- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਟੀਸ਼ਨ ਅਨੁਸਾਰ ਮੈਸਰਜ਼ ਆਈਐੱਸਡੀ ਇਨਫਰਾਸਟਰੱਕਚਰ ਐੱਲਐੱਲਪੀ ਅਤੇ ਇਸ ਦੀ ਇਕਾਈ ਮੈਸਰਜ਼ ਆਈਐੱਸਡੀ ਬਾਇਓ ਫਿਊਲਜ਼ ਐੱਲਐੱਲਪੀ ਸੱਤ ਏਕੜ ਵਿੱਚ ਪਲਾਂਟ ਲਗਾ ਰਹੀਆਂ ਹਨ। ਇੱਥੇ ਰੋਜ਼ਾਨਾ 140 ਮੀਟ੍ਰਿਕ ਟਨ ਪ੍ਰੈੱਸਮੱਡ, ਗੋਬਰ ਤੇ ਹੋਰ ਜੈਵਿਕ ਰਹਿੰਦ-ਖੂੰਹਦ ਦੀ ਪ੍ਰੋਸੈਸਿੰਗ ਹੋਵੇਗੀ। ਇਸ ਨਾਲ ਬਾਇਓਗੈਸ ਤੋਂ ਇਲਾਵਾ 120 ਮੀਟ੍ਰਿਕ ਟਨ ਅਰਧ-ਠੋਸ ਅਤੇ 1,000 ਕਿਲੋਲੀਟਰ ਤਰਲ ਸਲਰੀ ਪੈਦਾ ਹੋਵੇਗੀ।

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਭੋਗਪੁਰ ਸਹਿਕਾਰੀ ਖੰਡ ਮਿੱਲ ਵਿੱਚ ਲੱਗ ਰਹੇ ਕੰਪਰੈੱਸਡ ਬਾਇਓਗੈਸ ਪਲਾਂਟ ਵਿਰੁੱਧ ਪਟੀਸ਼ਨ ’ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਨੇ ਸਬੰਧਤ ਧਿਰਾਂ ਨੂੰ ਨੋਟਿਸ ਜਾਰੀ ਕੀਤੇ ਹਨ। ‘ਲਵਦੀਪ ਸਿੰਘ ਤੇ ਹੋਰ ਬਨਾਮ ਪੰਜਾਬ ਰਾਜ ਤੇ ਹੋਰ’ ਮਾਮਲੇ ਵਿੱਚ ਪਟੀਸ਼ਨਰਾਂ ਨੇ ਵਾਤਾਵਰਣ ਨਿਯਮਾਂ ਦੀ ਕਥਿਤ ਉਲੰਘਣਾ ਅਤੇ ਰਿਹਾਇਸ਼ੀ ਇਲਾਕਿਆਂ ਦੀ ਨੇੜਤਾ ’ਤੇ ਇਤਰਾਜ਼ ਉਠਾਇਆ ਹੈ। ਸੁਣਵਾਈ ਚੇਅਰਪਰਸਨ ਜਸਟਿਸ ਪ੍ਰਕਾਸ਼ ਸ੍ਰੀਵਾਸਤਵ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਬੈਂਚ ਨੇ ਕੀਤੀ।
ਪਟੀਸ਼ਨ ਅਨੁਸਾਰ ਮੈਸਰਜ਼ ਆਈਐੱਸਡੀ ਇਨਫਰਾਸਟਰੱਕਚਰ ਐੱਲਐੱਲਪੀ ਅਤੇ ਇਸ ਦੀ ਇਕਾਈ ਮੈਸਰਜ਼ ਆਈਐੱਸਡੀ ਬਾਇਓ ਫਿਊਲਜ਼ ਐੱਲਐੱਲਪੀ ਸੱਤ ਏਕੜ ਵਿੱਚ ਪਲਾਂਟ ਲਗਾ ਰਹੀਆਂ ਹਨ। ਇੱਥੇ ਰੋਜ਼ਾਨਾ 140 ਮੀਟ੍ਰਿਕ ਟਨ ਪ੍ਰੈੱਸਮੱਡ, ਗੋਬਰ ਤੇ ਹੋਰ ਜੈਵਿਕ ਰਹਿੰਦ-ਖੂੰਹਦ ਦੀ ਪ੍ਰੋਸੈਸਿੰਗ ਹੋਵੇਗੀ। ਇਸ ਨਾਲ ਬਾਇਓਗੈਸ ਤੋਂ ਇਲਾਵਾ 120 ਮੀਟ੍ਰਿਕ ਟਨ ਅਰਧ-ਠੋਸ ਅਤੇ 1,000 ਕਿਲੋਲੀਟਰ ਤਰਲ ਸਲਰੀ ਪੈਦਾ ਹੋਵੇਗੀ।
ਪਟੀਸ਼ਨਰਾਂ ਨੇ ਸੀਪੀਸੀਬੀ ਦੇ ਮਾਰਚ 2022 ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਦਾ ਦੋਸ਼ ਲਾਇਆ ਹੈ। ਇਨ੍ਹਾਂ ਮੁਤਾਬਕ ਕੰਪੋਸਟਿੰਗ ਸਹੂਲਤ ਰਿਹਾਇਸ਼ੀ ਇਲਾਕੇ ਤੋਂ 300 ਮੀਟਰ ਅਤੇ ਖੂਹ ਜਾਂ ਜਲ ਸਰੋਤ ਤੋਂ 100 ਮੀਟਰ ਦੂਰ ਹੋਣੀ ਚਾਹੀਦੀ ਹੈ। ਦਾਅਵਾ ਕੀਤਾ ਗਿਆ ਹੈ ਕਿ ਪਲਾਂਟ ਦੀ ਪੂਰਬੀ ਚਾਰਦੀਵਾਰੀ ਤੋਂ 100 ਮੀਟਰ ਅਤੇ ਉੱਤਰੀ ਸੀਮਾ ਤੋਂ 157 ਮੀਟਰ ਦੂਰ ਆਬਾਦੀ ਹੈ। ਨੇੜੇ ਸਕੂਲ, ਗੁਰਦੁਆਰਾ, ਮੰਦਰ, ਪੈਟਰੋਲ ਪੰਪ ਤੇ ਕਲੋਨੀਆਂ ਹੋਣ ਕਾਰਨ ਲੋਕਾਂ ਦੀ ਸਿਹਤ ਅਤੇ ਵਾਤਾਵਰਣ ’ਤੇ ਮਾੜੇ ਅਸਰ ਦਾ ਖ਼ਦਸ਼ਾ ਵੀ ਜਤਾਇਆ ਗਿਆ ਹੈ।
ਇਸ ਤੋਂ ਪਹਿਲਾਂ ਪਟੀਸ਼ਨਰਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਜਨਹਿੱਤ ਪਟੀਸ਼ਨ ਦਾਇਰ ਕੀਤੀ ਸੀ। ਹਾਈ ਕੋਰਟ ਨੇ 24 ਸਤੰਬਰ 2026 ਨੂੰ ਇਸ ਦਾ ਨਿਪਟਾਰਾ ਕਰਦਿਆਂ ਐਨਜੀਟੀ ਕੋਲ ਜਾਣ ਦੀ ਛੋਟ ਦਿੱਤੀ ਸੀ।
ਪ੍ਰਤੀਵਾਦੀ ਕੰਪਨੀਆਂ ਨੇ ਚਾਰ ਹਫ਼ਤਿਆਂ ਵਿੱਚ ਜਵਾਬ ਦਾਖ਼ਲ ਕਰਨ ਲਈ ਸਮਾਂ ਮੰਗਿਆ ਹੈ। ਐਨਜੀਟੀ ਨੇ ਪਟੀਸ਼ਨਰਾਂ ਨੂੰ ਬਾਕੀ ਧਿਰਾਂ ’ਤੇ ਨੋਟਿਸ ਤਾਮੀਲ ਕਰਵਾ ਕੇ ਅਗਲੀ ਸੁਣਵਾਈ ਤੋਂ ਘੱਟੋ-ਘੱਟ ਇਕ ਹਫ਼ਤਾ ਪਹਿਲਾਂ ਹਲਫ਼ਨਾਮਾ ਦਾਖ਼ਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਗਲੀ ਸੁਣਵਾਈ 16 ਫਰਵਰੀ 2027 ਨੂੰ ਹੋਵੇਗੀ।