- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿਗਮ ਨੇ ਪੁੱਡਾ ਅਪਰੂਵ 37 ਕਲੋਨੀਆਂ ਟੇਕਓਵਰ ਦਾ ਮਤਾ ਪਾਸ ਕੀਤਾ, ਵਿਕਾਸ ਕੰਮਾਂ ਦੀ ਲਈ ਜਿੰਮੇਦਾਰੀ

ਸੀਵਰੇਜ, ਪਾਣੀ ਤੇ ਸਟਰੀਟ ਲਾਈਟ ਦੀ ਸਹੂਲਤ ਮਿੁਲੇਗੀ
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ
ਨਗਰ ਨਿਗਮ ਨੇ ਪੁੱਡਾ ਵੱਲੋਂ ਮਨਜ਼ੂਰ ਕੀਤੀਆਂ 37 ਕਾਲੋਨੀਆਂ ਦੇ ਸੀਵਰੇਜ, ਪਾਣੀ ਸਪਲਾਈ ਤੇ ਸਟ੍ਰੀਟ ਲਾਈਟਿੰਗ ਬੁਨਿਆਦੀ ਢਾਂਚੇ ਨੂੰ ਆਪਣੇ ਕਬਜ਼ੇ ’ਚ ਲੈਣ ਦਾ ਪ੍ਰਸਤਾਵ ਪਾਸ ਕੀਤਾ ਹੈ। ਅਜਿਹਾ ਕਰਨ ਨਾਲ ਉਕਤ ਕਾਲੋਨੀਆਂ ’ਚ ਵਿਕਾਸ ਕਾਰਜਾਂ ਲਈ ਰਾਹ ਖੁੱਲ੍ਹ ਗਿਆ ਹੈ। ਉਕਤ 37 ਕਲਲੋਨੀਆਂ ਵਿਚੋਂ ਜ਼ਿਆਦਾਤਰ 25 ਸਾਲ ਪੁਰਾਣੀਆਂ ਹਨ। ਹਾਲਾਂਕਿ ਇਹ ਕਾਲੋਨੀਆਂ ਕੁਝ ਸਮਾਂ ਪਹਿਲਾਂ ਨਗਰ ਨਿਗਮ ਨੂੰ ਸੌਂਪੀਆਂ ਗਈਆਂ ਸਨ ਪਰ ਸਬੰਧਤ ਕਾਲੋਨੀਆਂ ਦੇ 20 ਕਰੋੜ ਦੇ ਵਿਕਾਸ ਫੰਡ ਨਗਰ ਨਿਗਮ ਨੂੰ ਤਬਦੀਲ ਨਹੀਂ ਕੀਤੇ ਗਏ ਸਨ, ਹੁਣ ਨਿਗਮ ਨੇ ਪੁੱਡਾ ਤੋਂ ਉਕਤ ਫੰਡਾਂ ਦੀ ਵਸੂਲੀ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਫੰਡ ਪ੍ਰਾਪਤ ਹੋਣ ਤੋਂ ਬਾਅਦ, ਨਗਰ ਨਿਗਮ ਨੇ 37 ਪੁੱਡਾ-ਮਨਜ਼ੂਰਸ਼ੁਦਾ ਕਲੋਨੀਆਂ ਦੇ ਸੀਵਰੇਜ, ਪਾਣੀ ਦੀ ਸਪਲਾਈ ਤੇ ਸਟ੍ਰੀਟ ਲਾਈਟਿੰਗ ਬੁਨਿਆਦੀ ਢਾਂਚੇ ਨੂੰ ਕਬਜ਼ੇ ’ਚ ਲੈਣ ਦਾ ਪ੍ਰਸਤਾਵ ਪਾਸ ਕੀਤਾ ਹੈ। ਉਕਤ ਕਾਲੋਨੀਆਂ ਨਿਗਮ ਹਵਾਲੇ ਕਰਨ ਦਾ ਫੈਸਲਾ ਬਿਹਤਰ ਬੁਨਿਆਦੀ ਨਾਗਰਿਕ ਸਹੂਲਤਾਂ ਪ੍ਰਦਾਨ ਕਰਨ ਲਈ ਲਿਆ ਗਿਆ ਹੈ।
----
ਮੇਅਰ ਦੀ ਜਲੰਧਰ ਕੁੰਜ ਕਾਲੋਨੀ ਵੀ ਸ਼ਾਮਲ
ਪੁੱਡਾ ਵੱਲੋਂ ਜਿਹੜੀਆਂ 37 ਕਾਲੋਨੀਆਂ ਨਿਗਮ ਹਵਾਲੇ ਕੀਤੀਆਂ ਗਈਆਂ ਹਨ, ਉਨ੍ਹਾਂ ’ਚ ਮੇਅਰ ਦੀ ਰਿਹਾਇਸ਼ ਵਾਲੀ ਜਲੰਧਰ ਕੁੰਜ ਕਾਲੋਨੀ ਵੀ ਸ਼ਾਮਲ ਹੈ। ਹੁਣ ਮੇਅਰ ਵੀ ਚਾਹੁੰਦੇ ਹਨ ਕਿ ਬਾਕੀ ਕਾਲੋਨੀਆਂ ਦੇ ਨਾਲ-ਨਾਲ ਉਨ੍ਹਾਂ ਦੀ ਕਾਲੋਨੀ ਦਾ ਵੀ ਵਿਕਾਸ ਹੋ ਸਕੇ। ਚਾਲੂ ਸਾਲ ਦੌਰਾਨ ਇਨ੍ਹਾਂ ਕਾਲੋਨੀਆਂ ਦੇ ਵਿਕਾਸ 'ਤੇ ਅਸਰ ਪਿਆ ਹੈ ਕੁਝ ਸਾਲਾਂ ਤੋਂ ਨਿਗਮ ਨੂੰ ਜ਼ਰੂਰੀ ਕੰਮ ਕਰਨ ਲਈ ਆਪਣੇ ਫੰਡ ਖਰਚ ਕਰਨੇ ਪਏ ਹਨ। ਉਕਤ 37 ਕਾਲੋਨੀਆਂ ਲਗਪਗ 425 ਏਕੜ ’ਚ ਫੈਲੀਆਂ ਹੋਈਆਂ ਹਨ। ਮਨਜ਼ੂਰਸ਼ੁਦਾ ਕਾਲੋਨੀਆਂ ਹੋਣ ਕਰਕੇ ਇਨ੍ਹਾਂ ’ਚ ਚੌੜੀਆਂ ਸੜਕਾਂ ਅਤੇ ਕਈ ਪਾਰਕ ਹਨ। ਇਨ੍ਹਾਂ ’ਚ ਕਮਿਊਨਿਟੀ ਹਾਲ ਤੇ ਹੋਰ ਬੁਨਿਆਦੀ ਢਾਂਚਾ ਵੀ ਸ਼ਾਮਲ ਹੈ।
ਬਕਾਇਆ ਫੰਡਾਂ ਨੂੰ ਸੁਰੱਖਿਅਤ ਕਰਨ ਦੇ ਯਤਨ
ਇਸ ਦੌਰਾਨ ਮੇਅਰ ਵਨੀਤ ਧੀਰ ਨੇ ਹੁਣ ਇਨ੍ਹਾਂ ਕਾਲੋਨੀਆਂ ਲਈ ਪੁੱਡਾ ਦੁਆਰਾ ਬਕਾਇਆ ਵਿਕਾਸ ਫੰਡਾਂ ਨੂੰ ਸੁਰੱਖਿਅਤ ਕਰਨ ਲਈ ਯਤਨ ਸ਼ੁਰੂ ਕਰ ਦਿੱਤੇ ਹਨ ਅਤੇ ਇਸ ਮਾਮਲੇ ਬਾਰੇ ਪੰਜਾਬ ਸ਼ਹਿਰੀ ਵਿਕਾਸ ਅਥਾਰਟੀ ਨੂੰ ਲਿਖਿਆ ਹੈ। ਮੇਅਰ ਨੇ ਕਿਹਾ ਕਿ ਸਾਲ 1999 ’ਚ ਵਿਕਸਤ ਕੀਤੀਆਂ ਗਈਆਂ ਕਾਲੋਨੀਆਂ ਸ਼ਾਮਲ ਹਨ। ਇਹ ਹੈਰਾਨੀ ਵਾਲੀ ਗੱਲ ਹੈ ਕਿ 26 ਸਾਲਾਂ ਬਾਅਦ ਵੀ ਨਗਰ ਨਿਗਮ ਨੇ ਪੁੱਡਾ ਤੋਂ ਇਨ੍ਹਾਂ ਕਾਲੋਨੀਆਂ ਲਈ ਵਿਕਾਸ ਫੰਡ ਪ੍ਰਾਪਤ ਕਰਨ ਲਈ ਕੋਈ ਯਤਨ ਨਹੀਂ ਕੀਤਾ। ਮੇਅਰ ਨੇ ਅੱਗੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਅਧਿਕਾਰੀਆਂ 'ਤੇ ਜ਼ਿੰਮੇਵਾਰੀ ਤੈਅ ਕੀਤੀ ਜਾ ਸਕੇ, ਜਿਨ੍ਹਾਂ ਦੀ ਲਾਪਰਵਾਹੀ ਕਾਰਨ ਇਹ ਸਥਿਤੀ ਬਣੀ ਹੈ ਤੇ ਫੰਡਾਂ ਦੀ ਵਸੂਲੀ ਲਈ ਹਰ ਸੰਭਵ ਕਾਨੂੰਨੀ ਰਸਤਾ ਅਪਣਾਇਆ ਜਾਵੇਗਾ।
---
ਜ਼ਿਆਦਾਤਰ ਕਲੋਨੀਆਂ ’ਚ ਪਿਆ ਉਜਾੜਾ
ਨਿਗਮ ਹਵਾਲੇ ਕੀਤੀਆ 37 ਕਾਲੋਨੀਆਂ ਵਿੱਚੋਂ ਬਹੁਤ ਸਾਰੇ ’ਚ ਵਿਕਾਸ ਕਾਰਜ ਅਜੇ ਤੱਕ ਅਧੂਰੇ ਹਨ, ਜਿਨ੍ਹਾਂ ਲਈ ਨਗਰ ਨਿਗਮ ਨੂੰ ਵਿਕਾਸ ਫੰਡ ਪ੍ਰਾਪਤ ਨਹੀਂ ਹੋਏ ਹਨ। ਕੁਝ ਕਾਲੋਨੀਆਂ ਵਿੱਚ ਆਬਾਦੀ ਵਧਣ ਤੋਂ ਬਾਅਦ ਹੀ ਨਿਗਮ ਅਤੇ ਵੱਖ-ਵੱਖ ਗ੍ਰਾਂਟਾਂ ਰਾਹੀਂ ਕੰਮ ਕੀਤਾ ਗਿਆ ਸੀ। ਗਾਖਲ ਨੇੜੇ ਸਥਿਤ 'ਸਨ ਸਿਟੀ' ਤੇ 'ਨਿਊ ਸਨ ਸਿਟੀ', ਅੱਜ ਤੱਕ ਉਜਾੜ ਹਨ। ਦੋਵਾਂ ਕਾਲੋਨੀਆਂ ’ਚ ਘਰ ਘਟ ਬਣਾਏ ਗਏ ਹਨ, ਇਸ ਲਈ ਵਿਕਾਸ ਕਾਰਜ ਨਹੀਂ ਹੋਇਆ ਹੈ। ਇਸੇ ਤਰ੍ਹਾਂ ਕਪੂਰਥਲਾ ਰੋਡ 'ਤੇ ਜਲੰਧਰ ਕੁੰਜ ਤੇ ਜਲੰਧਰ ਵਿਹਾਰ ਵਰਗੀਆਂ ਕਾਲੋਨੀਆਂ ਵਿਚ ਸੜਕ ਨਿਰਮਾਣ ਸਿਰਫ ਉੱਥੇ ਹੀ ਹੋਇਆ ਹੈ ਜਿੱਥੇ ਅਸਲ ’ਚ ਘਰ ਬਣਾਏ ਗਏ ਹਨ।
------
ਉਹ ਕਾਲੋਨੀਆਂ ਜਿਨ੍ਹਾਂ ਨਹੀਂ ਹੋਇਆ ਵਿਕਾਸ
ਗੀਤਾ ਕਾਲੋਨੀ, ਜਲੰਧਰ ਵਿਹਾਰ, ਜਲੰਧਰ ਐਕਸਟੈਂਸ਼ਨ 1, ਜਲੰਧਰ ਕੁੰਜ, ਰਮਣੀਕ ਐਵੇਨਿਊ, ਸਨ ਸਿਟੀ, ਨਿਊ ਸਨ ਸਿਟੀ, ਪ੍ਰਿੰਸ ਐਨਕਲੇਵ, ਜਲੰਧਰ ਪਲਾਜ਼ਾ, ਪਾਰਕ ਐਵੇਨਿਊ, ਪ੍ਰਿੰਸ ਪਲਾਜ਼ਾ, ਸਿਲਵਰ ਸਿਟੀ, ਪ੍ਰਿੰਸ ਪ੍ਰਾਈਮ, ਪੈਸੀਫਿਕ ਗਾਰਡਨ, ਕ੍ਰਿਸ਼ਨਾ ਨਗਰ, ਗੁਲਮੋਹਰ ਸਿਟੀ, ਸਟਾਰ ਪੈਰਾਡਾਈਜ਼, ਰੈਡੀਸਨ ਐਨਕਲੇਵ, ਬਸੰਤ ਹਿਲਜ਼, ਸ਼ਾਲੀਮਾਰ ਗਾਰਡਨ, ਜਲੰਧਰ ਵਿਹਾਰ ਐਕਸਟੈਂਸ਼ਨ 2, ਸੰਨੀ ਪ੍ਰਾਈਮ ਐਨਕਲੇਵ, ਸਿਲਵਰ ਐਨਕਲੇਵ, ਗ੍ਰੀਨ ਐਨਕਲੇਵ, ਰਾਇਲ ਐਨਕਲੇਵ, ਡਾਇਮੰਡ ਸਿਟੀ, ਜਲੰਧਰ ਰੈਜ਼ੀਡੈਂਸ ਵਿਲਾ, ਜਲੰਧਰ ਵਿਹਾਰ ਵਿਲਾ, ਜਲੰਧਰ ਕੁੰਜ ਵਿਲਾ, ਰਾਜਨ ਐਨਕਲੇਵ, ਜਲੰਧਰ ਵਿਹਾਰ ਐਕਸਟੈਂਸ਼ਨ 3, ਗ੍ਰੀਨ ਪਾਰਕ, ਕਿੰਗਜ਼ ਸਿਟੀ, ਜਲੰਧਰ ਟਾਊਨ ਵਿਲਾ, ਜਲੰਧਰ ਕੁੰਜ ਐਕਸਟੈਂਸ਼ਨ 2 ਆਦਿ ਸ਼ਾਮਲ ਹਨ।