
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਐਡਵੋਕੇਟ ਵਿਨੈ ਨੇ ਦੱਸਿਆ ਕਿ ਕਈ ਮਾਮਲਿਆਂ ਦੀ ਕਾਊਂਸਲਿੰਗ ਉਨ੍ਹਾਂ ਨੇ ਖੁਦ ਕਰਵਾਈ ਹੈ ਪਰ ਮੋਬਾਈਲ ਦਾ ਵਿਵਾਦ ਖ਼ਤਮ ਨਹੀਂ ਹੋਇਆ। ਇਸ ਤੋਂ ਇਲਾਵਾ ਪਤੀ-ਪਤਨੀ ਦੀ ਕਮਾਈ ਵੀ ਲੜਾਈ ਦਾ ਕਾਰਨ ਬਣ ਰਹੀ ਹੈ। ਜੋ ਪਤਨੀ ਕਮਾਉਂਦੀ ਹੈ ਉਹ ਘਰ-ਪਰਿਵਾਰ ਨੂੰ ਸੰਭਾਲਣ ਵਿੱਚ ਸਮਰੱਥ ਨਹੀਂ ਰਹਿੰਦੀ ਜਿਸ ਨਾਲ ਜ਼ਿਆਦਾ ਵਿਵਾਦ ਹੁੰਦਾ ਹੈ।

ਸੁਕ੍ਰਾਂਤ, ਜਲੰਧਰ : ਵਿਆਹ ਦੇ ਕੁੱਝ ਮਹੀਨੇ ਪਹਿਲਾਂ ਤੱਕ ਜਿਨ੍ਹਾਂ ਰਿਸ਼ਤਿਆਂ ਵਿੱਚ ਨਾਲ ਜਿਊਣ ਅਤੇ ਨਾਲ ਰਹਿਣ ਦੇ ਸੁਪਨੇ ਦੇਖੇ ਜਾਂਦੇ ਹਨ, ਉਨ੍ਹਾਂ ਵਿੱਚੋਂ ਕਈ ਰਿਸ਼ਤੇ ਛੋਟੀਆਂ-ਛੋਟੀਆਂ ਗੱਲਾਂ ਕਾਰਨ ਟੁੱਟਣ ਦੀ ਕਗਾਰ 'ਤੇ ਪਹੁੰਚ ਰਹੇ ਹਨ। ਕਦੇ ਮੋਬਾਈਲ ਫੋਨ ਨੂੰ ਲੈ ਕੇ ਸ਼ੱਕ, ਕਦੇ ਪਤੀ-ਪਤਨੀ ਦੀ ਕਮਾਈ ਨੂੰ ਲੈ ਕੇ ਵਿਵਾਦ ਘਰ ਅਤੇ ਰਿਸ਼ਤਾ ਖ਼ਤਮ ਕਰ ਰਹੇ ਹਨ।
ਇਸ ਤੋਂ ਇਲਾਵਾ ਦਾਜ, ਆਰਥਿਕ ਉਮੀਦਾਂ, ਸੰਯੁਕਤ ਪਰਿਵਾਰ 'ਚ ਰਹਿਣ ਨੂੰ ਲੈ ਕੇ ਮਤਭੇਦ ਵੀ ਰਿਸ਼ਤਿਆਂ 'ਚ ਇੰਨੀ ਦਰਾਰ ਪੈਦਾ ਕਰ ਰਹੇ ਹਨ ਕਿ ਮਾਮਲਾ ਮਹਿਲਾ ਥਾਣੇ ਤੋਂ ਹੁੰਦੇ ਹੋਏ ਅਦਾਲਤ ਤਕ ਪਹੁੰਚ ਰਿਹਾ ਹੈ। ਜਲੰਧਰ 'ਚ ਮੋਬਾਈਲ ਚਲਾਉਣ ਅਤੇ ਪਤੀ-ਪਤਨੀ ਦੇ ਨੌਕਰੀਪੇਸ਼ਾ ਹੋਣ ਦੇ ਚੱਲਦਿਆਂ ਵਿਵਾਦ ਜ਼ਿਆਦਾ ਵਧੇ ਹਨ। ਉੱਥੇ ਹੀ ਦਾਜ ਉਤਪੀੜਨ ਅਤੇ ਘਰੇਲੂ ਹਿੰਸਾ ਨਾਲ ਜੁੜੀਆਂ ਸ਼ਿਕਾਇਤਾਂ ਦਾ ਵਧਦਾ ਅੰਕੜਾ ਇਸੇ ਬਦਲਦੀ ਤਸਵੀਰ ਵੱਲ ਇਸ਼ਾਰਾ ਕਰ ਰਿਹਾ ਹੈ।
ਜਾਣਕਾਰੀ ਮੁਤਾਬਕ ਬੀਤੇ ਛੇ ਮਹੀਨਿਆਂ ਵਿਚ ਜ਼ਿਲ੍ਹੇ ਦੇ ਥਾਣਿਆਂ ਵਿਚ ਕਰੀਬ 400 ਸ਼ਿਕਾਇਤਾਂ ਪਤੀ-ਪਤਨੀ ਦੇ ਵਿਵਾਦ ਦੀਆਂ ਪਹੁੰਚੀਆਂ ਹਨ ਜਿਨ੍ਹਾਂ ਵਿੱਚੋਂ ਅੱਧੀਆਂ ਤੋਂ ਜ਼ਿਆਦਾ ਮੋਬਾਈਲ ਅਤੇ ਨੌਕਰੀਪੇਸ਼ਾ ਹੋਣ ਦੀ ਵਜ੍ਹਾ ਨਾਲ ਸ਼ੁਰੂ ਹੋਏ ਵਿਵਾਦ ਹਨ। ਬਾਕੀ ਦਾਜ ਉਤਪੀੜਨ ਅਤੇ ਘਰੇਲੂ ਹਿੰਸਾ ਨਾਲ ਸਬੰਧਤ ਪਹੁੰਚੀਆਂ ਹਨ। ਲਗਭਗ ਇੰਨੀਆਂ ਹੀ ਸ਼ਿਕਾਇਤਾਂ ਅਦਾਲਤਾਂ ਵਿੱਚ ਵੀ ਦਾਇਰ ਕੀਤੀਆਂ ਗਈਆਂ ਹਨ।
ਖ਼ਾਸ ਗੱਲ ਇਹ ਹੈ ਕਿ ਪਿਛਲੇ ਇਕ ਸਾਲ ਵਿਚ ਜਿੰਨੀਆਂ ਸ਼ਿਕਾਇਤਾਂ ਆਈਆਂ ਸਨ, ਕਰੀਬ ਓਨੀਆਂ ਹੀ ਸ਼ਿਕਾਇਤਾਂ ਹੁਣ ਛੇ ਮਹੀਨਿਆਂ 'ਚ ਸਾਹਮਣੇ ਆਉਣ ਲੱਗੀਆਂ ਹਨ। ਹਾਲਾਂਕਿ ਹਰ ਸ਼ਿਕਾਇਤ ਦਾ ਮਤਲਬ ਇਹ ਨਹੀਂ ਕਿ ਉਸ ਵਿਚ ਲਗਾਏ ਗਏ ਦੋਸ਼ ਅਦਾਲਤ ਵਿੱਚ ਸਾਬਤ ਹੋ ਚੁੱਕੇ ਹਨ। ਪੁਲਿਸ ਜਾਂਚ ਅਤੇ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਹੀ ਦੋਸ਼ਾਂ ਦੀ ਅਸਲੀਅਤ ਸਪੱਸ਼ਟ ਹੁੰਦੀ ਹੈ। ਇਸ ਦੇ ਬਾਵਜੂਦ ਸ਼ਿਕਾਇਤਾਂ ਦੀ ਵਧਦੀ ਗਿਣਤੀ ਪਰਿਵਾਰਾਂ ਵਿਚਕਾਰ ਵਧ ਰਹੇ ਤਣਾਅ ਦੀ ਗੰਭੀਰ ਤਸਵੀਰ ਪੇਸ਼ ਕਰਦੀ ਹੈ।
ਐਡਵੋਕੇਟ ਵਿਨੈ ਸ਼ਰਮਾ ਨੇ ਦੱਸਿਆ ਕਿ ਪਤੀ-ਪਤਨੀ ਦੇ ਵਿਚਕਾਰ ਤੀਜਾ ਆਉਣ ਦੇ ਮਾਮਲੇ ਤਾਂ ਹੁਣ ਪੁਰਾਣੇ ਹੋ ਗਏ ਹਨ, ਪਤੀ-ਪਤਨੀ ਦੇ ਵਿਚਕਾਰ ਮੋਬਾਈਲ ਆਉਣ ਦੇ ਮਾਮਲੇ ਜ਼ਿਆਦਾ ਵਧ ਗਏ ਹਨ। ਪਤਨੀ ਸਾਰਾ ਦਿਨ ਮੋਬਾਈਲ ਚਲਾਉਂਦੀ ਹੈ, ਘਰ-ਬੱਚੇ ਨਹੀਂ ਦੇਖ ਰਹੀ, ਅਜਿਹੀਆਂ ਸ਼ਿਕਾਇਤਾਂ ਆ ਰਹੀਆਂ ਹਨ। ਉੱਥੇ ਹੀ ਪਤਨੀ ਦੇ ਬਿਆਨ ਵੀ ਇਹੋ ਹਨ ਕਿ ਪਤੀ ਸਾਰਾ ਦਿਨ ਮੋਬਾਈਲ ਵਿੱਚ ਬਿਜ਼ੀ ਰਹਿੰਦਾ ਹੈ ਅਤੇ ਘਰ 'ਚ ਟਾਈਮ ਨਹੀਂ ਦੇ ਰਿਹਾ।
ਐਡਵੋਕੇਟ ਵਿਨੈ ਨੇ ਦੱਸਿਆ ਕਿ ਕਈ ਮਾਮਲਿਆਂ ਦੀ ਕਾਊਂਸਲਿੰਗ ਉਨ੍ਹਾਂ ਨੇ ਖੁਦ ਕਰਵਾਈ ਹੈ ਪਰ ਮੋਬਾਈਲ ਦਾ ਵਿਵਾਦ ਖ਼ਤਮ ਨਹੀਂ ਹੋਇਆ। ਇਸ ਤੋਂ ਇਲਾਵਾ ਪਤੀ-ਪਤਨੀ ਦੀ ਕਮਾਈ ਵੀ ਲੜਾਈ ਦਾ ਕਾਰਨ ਬਣ ਰਹੀ ਹੈ। ਜੋ ਪਤਨੀ ਕਮਾਉਂਦੀ ਹੈ ਉਹ ਘਰ-ਪਰਿਵਾਰ ਨੂੰ ਸੰਭਾਲਣ ਵਿੱਚ ਸਮਰੱਥ ਨਹੀਂ ਰਹਿੰਦੀ ਜਿਸ ਨਾਲ ਜ਼ਿਆਦਾ ਵਿਵਾਦ ਹੁੰਦਾ ਹੈ।
ਐਡਵੋਕੇਟ ਸ਼ਰਮਾ ਨੇ ਦੱਸਿਆ ਕਿ ਕਈ ਮਾਮਲੇ ਉਨ੍ਹਾਂ ਕੋਲ ਅਜਿਹੇ ਆਏ ਹਨ ਜਿਨ੍ਹਾਂ ਵਿਚ ਇਹ ਸ਼ਿਕਾਇਤ ਹੈ ਕਿ ਪਤਨੀ ਜ਼ਿਆਦਾ ਕਮਾਉਂਦੀ ਹੈ ਅਤੇ ਪਤੀ ਖੁਦ ਨੂੰ ਛੋਟਾ ਮਹਿਸੂਸ ਕਰਦਾ ਹੈ ਅਤੇ ਗੱਲ ਤਲਾਕ ਤੱਕ ਪਹੁੰਚ ਜਾਂਦੀ ਹੈ।
ਅੱਜ ਵਿਆਹ ਕੇਵਲ ਦੋ ਵਿਅਕਤੀਆਂ ਦਾ ਰਿਸ਼ਤਾ ਨਹੀਂ ਰਹਿ ਗਿਆ ਹੈ। ਦੋਵਾਂ ਪਰਿਵਾਰਾਂ ਦੀਆਂ ਆਰਥਿਕ ਅਤੇ ਸਮਾਜਿਕ ਉਮੀਦਾਂ ਵੀ ਰਿਸ਼ਤੇ 'ਤੇ ਅਸਰ ਪਾਉਂਦੀਆਂ ਹਨ। ਮਹਿੰਗਾ ਵਿਆਹ, ਤੋਹਫ਼ੇ, ਕਾਰ, ਮਕਾਨ, ਵਿਦੇਸ਼ ਜਾਣ ਦੀ ਉਮੀਦ ਅਤੇ ਵਿਆਹ ਤੋਂ ਬਾਅਦ ਬਿਹਤਰ ਜੀਵਨਸ਼ੈਲੀ ਦੀ ਚਾਹਤ ਕਈ ਵਾਰ ਵਿਵਾਦ ਦਾ ਕਾਰਨ ਬਣ ਜਾਂਦੀ ਹੈ। ਐਡਵੋਕੇਟ ਵਿਨੈ ਸ਼ਰਮਾ ਦੱਸਦੇ ਹਨ ਕਿ ਅਦਾਲਤਾਂ ਵਿੱਚ ਆਉਣ ਵਾਲੇ ਜ਼ਿਆਦਾਤਰ ਮਾਮਲਿਆਂ ਵਿੱਚ ਇਸ ਤਰ੍ਹਾਂ ਦੇ ਕੇਸ ਆਏ ਹਨ ਜਿਨ੍ਹਾਂ ਵਿੱਚ ਵਿਆਹ ਦੇ ਵਕਤ ਜ਼ਰੂਰਤ ਤੋਂ ਜ਼ਿਆਦਾ ਖ਼ਰਚ ਕੀਤਾ ਗਿਆ।
ਬਾਅਦ 'ਚ ਉਸੇ ਦੇ ਚੱਲਦੇ ਮਹਿੰਗੇ ਤੋਹਫ਼ਿਆਂ, ਦਾਜ ਆਦਿ ਦੀਆਂ ਉਮੀਦਾਂ ਪੂਰੀਆਂ ਨਾ ਹੋਣ ਦੇ ਚੱਲਦਿਆਂ ਦਰਾਰ ਸ਼ੁਰੂ ਹੋਈ ਜੋ ਤਲਾਕ ਤੱਕ ਪਹੁੰਚੀ। ਹਾਲਾਂਕਿ ਕਈ ਮਾਮਲਿਆਂ ਵਿੱਚ ਸਮਝੌਤੇ ਹੋਏ ਪਰ ਉਹ ਨਾਮਾਤਰ ਹੀ ਹਨ।
ਸ਼ਿਕਾਇਤਾਂ 'ਚ ਵਾਧੇ ਦੀ ਇਕ ਵਜ੍ਹਾ ਔਰਤਾਂ 'ਚ ਆਪਣੇ ਕਾਨੂੰਨੀ ਅਧਿਕਾਰਾਂ ਪ੍ਰਤੀ ਵਧਦੀ ਜਾਗਰੂਕਤਾ ਵੀ ਮੰਨੀ ਜਾ ਰਹੀ ਹੈ। ਪਹਿਲਾਂ ਕਈ ਔਰਤਾਂ ਘਰੇਲੂ ਹਿੰਸਾ ਜਾਂ ਦਾਜ ਉਤਪੀੜਨ ਸਹਿਣ ਦੇ ਬਾਵਜੂਦ ਸ਼ਿਕਾਇਤ ਨਹੀਂ ਕਰਦੀਆਂ ਸਨ। ਹੁਣ ਮਹਿਲਾ ਹੈਲਪਲਾਈਨ, ਮਹਿਲਾ ਥਾਣੇ ਅਤੇ ਕਾਨੂੰਨੀ ਸਹਾਇਤਾ ਦੀ ਜਾਣਕਾਰੀ ਵਧਣ ਕਾਰਨ ਉਹ ਪੁਲਿਸ ਤੱਕ ਪਹੁੰਚ ਰਹੀਆਂ ਹਨ।
ਹਾਲਾਂਕਿ ਕਾਊਂਸਲਿੰਗ ਮਾਹਿਰ ਪ੍ਰਵੀਨ ਅਬਰੋਲ ਦਾ ਮੰਨਣਾ ਹੈ ਕਿ ਹਰ ਵੈਵਾਹਿਕ ਵਿਵਾਦ ਦਾ ਹੱਲ ਕੇਵਲ ਕਾਨੂੰਨੀ ਕਾਰਵਾਈ ਨਹੀਂ ਹੈ। ਜਿੱਥੇ ਮਾਮਲਾ ਗੰਭੀਰ ਹਿੰਸਾ ਜਾਂ ਅਪਰਾਧ ਦਾ ਹੋਵੇ, ਉੱਥੇ ਕਾਨੂੰਨ ਦਾ ਸਹਾਰਾ ਜ਼ਰੂਰੀ ਹੈ। ਉੱਥੇ ਹੀ ਆਮ ਵਿਆਹੁਤਾ ਮਤਭੇਦਾਂ 'ਚ ਸਮਾਂ ਰਹਿੰਦੇ ਪਰਿਵਾਰਕ ਸਲਾਹ-ਮਸ਼ਵਰੇ ਅਤੇ ਕਾਊਂਸਲਿੰਗ ਨਾਲ ਰਿਸ਼ਤੇ ਨੂੰ ਟੁੱਟਣ ਤੋਂ ਬਚਾਇਆ ਜਾ ਸਕਦਾ ਹੈ।
ਜਲੰਧਰ 'ਚ ਛੇ ਮਹੀਨਿਆਂ 'ਚ ਕਰੀਬ 400 ਘਰੇਲੂ ਹਿੰਸਾ ਅਤੇ ਦਾਜ ਲਈ ਤੰਗ ਕਰਨ ਸਬੰਧੀ ਸ਼ਿਕਾਇਤਾਂ ਦਾ ਸਾਹਮਣੇ ਆਉਣਾ ਕੇਵਲ ਪੁਲਿਸ ਰਿਕਾਰਡ ਦਾ ਅੰਕੜਾ ਨਹੀਂ, ਬਲਕਿ ਬਦਲਦੇ ਪਰਿਵਾਰਕ ਰਿਸ਼ਤਿਆਂ ਦੀ ਤਸਵੀਰ ਵੀ ਹੈ। ਮੋਬਾਈਲ, ਕਮਾਈ, ਸੰਯੁਕਤ ਪਰਿਵਾਰ, ਆਰਥਿਕ ਉਮੀਦਾਂ ਅਤੇ ਸੋਸ਼ਲ ਮੀਡੀਆ ਜਿਹੇ ਮੁੱਦੇ ਹੁਣ ਵਿਆਹੁਤਾ ਜੀਵਨ ਦਾ ਹਿੱਸਾ ਬਣ ਚੁੱਕੇ ਹਨ।
ਜ਼ਰੂਰਤ ਇਸ ਗੱਲ ਦੀ ਹੈ ਕਿ ਵਿਵਾਦ ਹਿੰਸਾ ਜਾਂ ਥਾਣੇ ਤੱਕ ਪਹੁੰਚਣ ਤੋਂ ਪਹਿਲਾਂ ਪਤੀ-ਪਤਨੀ ਇਕ-ਦੂਜੇ ਦੀਆਂ ਉਮੀਦਾਂ ਨੂੰ ਸਮਝਣ। ਉੱਥੇ ਹੀ ਗੰਭੀਰ ਮਾਮਲਿਆਂ ਵਿੱਚ ਪਰਿਵਾਰ ਅਤੇ ਸਮਾਜ ਨੂੰ ਪੀੜਤ ਦਾ ਸਾਥ ਦੇਣ ਦੇ ਨਾਲ ਕਾਨੂੰਨ ਦੇ ਤਹਿਤ ਉਚਿਤ ਕਾਰਵਾਈ ਯਕੀਨੀ ਬਣਾਉਣੀ ਹੋਵੇਗੀ।
ਕੇਸ ਸਟੱਡੀ 1: ਮਾਡਲ ਹਾਊਸ ਦੇ ਇਕ ਨਵ-ਵਿਆਹੇ ਜੋੜੇ ਵਿਚਕਾਰ ਵਿਵਾਦ ਦੀ ਸ਼ੁਰੂਆਤ ਮੋਬਾਈਲ ਫੋਨ ਤੋਂ ਹੋਈ। ਪਤਨੀ ਦੀ ਸ਼ਿਕਾਇਤ ਸੀ ਕਿ ਪਤੀ ਉਸ ਦੇ ਫੋਨ ਦੀ ਲਗਾਤਾਰ ਜਾਂਚ ਕਰਦਾ ਸੀ ਅਤੇ ਇੰਟਰਨੈੱਟ ਮੀਡੀਆ 'ਤੇ ਕਿਸੇ ਨਾਲ ਗੱਲਬਾਤ ਕਰਨ ਨੂੰ ਲੈ ਕੇ ਸਵਾਲ ਚੁੱਕਦਾ ਸੀ। ਹੌਲੀ-ਹੌਲੀ ਪਤੀ-ਪਤਨੀ ਵਿਚਕਾਰ ਵਿਵਾਦ ਵਧਦਾ ਗਿਆ ਅਤੇ ਦੋਵਾਂ ਦੇ ਪਰਿਵਾਰ ਵੀ ਇਸ ਵਿੱਚ ਸ਼ਾਮਲ ਹੋ ਗਏ।
ਕੁਝ ਮਹੀਨਿਆਂ ਬਾਅਦ ਮਾਮਲਾ ਮਹਿਲਾ ਥਾਣੇ ਤਕ ਪਹੁੰਚ ਗਿਆ। ਇਹ ਮਾਮਲਾ ਇਕੱਲਾ ਨਹੀਂ ਹੈ। ਪੁਲਿਸ ਕੋਲ ਪਹੁੰਚਣ ਵਾਲੀਆਂ ਕਈ ਸ਼ਿਕਾਇਤਾਂ 'ਚ ਮੋਬਾਈਲ ਫੋਨ, ਇੰਟਰਨੈੱਟ ਮੀਡੀਆ 'ਤੇ ਗਤੀਵਿਧੀਆਂ ਅਤੇ ਇੱਕ-ਦੂਜੇ ਦੀ ਨਿੱਜੀ ਜ਼ਿੰਦਗੀ 'ਚ ਜ਼ਰੂਰਤ ਤੋਂ ਜ਼ਿਆਦਾ ਦਖ਼ਲ ਵਿਵਾਦ ਦੀ ਵਜ੍ਹਾ ਦੇ ਤੌਰ 'ਤੇ ਸਾਹਮਣੇ ਆ ਰਹੇ ਹਨ।
ਕੇਸ ਸਟੱਡੀ 2: ਵਡਾਲਾ ਚੌਕ ਨੇੜੇ ਰਹਿਣ ਵਾਲੇ ਇਕ ਪਤੀ ਨੇ ਸ਼ਿਕਾਇਤ ਦਿੱਤੀ ਕਿ ਪਤਨੀ ਸਾਰਾ ਦਿਨ ਮੋਬਾਈਲ 'ਤੇ ਕਿੱਟੀ ਗਰੁੱਪ, ਪੇਕੇ ਦੇ ਬਣੇ ਗਰੁੱਪ 'ਤੇ ਐਕਟਿਵ ਰਹਿੰਦੀ ਹੈ। ਉਸ ਨੂੰ ਰੋਕਿਆ ਤਾਂ ਉਸ ਨੇ ਲੜਾਈ ਕੀਤੀ ਅਤੇ ਪੇਕੇ ਚਲੀ ਗਈ। ਹੁਣ ਹਰ ਦੂਜੇ ਦਿਨ ਲੜ ਕੇ ਪੇਕੇ ਚਲੀ ਜਾਂਦੀ ਹੈ ਪਰ ਮੋਬਾਈਲ ਨਹੀਂ ਛੱਡਿਆ। ਥਾਣੇ ਵਿੱਚ ਕਾਊਂਸਲਿੰਗ ਹੋਈ ਪਰ ਵਿਵਾਦ ਅਜੇ ਵੀ ਚੱਲ ਰਿਹਾ ਹੈ।
ਕੇਸ ਸਟੱਡੀ 3: ਇਕ ਹੋਰ ਸ਼ਿਕਾਇਤ 'ਚ ਔਰਤ ਦਾ ਦੋਸ਼ ਸੀ ਕਿ ਵਿਆਹ ਤੋਂ ਬਾਅਦ ਉਸ ਨੂੰ ਨੌਕਰੀ ਜਾਰੀ ਰੱਖਣ ਨੂੰ ਲੈ ਕੇ ਸਹੁਰੇ ਪਰਿਵਾਰ 'ਚ ਵਿਰੋਧ ਦਾ ਸਾਹਮਣਾ ਕਰਨਾ ਪਿਆ। ਸ਼ਿਕਾਇਤ ਵਿੱਚ ਨਕੋਦਰ ਰੋਡ 'ਤੇ ਰਹਿਣ ਵਾਲੀ ਔਰਤ ਨੇ ਕਿਹਾ ਕਿ ਉਹ ਨੌਕਰੀ ਛੱਡਣ ਲਈ ਤਿਆਰ ਨਹੀਂ ਸੀ, ਜਦਕਿ ਪਰਿਵਾਰ ਚਾਹੁੰਦਾ ਸੀ ਕਿ ਉਹ ਘਰ ਦੀਆਂ ਜ਼ਿੰਮੇਵਾਰੀਆਂ ਸੰਭਾਲੇ।
ਵਿਆਹ ਤੋਂ ਪਹਿਲਾਂ ਉਸ ਨੂੰ ਨੌਕਰੀ ਕਰਨ ਲਈ ਮਨ੍ਹਾ ਨਹੀਂ ਕੀਤਾ ਗਿਆ ਸੀ। ਪਤੀ-ਪਤਨੀ ਵਿਚਕਾਰ ਇਸੇ ਮੁੱਦੇ ਨੂੰ ਲੈ ਕੇ ਲਗਾਤਾਰ ਵਿਵਾਦ ਹੋਣ ਲੱਗਾ। ਬਾਅਦ 'ਚ ਔਰਤ ਨੇ ਘਰੇਲੂ ਹਿੰਸਾ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ।
ਕੇਸ ਸਟੱਡੀ 4: ਇਕ ਸ਼ਿਕਾਇਤ 'ਚ ਕਾਲਾ ਸੰਘਿਆਂ ਨਿਵਾਸੀ ਔਰਤ ਨੇ ਦੋਸ਼ ਲਾਇਆ ਕਿ ਵਿਆਹ ਦੇ ਕੁਝ ਸਮੇਂ ਬਾਅਦ ਸਹੁਰੇ ਪੱਖ ਵੱਲੋਂ ਵਾਧੂ ਸਾਮਾਨ ਤੇ ਪੈਸਿਆਂ ਦੀ ਮੰਗ ਕੀਤੀ ਜਾਣ ਲੱਗੀ। ਸ਼ੁਰੂਆਤ 'ਚ ਪਰਿਵਾਰ ਨੇ ਸਮਝੌਤੇ ਦੀ ਕੋਸ਼ਿਸ਼ ਕੀਤੀ, ਪਰ ਮੰਗ ਵਧਦੀ ਗਈ। ਔਰਤ ਨੇ ਪੇਕੇ ਵਾਪਸੀ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਕੀਤੀ। ਅਜਿਹੇ ਮਾਮਲਿਆਂ 'ਚ ਪੁਲਿਸ ਸ਼ਿਕਾਇਤ ਮਿਲਣ ਤੋਂ ਬਾਅਦ ਦੋਵਾਂ ਪੱਖਾਂ ਨੂੰ ਸੁਣਦੀ ਹੈ ਅਤੇ ਤੱਥਾਂ ਦੇ ਆਧਾਰ 'ਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ।