- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਵਾਂ ਧੀਆਂ ਸਤਿਕਾਰ ਯੋਜਨਾ.

ਮਾਵਾਂ ਧੀਆਂ ਸਤਕਾਰ ਯੋਜਨਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ
ਪੰਜਾਬ ਸਰਕਾਰ ਦੀ ਮਾਵਾਂ-ਧੀਆਂ ਸਤਕਾਰ ਯੋਜਨਾ ਤਹਿਤ ਫੰਡ ਔਰਤਾਂ ਦੇ ਖਾਤਿਆਂ ’ਚ ਪੁੱਜਣਾ ਸ਼ੁਰੂ ਹੋ ਗਿਆ ਹੈ। ਪਹਿਲੇ ਪੜਾਅ ਵਿਚ ਜ਼ਿਲ੍ਹੇ ਦੇ ਨੌਂ ਵਿਧਾਨ ਸਭਾ ਹਲਕਿਆਂ ਦੀਆਂ 2.34 ਲੱਖ ਔਰਤਾਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ 3,000 ਰੁਪਏ ਤੇ 4,500 ਰੁਪਏ ਮਿਲਣਗੇ। ਸਰਕਾਰੀ ਹਦਾਇਤਾਂ ਅਨੁਸਾਰ ਬਾਕੀ ਖਾਤਿਆਂ ਵਿੱਚ ਗ੍ਰਾਂਟ ਫੰਡ ਜਮ੍ਹਾਂ ਕੀਤੇ ਜਾਣਗੇ। ਜ਼ਿਲ੍ਹੇ ਵਿਚ ਮਹਿਲਾ ਵੋਟਰਾਂ ਦੀ ਕੁੱਲ ਗਿਣਤੀ 8,01,548 ਹੈ, ਜਿਨ੍ਹਾਂ ਵਿੱਚੋਂ 5 ਲੱਖ ਤੋਂ ਵੱਧ ਔਰਤਾਂ ਦਾ ਰਜਿਸਟ੍ਰੇਸ਼ਨ ਹਾਲੇ ਵੀ ਪੈਂਡਿੰਗ ਹੈ। ਇਸ ਤੋਂ ਇਲਾਵਾ ਇਸ ਯੋਜਨਾ ਤਹਿਤ ਰਜਿਸਟਰਡ ਹਜ਼ਾਰਾਂ ਔਰਤਾਂ ਲਈ ਅਨੁਸੂਚਿਤ ਜਾਤੀ ਸਰਟੀਫਿਕੇਟ ਪ੍ਰਾਪਤ ਕਰਨ ਦੀ ਪ੍ਰਕਿਰਿਆ ਵੀ ਪੈਂਡਿੰਗ ਹੈ। ਜਲੰਧਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਲਬਹਾਰ ਸਿੰਘ ਨੇ ਦੱਸਿਆ ਕਿ 30 ਜੂਨ ਤੱਕ, ਜ਼ਿਲ੍ਹੇ ਦੇ ਨੌਂ ਹਲਕਿਆਂ ਵਿੱਚ ਇਸ ਯੋਜਨਾ ਲਈ 2.95 ਲੱਖ ਔਰਤਾਂ ਰਜਿਸਟਰਡ ਹੋਈਆਂ ਹਨ। 2.34 ਲੱਖ ਉਹ ਹਨ ਜਿਨ੍ਹਾਂ ਦੇ ਖਾਤਿਆਂ ਨੂੰ ਪਹਿਲੇ ਪੜਾਅ ’ਚ ਵਿੱਤੀ ਗ੍ਰਾਂਟ ਮਿਲ ਰਹੀ ਹੈ। ਇਨ੍ਹਾਂ ਵਿਚ ਜਨਰਲ ਸ਼੍ਰੇਣੀ ਦੀਆਂ 1.17 ਲੱਖ ਔਰਤਾਂ ਸ਼ਾਮਲ ਹਨ, ਜਿਨ੍ਹਾਂ ਨੂੰ 1,000 ਦੀ ਮਾਸਿਕ ਵਿੱਤੀ ਗ੍ਰਾਂਟ ਮਿਲੇਗੀ ਤੇ ਅਨੁਸੂਚਿਤ ਜਾਤੀ ਸ਼੍ਰੇਣੀ ਦੀਆਂ 1.17 ਲੱਖ ਔਰਤਾਂ, ਜਿਨ੍ਹਾਂ ਨੂੰ 1,500 ਦੀ ਮਾਸਿਕ ਵਿੱਤੀ ਗ੍ਰਾਂਟ ਮਿਲੇਗੀ। ਬਾਕੀ ਔਰਤਾਂ ਦੇ ਖਾਤਿਆਂ ਵਿੱਚ ਫੰਡ ਜਾਰੀ ਕਰਨ ਸਬੰਧੀ ਵਿਭਾਗੀ ਨਿਰਦੇਸ਼ਾਂ ਦੀ ਉਡੀਕ ਹੈ।
-------------
14 ਅਪ੍ਰੈਲ ਨੂੰ ਆਦਮਪੁਰ ’ਚ ਸ਼ੁਰੂ ਕੀਤੀ ਗਈ ਸੀ ਯੋਜਨਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 14 ਅਪ੍ਰੈਲ ਨੂੰ ਪੰਜਾਬ ਵਿੱਚ ਇਸ ਯੋਜਨਾ ਦੀ ਸ਼ੁਰੂਆਤ ਕੀਤੀ। ਜਲੰਧਰ ਜ਼ਿਲ੍ਹੇ ਦੇ ਆਦਮਪੁਰ ਹਲਕੇ ਸਮੇਤ ਸੂਬੇ ਭਰ ਦੇ ਨੌਂ ਵਿਧਾਨ ਸਭਾ ਹਲਕਿਆਂ ’ਚ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ। ਬਾਅਦ ਵਿਚ 14 ਮਈ ਨੂੰ ਯੋਜਨਾ ਦੇ ਦੂਜੇ ਪੜਾਅ ਦੀ ਸ਼ੁਰੂਆਤ ਨਾਲ ਜ਼ਿਲ੍ਹੇ ਦੇ ਸ਼ਾਹਕੋਟ, ਫਿਲੌਰ, ਕਰਤਾਰਪੁਰ ਅਤੇ ਨਕੋਦਰ ਹਲਕਿਆਂ ’ਚ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ। ਯੋਜਨਾ ਦੇ ਤੀਜੇ ਪੜਾਅ ’ਚ ਸ਼ਹਿਰ ਦੇ ਚਾਰ ਹਲਕਿਆਂ ਜਲੰਧਰ ਪੱਛਮੀ, ਛਾਉਣੀ, ਕੇਂਦਰੀ ਤੇ ਉੱਤਰੀ ਹਲਕੇ ਸ਼ਾਮਲ ਹਨ, ’ਚ 15 ਜੂਨ ਨੂੰ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ।
---
ਸਤਕਾਰ ਸਖ਼ੀਆਂ ਤੇ ਆਂਗਨਵਾੜੀ ਵਰਕਰ ਕਰਵਾ ਰਹੀਆਂ ਹਨ ਰਜਿਸਟ੍ਰੇਸ਼ਨ
ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚ ਤਿੰਨ ਪੜਾਵਾਂ ’ਚ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ, ਜਿਸ ’ਚ ਪਹਿਲੀ ਜੁਲਾਈ ਤੋਂ ਔਰਤਾਂ ਦੇ ਬੈਂਕ ਖਾਤਿਆਂ ’ਚ ਵਿੱਤੀ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਆਂਗਨਵਾੜੀ ਵਰਕਰ ਤੇ ਮਹਿਲਾ ਸਤਕਾਰ ਸਖੀਆਂ ਪੇਂਡੂ ਖੇਤਰਾਂ ਵਿੱਚ ਰਜਿਸਟ੍ਰੇਸ਼ਨ ਕਰਵਾ ਰਹੀਆਂ ਹਨ, ਜਦਕਿ ਸ਼ਹਿਰਾਂ ਵਿੱਚ ਵਾਰਡ-ਪੱਧਰੀ ਕੌਂਸਲਰਾਂ ਨਾਲ ਤਾਲਮੇਲ ਕਰਕੇ ਸਰਕਾਰ ਵੱਲੋਂ ਨਿਯੁਕਤ ਮਹਿਲਾ ਸਤਕਾਰ ਸਖ਼ੀਆਂ, ਇਸ ਯੋਜਨਾ ਲਈ ਔਰਤਾਂ ਨੂੰ ਰਜਿਸਟ੍ਰੇਸ਼ਨ ਕਰਵਾ ਰਹੀਆਂ ਹਨ। ਔਰਤਾਂ ਸ਼ਹਿਰਾਂ ਵਿੱਚ ਸੇਵਾ ਕੇਂਦਰਾਂ ਵਿੱਚ ਵੀ ਮੁਫ਼ਤ ਰਜਿਸਟ੍ਰੇਸ਼ਨ ਕਰਵਾ ਸਕਦੀਆਂ ਹਨ ਪਰ ਉਨ੍ਹਾਂ ਨੂੰ ਪਹਿਲਾਂ ਆਪਣੇ ਫਾਰਮਾਂ 'ਤੇ ਸਤਕਾਰ ਸਖ਼ੀਆਂ ਤੋਂ ਇੱਕ ਯੂਨੀਕ ਆਈਡੀ ਨੰਬਰ ਦਰਜ ਕਰਵਾਉਣਾ ਹੋਵੇਗਾ।