- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਭਾਗੀ ਪ੍ਰਕਿਰਿਆ ਅਨੁਸਾਰ ਬਿਨੈਕਾਰ ਵੱਲੋਂ ਜਮ੍ਹਾਂ ਕਰਵਾਏ ਅਸਲ ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਆਨਲਾਈਨ ਅਪਲੋਡ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਆਰਟੀਓ ਜਾਂ ਐੱਸਡੀਐੱਮ ਦਫ਼ਤਰ ਦੇ ਸੰਬੰਧਤ ਕਰਮਚਾਰੀਆਂ ਵੱਲੋਂ ਆਨਲਾਈਨ ਤਸਦੀਕ ਕੀਤੀ ਜਾਂਦੀ ਹੈ।

ਲਖਬੀਰ, ਪੰਜਾਬੀ ਜਾਗਰਣ, ਜਲੰਧਰ: ਟਰਾਂਸਪੋਰਟ ਵਿਭਾਗ ਨਾਲ ਸੰਬੰਧਤ ਕਈ ਸੇਵਾਵਾਂ ਲਈ ਲੋਕਾਂ ਨੂੰ ਆਰਟੀਓ ਜਾਂ ਐਸਡੀਐਮ ਦਫਤਰਾਂ ਦੇ ਵਾਰ-ਵਾਰ ਚੱਕਰ ਲਗਾਉਣ ਦੀ ਲੋੜ ਨਾ ਪਵੇ, ਇਸ ਲਈ ਵਿਭਾਗੀ ਹਦਾਇਤਾਂ ਅਨੁਸਾਰ ਕਈ ਸੇਵਾਵਾਂ ਸੇਵਾ ਕੇਂਦਰਾਂ ਰਾਹੀਂ ਵੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਦਸਤਾਵੇਜ਼ਾਂ ਦੀ ਜਾਂਚ ਤੋਂ ਲੈ ਕੇ ਆਨਲਾਈਨ ਅਪਲੋਡ ਅਤੇ ਕਮੀ ਹੋਣ ਦੀ ਸੂਰਤ ‘ਚ ਮੁੜ ਦਸਤਾਵੇਜ਼ ਅਪਲੋਡ ਕਰਨ ਦੀ ਸਹੂਲਤ ਵੀ ਦਿੱਤੀ ਗਈ ਹੈ। ਦਸਤਾਵੇਜ਼ ਦੁਬਾਰਾ ਅਪਲੋਡ ਕਰਨ ਲਈ ਵੱਖਰੀ ਫੀਸ ਨਾ ਲੈਣ ਦੀ ਹਦਾਇਤ ਵੀ ਲਾਗੂ ਹੈ। ਵਿਭਾਗੀ ਪ੍ਰਕਿਰਿਆ ਅਨੁਸਾਰ ਬਿਨੈਕਾਰ ਵੱਲੋਂ ਜਮ੍ਹਾਂ ਕਰਵਾਏ ਅਸਲ ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਆਨਲਾਈਨ ਅਪਲੋਡ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਆਰਟੀਓ ਜਾਂ ਐੱਸਡੀਐੱਮ ਦਫ਼ਤਰ ਦੇ ਸੰਬੰਧਤ ਕਰਮਚਾਰੀਆਂ ਵੱਲੋਂ ਆਨਲਾਈਨ ਤਸਦੀਕ ਕੀਤੀ ਜਾਂਦੀ ਹੈ। ਜੇਕਰ ਕਿਸੇ ਦਸਤਾਵੇਜ਼ ‘ਚ ਕੋਈ ਕਮੀ ਪਾਈ ਜਾਂਦੀ ਹੈ ਤਾਂ ਬਿਨੈਕਾਰ ਨੂੰ ਉਸਨੂੰ ਆਨਲਾਈਨ ਜਾਂ ਸੇਵਾ ਕੇਂਦਰ ਰਾਹੀਂ ਮੁੜ ਜਮ੍ਹਾਂ ਕਰਵਾਉਣ ਦਾ ਮੌਕਾ ਮਿਲਦਾ ਹੈ। ਇਸ ਪ੍ਰਬੰਧ ਤਹਿਤ ਲਰਨਰ ਲਾਇਸੈਂਸ, ਡਰਾਈਵਿੰਗ ਲਾਇਸੈਂਸ, ਰਜਿਸਟ੍ਰੇਸ਼ਨ ਸਰਟੀਫਿਕੇਟ, ਮਾਲਕੀ ਤਬਦੀਲੀ, ਐਨਓਸੀ, ਫਿਟਨੈੱਸ ਸਰਟੀਫਿਕੇਟ, ਪਰਮਿਟ, ਨੈਸ਼ਨਲ ਪਰਮਿਟ ਸਮੇਤ ਕਈ ਟਰਾਂਸਪੋਰਟ ਸੇਵਾਵਾਂ ਸੇਵਾ ਕੇਂਦਰਾਂ ਰਾਹੀਂ ਲਈਆਂ ਜਾਂਦੀਆਂ ਹਨ। ਬਿਨੈਕਾਰ ਨੂੰ ਸੰਬੰਧਤ ਸੇਵਾ ਦੀ ਸਰਕਾਰੀ ਫੀਸ ਦੇ ਨਾਲ ਸੇਵਾ ਕੇਂਦਰ ਵੱਲੋਂ ਲਾਗੂ ਯੂਜ਼ਰ ਚਾਰਜ ਵੀ ਅਦਾ ਕਰਨਾ ਹੋਵੇਗਾ। --- ਲਾਇਸੈਂਸ ਨਾਲ ਸਬੰਧਤ ਫੀਸ ਲਰਨਰ ਲਾਇਸੈਂਸ ਲਈ ਮੋਟਰਸਾਈਕਲ ਸਮੇਤ ਗੇਅਰ ਦੀ ਸਰਕਾਰੀ ਫੀਸ 370 ਰੁਪਏ, ਜਦਕਿ ਹਲਕੇ ਮੋਟਰ ਵਾਹਨ ਲਈ 520 ਰੁਪਏ ਹੈ ਅਤੇ ਸੇਵਾ ਕੇਂਦਰ ਚਾਰਜ 125 ਰੁਪਏ ਹੈ। ਲਰਨਰ ਲਾਇਸੈਂਸ ਵਿੱਚ ਪਤਾ ਬਦਲਣ ਲਈ 150 ਰੁਪਏ ਅਤੇ ਸੇਵਾ ਕੇਂਦਰ ਚਾਰਜ 100 ਰੁਪਏ, ਨਾਮ ਬਦਲਣ ਲਈ 120 ਰੁਪਏ ਅਤੇ 100 ਰੁਪਏ, ਜਦਕਿ ਡੁਪਲੀਕੇਟ ਲਰਨਰ ਲਾਇਸੈਂਸ ਲਈ 150 ਰੁਪਏ ਅਤੇ 100 ਰੁਪਏ ਚਾਰਜ ਹੈ। ਡਰਾਈਵਿੰਗ ਲਾਇਸੈਂਸ ਦਾ ਡੁਪਲੀਕੇਟ, ਨਵੀਨੀਕਰਨ, ਬਦਲਵਾਂ ਲਾਇਸੈਂਸ ਜਾਂ ਪਤਾ ਬਦਲਣ ਲਈ ਸਰਕਾਰੀ ਫੀਸ 485 ਰੁਪਏ ਅਤੇ ਸੇਵਾ ਕੇਂਦਰ ਚਾਰਜ 100 ਰੁਪਏ ਹੈ। ਡਰਾਈਵਿੰਗ ਲਾਇਸੈਂਸ ਐਕਸਟ੍ਰੈਕਟ ਲਈ 95 ਰੁਪਏ ਅਤੇ ਸੇਵਾ ਕੇਂਦਰ ਚਾਰਜ 100 ਰੁਪਏ ਹੈ। ਵਾਹਨ ਦੀ ਸ਼੍ਰੇਣੀ ਲਾਇਸੈਂਸ ਤੋਂ ਹਟਾਉਣ ਲਈ 270 ਰੁਪਏ ਅਤੇ ਸੇਵਾ ਕੇਂਦਰ ਚਾਰਜ 100 ਰੁਪਏ ਹੈ। ਪੀਐਸਵੀ ਬੈਜ ਲਈ ਵਿਭਾਗੀ ਨਿਯਮਾਂ ਅਨੁਸਾਰ ਫੀਸ ਅਤੇ 100 ਰੁਪਏ ਸੇਵਾ ਕੇਂਦਰ ਚਾਰਜ ਲਾਗੂ ਹੈ। ਕੰਡਕਟਰ ਲਾਇਸੈਂਸ ਦੇ ਨਵੀਨੀਕਰਨ ਲਈ 200 ਰੁਪਏ ਅਤੇ 100 ਰੁਪਏ ਚਾਰਜ ਹੈ, ਜਦਕਿ ਲਰਨਰ ਲਾਇਸੈਂਸ ਦੀ ਮਿਆਦ ਵਧਾਉਣ ਲਈ 420 ਰੁਪਏ ਅਤੇ 100 ਰੁਪਏ ਲਏ ਜਾਂਦੇ ਹਨ। --- ਆਰਸੀ ਅਤੇ ਵਾਹਨ ਸੰਬੰਧੀ ਸੇਵਾਵਾਂ ਦੋਪਹੀਆ ਵਾਹਨ ਦੀ ਡੁਪਲੀਕੇਟ ਆਰਸੀ ਲਈ 585 ਰੁਪਏ, ਚਾਰਪਹੀਆ ਵਾਹਨ ਲਈ 785 ਰੁਪਏ ਅਤੇ ਸੇਵਾ ਕੇਂਦਰ ਚਾਰਜ 100 ਰੁਪਏ ਹੈ। ਆਰਸੀ ਲਈ ਕੋਈ ਇਤਰਾਜ਼ ਨਹੀਂ ਸਰਟੀਫਿਕੇਟ ਲੈਣ ਵਾਸਤੇ 100 ਰੁਪਏ ਸੇਵਾ ਕੇਂਦਰ ਚਾਰਜ ਹੈ। ਆਰਸੀ ‘ਚ ਪਤਾ ਬਦਲਣ ਲਈ ਸਰਕਾਰੀ ਫੀਸ 745 ਰੁਪਏ ਅਤੇ ਸੇਵਾ ਕੇਂਦਰ ਚਾਰਜ 100 ਰੁਪਏ ਹੈ, ਜਦਕਿ ਆਰਸੀ ਦੀ ਜਾਣਕਾਰੀ ਵੇਖਣ ਲਈ 200 ਰੁਪਏ ਅਤੇ 100 ਰੁਪਏ ਚਾਰਜ ਹੈ। ਗੈਰ ਟਰਾਂਸਪੋਰਟ ਵਾਹਨ ਦੀ ਮਾਲਕੀ ਤਬਦੀਲੀ ਲਈ ਦੋਪਹੀਆ ਵਾਹਨ ਵਾਸਤੇ 835 ਰੁਪਏ, ਜਦਕਿ ਚਾਰਪਹੀਆ ਵਾਹਨ ਲਈ 3,735 ਰੁਪਏ ਸਰਕਾਰੀ ਫੀਸ ਅਤੇ 100 ਰੁਪਏ ਸੇਵਾ ਕੇਂਦਰ ਚਾਰਜ ਹੈ। ਹਾਇਰ-ਪਰਚੇਜ਼ ਐਂਡੋਰਸਮੈਂਟ ਲਈ ਦੋਪਹੀਆ ਵਾਹਨ ਦੀ ਫੀਸ 935 ਰੁਪਏ ਅਤੇ ਚਾਰਪਹੀਆ ਵਾਹਨ ਲਈ 1,935 ਰੁਪਏ ਹੈ, ਇਸ ਦੇ ਨਾਲ 200 ਰੁਪਏ ਸੇਵਾ ਕੇਂਦਰ ਚਾਰਜ ਹੈ। ਮੋਬਾਈਲ ਨੰਬਰ ਅਪਡੇਟ ਕਰਨ ਲਈ ਸਰਕਾਰੀ ਫੀਸ ਨਹੀਂ ਪਰ 100 ਰੁਪਏ ਸੇਵਾ ਕੇਂਦਰ ਚਾਰਜ ਹੈ। --- ਫਿਟਨੈੱਸ ਸਰਟੀਫਿਕੇਟ ਦੀ ਫੀਸ ਡੁਪਲੀਕੇਟ ਫਿਟਨੈੱਸ ਸਰਟੀਫਿਕੇਟ ਲਈ ਸਰਕਾਰੀ ਫੀਸ ਨਹੀਂ, ਜਦਕਿ ਸੇਵਾ ਕੇਂਦਰ ਚਾਰਜ 100 ਰੁਪਏ ਹੈ। ਵਪਾਰਕ ਤਿੰਨ ਪਹੀਆ ਵਾਹਨ, ਚਾਰ ਪਹੀਆਂ ਵਾਲਾ ਹਲਕਾ ਛੋਟਾ ਵਾਹਨ ਅਤੇ ਹਲਕੇ ਮੋਟਰ ਵਾਹਨ ਦੀ ਫਿਟਨੈੱਸ ਲਈ 800 ਰੁਪਏ ਅਤੇ 8 ਸਾਲ ਤੋਂ ਬਾਅਦ ਗ੍ਰੀਨ ਟੈਕਸ 1,500 ਰੁਪਏ ਹੈ। ਮੱਧਮ ਮੋਟਰ ਵਾਹਨ ਲਈ ਵੀ ਫਿਟਨੈੱਸ ਫੀਸ 800 ਰੁਪਏ ਅਤੇ ਗ੍ਰੀਨ ਟੈਕਸ 1,500 ਰੁਪਏ ਹੈ। ਭਾਰੀ ਮੋਟਰ ਵਾਹਨ ਲਈ ਫਿਟਨੈੱਸ ਫੀਸ 1,000 ਰੁਪਏ ਅਤੇ 8 ਸਾਲ ਤੋਂ ਬਾਅਦ ਗ੍ਰੀਨ ਟੈਕਸ 2,500 ਰੁਪਏ ਹੈ। ਇਨ੍ਹਾਂ ਸੇਵਾਵਾਂ ਨਾਲ 100 ਰੁਪਏ ਸੇਵਾ ਕੇਂਦਰ ਚਾਰਜ ਲਾਗੂ ਹੈ। --- ਪਰਮਿਟ ਸੇਵਾਵਾਂ ਲਈ ਵੀ ਸੇਵਾ ਕੇਂਦਰ ਰਾਹੀਂ ਸਹੂਲਤ ਪਰਮਿਟ ਨਾਲ ਸੰਬੰਧਤ ਫ੍ਰੈਸ਼ ਪਰਮਿਟ, ਨਵੀਨੀਕਰਨ, ਡੁਪਲੀਕੇਟ ਪਰਮਿਟ, ਪਰਮਿਟ ਨਾਨ-ਯੂਜ਼ ਇੰਟੀਮੇਸ਼ਨ, ਪਰਮਿਟ ਤਹਿਤ ਵਾਹਨ ਚਲਾਉਣ ਦੀ ਮਨਜ਼ੂਰੀ ਦੇ ਨਵੀਨੀਕਰਨ, ਵਾਹਨ ਵਿੱਚ ਤਬਦੀਲੀ ਕਰਵਾਉਣਾ (ਅਲਟਰੇਸ਼ਨ), ਵਾਹਨ ਦੀ ਸ਼੍ਰੇਣੀ/ ਵਰਤੋਂ ਬਦਲਣ (ਕਨਵਰਜ਼ਨ), ਕਾਗਜ਼ੀ ਆਰਸੀ ਤੋਂ ਸਮਾਰਟ ਕਾਰਡ, ਪਰਮਿਟ ਨੂੰ ਪੱਕੇ ਤੌਰ ’ਤੇ ਵਾਪਸ ਕਰਨ (ਪਰਮਾਨੈਂਟ ਸਰੈਂਡਰ ਪਰਮਿਟ) ਅਤੇ ਨੈਸ਼ਨਲ ਪਰਮਿਟ ਤਹਿਤ ਵਾਹਨ ਚਲਾਉਣ ਦੀ ਮਨਜ਼ੂਰੀ (ਨੈਸ਼ਨਲ ਪਰਮਿਟ ਆਥਰਾਈਜ਼ੇਸ਼ਨ) ਵਰਗੀਆਂ ਸੇਵਾਵਾਂ ਵੀ ਸ਼ਾਮਲ ਹਨ। ਡੁਪਲੀਕੇਟ ਪਰਮਿਟ ਲਈ 300 ਰੁਪਏ ਸਰਕਾਰੀ ਫੀਸ ਅਤੇ 200 ਰੁਪਏ ਸੇਵਾ ਕੇਂਦਰ ਚਾਰਜ, ਨਾਨ-ਯੂਜ਼ ਇੰਟੀਮੇਸ਼ਨ ਲਈ ਸਰਕਾਰੀ ਫੀਸ ਨਹੀਂ ਅਤੇ 200 ਰੁਪਏ ਚਾਰਜ, ਨਵੀਨੀਕਰਨ ਆਥਰਾਈਜ਼ੇਸ਼ਨ ਲਈ 1,170 ਰੁਪਏ ਅਤੇ 200 ਰੁਪਏ, ਅਲਟਰੇਸ਼ਨ ਲਈ 735 ਰੁਪਏ ਅਤੇ 100 ਰੁਪਏ, ਕਨਵਰਜ਼ਨ ਲਈ 2,360 ਰੁਪਏ ਅਤੇ 523 ਰੁਪਏ, ਜਦਕਿ ਨੈਸ਼ਨਲ ਪਰਮਿਟ ਆਥਰਾਈਜ਼ੇਸ਼ਨ ਲਈ 500 ਰੁਪਏ ਅਤੇ 200 ਰੁਪਏ ਸੇਵਾ ਕੇਂਦਰ ਚਾਰਜ ਹੈ। ਇਸ ਤੋਂ ਇਲਾਵਾ ਹਾਇਰ-ਪਰਚੇਜ਼ ਦੀ ਕੰਟੀਨਿਊਏਸ਼ਨ ਲਈ ਦੋਪਹੀਆ ਵਾਹਨ ਵਾਸਤੇ 500 ਰੁਪਏ ਤੇ ਚਾਰਪਹੀਆ ਵਾਹਨ ਲਈ 1,500 ਰੁਪਏ ਸਰਕਾਰੀ ਫੀਸ ਨਾਲ 100 ਰੁਪਏ ਸੇਵਾ ਕੇਂਦਰ ਚਾਰਜ ਹੈ। ਕਾਗਜ਼ੀ ਆਰਸੀ ਨੂੰ ਸਮਾਰਟ ਕਾਰਡ ’ਚ ਤਬਦੀਲ ਕਰਨ ਲਈ 435 ਰੁਪਏ ਅਤੇ 100 ਰੁਪਏ ਚਾਰਜ ਹੈ। ਨੈਸ਼ਨਲ ਪਰਮਿਟ ਆਥਰਾਈਜ਼ੇਸ਼ਨ ਦੀ ਪ੍ਰਿੰਟ ਕਾਪੀ ਲਈ 500 ਰੁਪਏ ਅਤੇ 200 ਰੁਪਏ ਸੇਵਾ ਕੇਂਦਰ ਚਾਰਜ ਲਾਗੂ ਹੈ। ਉਪਰੋਕਤ ਵੇਰਵੇ ਵਿਭਾਗੀ ਸੂਚਨਾ ’ਚ ਦਰਜ ਫੀਸਾਂ ਦੇ ਆਧਾਰ ’ਤੇ ਤਿਆਰ ਕੀਤੇ ਗਏ ਹਨ।