ਅਸੁਰੱਖਿਆ ਦਾ ਮਾਹੌਲ
ਫੋਕਲ ਪੁਆਇੰਟਾਂ ਵਿੱਚ ਰਾਤ ਸਮੇਂ ਸਟ੍ਰੀਟ ਲਾਈਟਾਂ ਨਾ ਹੋਣ ਕਾਰਨ ਹਨੇਰਾ ਛਾਇਆ ਰਹਿੰਦਾ ਹੈ। ਉਦਯੋਗਪਤੀਆਂ ਅਨੁਸਾਰ ਇਸ ਕਾਰਨ ਲੁੱਟ-ਖੋਹ ਦੀਆਂ ਘਟਨਾਵਾਂ ਵਧੀਆਂ ਹਨ ਅਤੇ ਕਈ ਪ੍ਰਵਾਸੀ ਮਜ਼ਦੂਰ ਰਾਤ ਦੀ ਸ਼ਿਫਟ ਵਿੱਚ ਕੰਮ ਕਰਨ ਤੋਂ ਵੀ ਕਤਰਾਉਣ ਲੱਗੇ ਹਨ, ਜਿਸ ਦਾ ਸਿੱਧਾ ਅਸਰ ਉਤਪਾਦਨ 'ਤੇ ਪੈ ਰਿਹਾ ਹੈ।
ਫੋਕਲ ਪੁਆਇੰਟ ਮਾਰਕੀਟ ਦੀ ਸੜਕ ਜਿਸਨੇ ਝੀਲ ਦਾ ਰੂਪ ਧਾਰਿਆ
ਉਦਯੋਗਪਤੀਆਂ ਦੀ ਮੰਗ
ਜਲੰਧਰ ਫੋਕਲ ਪੁਆਇੰਟ ਐਕਸਟੈਂਸ਼ਨ ਐਸੋਸੀਏਸ਼ਨ ਅਤੇ ਯੂਨਾਈਟਿਡ ਫੋਰਮ ਆਫ ਇੰਡਸਟਰੀ ਐਂਡ ਟਰੇਡਜ਼ ਦੇ ਪ੍ਰਧਾਨ ਨਰਿੰਦਰ ਸਿੰਘ ਸੱਗੂ ਨੇ ਕਿਹਾ ਕਿ ਇਕੱਲੇ ਫੋਕਲ ਪੁਆਇੰਟ ਐਕਸਟੈਂਸ਼ਨ ਦੀਆਂ ਕਰੀਬ 550 ਫੈਕਟਰੀਆਂ ਤੋਂ 3,000 ਕਰੋੜ ਰੁਪਏ ਤੋਂ ਵੱਧ ਦਾ ਐਕਸਪੋਰਟ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਿਰਫ਼ ਚੰਗੀਆਂ ਸੜਕਾਂ, ਸੁਚੱਜੀ ਨਿਕਾਸੀ, ਨਿਰਵਿਘਨ ਬਿਜਲੀ ਅਤੇ ਸੁਰੱਖਿਆ ਵਰਗੀਆਂ ਬੁਨਿਆਦੀ ਸਹੂਲਤਾਂ ਯਕੀਨੀ ਬਣਾਉਣੀਆਂ ਚਾਹੀਦੀਆਂ ਹਨ ਤਾਂ ਜੋ ਜਲੰਧਰ ਦੀ ਇੰਡਸਟਰੀ ਗਲੋਬਲ ਬਾਜ਼ਾਰ ਵਿੱਚ ਮੁਕਾਬਲੇਯੋਗ ਬਣੀ ਰਹੇ।
ਨਰਿੰਦਰ ਸਿੰਘ ਸੱਗੂ
ਜਲੰਧਰ ਇੰਡਸਟਰੀ ਇੱਕ ਨਜ਼ਰ ਵਿੱਚ
ਸਾਲਾਨਾ ਐਕਸਪੋਰਟ: ₹8,000-10,000 ਕਰੋੜ
ਜੀਐੱਸਟੀ ਵਿੱਚ ਹਿੱਸੇਦਾਰੀ: 12-15%
ਸਰਗਰਮ ਉਦਯੋਗ: 20,000-25,000
ਰੁਜ਼ਗਾਰ: 3.5-4 ਲੱਖ ਲੋਕ
ਫੋਕਲ ਪੁਆਇੰਟ ਐਕਸਟੈਂਸ਼ਨ ਵਿੱਚ ਕਰੀਬ 550 ਫੈਕਟਰੀਆਂ, ਜਿੱਥੋਂ ₹3,000 ਕਰੋੜ ਤੋਂ ਵੱਧ ਦਾ ਐਕਸਪੋਰਟ ਹੁੰਦਾ ਹੈ।