ਸਾਵਧਾਨ ! PG ਮਾਲਕਾਂ ਲਈ ਜਾਰੀ ਹੋ ਗਏ ਨਵੇਂ ਦਿਸ਼ਾ-ਨਿਰਦੇਸ਼, ਹੁੱਲੜਬਾਜ਼ੀ ਕਰਨ ਵਾਲਿਆਂ 'ਤੇ ਹੋਵੇਗੀ ਸਖ਼ਤ ਕਾਰਵਾਈ
ਮੀਟਿੰਗ ਦੇ ਅਖੀਰ ਵਿੱਚ ਚੌਂਕੀ ਇੰਚਾਰਜ ਨੇ ਪੀ.ਜੀ. ਮਾਲਕਾਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਰਾਤ 10 ਵਜੇ ਤੋਂ ਬਾਅਦ ਜੇਕਰ ਕੋਈ ਵੀ ਵਿਅਕਤੀ ਬਾਹਰ ਹੁੱਲੜਬਾਜ਼ੀ ਕਰਦਾ ਫੜਿਆ ਗਿਆ, ਤਾਂ ਉਸ ਵਿਰੁੱਧ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਦਿਆਂ ਪਰਚਾ ਦਰਜ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਸਭ ਲਈ ਸਬੰਧਤ ਪੀ.ਜੀ. ਮਾਲਕ ਹੀ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ।
Publish Date: Fri, 25 Sep 2026 04:02 PM (IST)
Updated Date: Fri, 25 Sep 2026 04:04 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ ਕਿਸ਼ਨਗੜ੍ਹ : ਜਲੰਧਰ ਪੁਲਿਸ ਦਿਹਾਤੀ ਦੇ ਥਾਣਾ ਕਰਤਾਰਪੁਰ ਅਧੀਨ ਆਉਂਦੀ ਪੁਲਿਸ ਚੌਂਕੀ ਕਿਸ਼ਨਗੜ੍ਹ ਦੇ ਇੰਚਾਰਜ ਹਰਦੀਪ ਸਿੰਘ ਵੱਲੋਂ ਇਲਾਕੇ ਦੇ ਪੀ.ਜੀ. (ਪੇਇੰਗ ਗੈਸਟ) ਮਾਲਕਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿੱਚ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣ ਲਈ ਜ਼ਰੂਰੀ ਗਾਈਡਲਾਈਨਜ਼ ਅਤੇ ਹਤਾਇਦਾਂ ਸਮਝਾਈਆਂ ਗਈਆਂ। ਇਸ ਮੀਟਿੰਗ ਦੌਰਾਨ ਪੁਲਸ ਪ੍ਰਸ਼ਾਸਨ ਵੱਲੋਂ ਪੀ.ਜੀ. ਮਾਲਕਾਂ ਨੂੰ ਹਫ਼ਤਾਵਾਰੀ ਚੈਕਿੰਗ ਅਤੇ ਰਹਿਣ ਵਾਲੇ ਵਿਦਿਆਰਥੀਆਂ ਦੀ ਸੁਰੱਖਿਆ ਸਬੰਧੀ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ।
ਚੌਂਕੀ ਇੰਚਾਰਜ ਹਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਹਫਤੇ ਪੁਲਿਸ ਵੱਲੋਂ ਕਿਸ਼ਨਗੜ੍ਹ ਵਿਖੇ ਸਥਿਤ ਸਾਰੇ ਪੀ.ਜੀ. ਦੀ ਚੈਕਿੰਗ ਕੀਤੀ ਜਾਵੇਗੀ। ਕੁੜੀਆਂ ਦੇ ਪੀ.ਜੀ. ਵਿੱਚ ਲੇਡੀਜ਼ ਪੁਲਸ ਕਰਮਚਾਰੀ ਅਤੇ ਮੁੰਡਿਆਂ ਦੇ ਪੀ.ਜੀ. ਵਿੱਚ ਜੈਂਟਸ ਪੁਲਸ ਮੁਲਾਜ਼ਮ ਚੈਕਿੰਗ ਕਰਨਗੇ। ਇਸ ਤੋਂ ਇਲਾਵਾ ਹਰ ਇੱਕ ਪੀ.ਜੀ. ਦੇ ਅੰਦਰ ਜ਼ਰੂਰੀ ਨਿਯਮਾਂ ਦਾ ਨੋਟਿਸ ਲਗਾਇਆ ਜਾਵੇਗਾ। ਨਵੇਂ ਨਿਯਮਾਂ ਮੁਤਾਬਕ ਰਾਤ 9:30 ਵਜੇ ਤੋਂ ਬਾਅਦ ਕੁੜੀਆਂ ਅਤੇ ਰਾਤ 10:00 ਵਜੇ ਤੋਂ ਬਾਅਦ ਮੁੰਡਿਆਂ ਦੇ ਬਾਹਰ ਘੁੰਮਣ 'ਤੇ ਪਾਬੰਦੀ ਹੋਵੇਗੀ। ਜੇਕਰ ਕੋਈ ਵਿਦਿਆਰਥੀ ਜਾਂ ਕਿਰਾਏਦਾਰ ਬੀਮਾਰ ਹੁੰਦਾ ਹੈ, ਤਾਂ ਉਸ ਨੂੰ ਪਹਿਲਾਂ ਸੂਚਿਤ ਕਰਕੇ ਹੀ ਬਾਹਰ ਜਾਣ ਦੀ ਇਜਾਜ਼ਤ ਮਿਲੇਗੀ।
ਇਸ ਤੋਂ ਇਲਾਵਾ, ਪੀ.ਜੀ. ਵਿੱਚ ਰਹਿ ਰਹੇ ਸਾਰੇ ਕਿਰਾਏਦਾਰਾਂ ਅਤ ਦੀ ਪਿੱਛੋਂ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਉਣੀ ਲਾਜ਼ਮੀ ਕੀਤੀ ਗਈ ਹੈ। ਪੀ.ਜੀ. ਮਾਲਕਾਂ ਨੂੰ ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ਾਂ ਦੇ ਆਧਾਰ 'ਤੇ ਪ੍ਰੋਪਰ ਰਜਿਸਟਰ ਤਿਆਰ ਕਰਨ ਦੇ ਹੁਕਮ ਦਿੱਤੇ ਗਏ ਹਨ। ਨਾਲ ਹੀ, ਰਹਿਣ ਵਾਲਿਆਂ ਦੀਆਂ ਗੱਡੀਆਂ, ਕਾਰਾਂ ਅਤੇ ਐਕਟਿਵਾ ਆਦਿ ਦੇ ਰਜਿਸਟ੍ਰੇਸ਼ਨ ਨੰਬਰ ਅਤੇ ਕਾਗਜ਼ਾਤ ਵੀ ਪੂਰੀ ਤਰ੍ਹਾਂ ਵੈਰੀਫਾਈ ਕੀਤੇ ਜਾਣਗੇ।
ਮੀਟਿੰਗ ਦੇ ਅਖੀਰ ਵਿੱਚ ਚੌਂਕੀ ਇੰਚਾਰਜ ਨੇ ਪੀ.ਜੀ. ਮਾਲਕਾਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਰਾਤ 10 ਵਜੇ ਤੋਂ ਬਾਅਦ ਜੇਕਰ ਕੋਈ ਵੀ ਵਿਅਕਤੀ ਬਾਹਰ ਹੁੱਲੜਬਾਜ਼ੀ ਕਰਦਾ ਫੜਿਆ ਗਿਆ, ਤਾਂ ਉਸ ਵਿਰੁੱਧ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਦਿਆਂ ਪਰਚਾ ਦਰਜ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਸਭ ਲਈ ਸਬੰਧਤ ਪੀ.ਜੀ. ਮਾਲਕ ਹੀ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਪੁਲਿਸ ਵੱਲੋਂ ਕੀਤੇ ਗਏ ਇਸ ਵੱਡੇ ਉਪਰਾਲੇ ਨਾਲ ਇਲਾਕਾ ਨਿਵਾਸੀਆਂ ਨੇ ਚੌਂਕੀ ਇੰਚਾਰਜ ਕਿਸ਼ਨਗੜ੍ਹ ਏਐਸਆਈ ਹਰਦੀਪ ਸਿੰਘ ਅਤੇ ਐਸਐਸਪੀ ਜਲੰਧਰ ਦਿਹਾਤੀ ਦਾ ਧੰਨਵਾਦ ਕੀਤਾ ।