- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਸ਼ਹੀਦ ਬਾਬੂ ਲਾਭ ਸਿੰਘ

-ਸ਼ਹੀਦ ਬਾਬੂ ਲਾਭ ਸਿੰਘ ਨਗਰ ’ਚ ਕਾਰ ਸਵਾਰਾਂ ਨੇ ਰੰਜਿਸ਼ਨ ਵਾਰਦਾਤ ਨੂੰ ਦਿੱਤਾ ਅੰਜਾਮ
25 ਗੋਲ਼ੀਆਂ ਚਲਾਈਆਂ, ਦੋ ਨੌਜਵਾਨਾਂ ਨੂੰ ਲੱਗੀਆਂ, ਕੇਸ ਦਰਜ ਕਰਕੇ 2 ਹਿਰਾਸਤ ’ਚ ਲਏ
ਜਾਸ, ਜਲੰਧਰ : ਸ਼ਹੀਦ ਬਾਬੂ ਲਾਭ ਸਿੰਘ ਨਗਰ ਇਲਾਕੇ ’ਚ ਬੁੱਧਵਾਰ ਸਵੇਰੇ ਛੇ ਵਜੇ ਨਿਹੰਗਾਂ ਦੇ ਬਾਣੇ ’ਚ ਆਏ ਕਾਰ ਸਵਾਰ ਹਥਿਆਰਬੰਦ ਬਦਮਾਸ਼ਾਂ ਨੇ ਇਕ ਨੌਜਵਾਨ ’ਤੇ ਤਾਬੜਤੋੜ ਗੋਲ਼ੀਆਂ ਚਲਾ ਦਿੱਤੀਆਂ। ਕਰੀਬ 25 ਰਾਊੰਡ ਫਾਇਰਿੰਗ ਕੀਤੀ ਗਈ। ਦੋ ਗੋਲ਼ੀਆਂ ਰਾਹੁਲ ਨਾਂ ਦੇ ਨੌਜਵਾਨ ਦੇ ਲੱਗੀਆਂ। ਇਕ ਪੈਰ ’ਤੇ ਦੂਜੀ ਪੇਟ ਨੇੜੇ। ਡਾਕਟਰਾਂ ਮੁਤਾਬਕ ਉਸ ਦੀ ਹਾਲਤ ਨਾਜ਼ੁਕ ਹੈ। ਦੱਸਿਆ ਜਾਂਦਾ ਹੈ ਕਿ ਪੁਰਾਣੀ ਰੰਜਿਸ਼ ਕਾਰਨ ਇਹ ਹਮਲਾ ਕੀਤਾ ਗਿਆ। ਏਡੀਸੀਪੀ ਜਯੰਤ ਪੂਰੀ ਦੀ ਅਗਵਾਈ ’ਚ ਜਾਂਚ ਚੱਲ ਰਹੀ ਹੈ। ਰਾਹੁਲ ਫਾਈਨਾਂਸ ਦਾ ਕੰਮ ਕਰਦਾ ਹੈ। ਥਾਣਾ ਡਵੀਜ਼ਨ ਨੰਬਰ ਇਕ ’ਚ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਦੋ ਨੌਜਵਾਨਾਂ ਨੂੰ ਰਾਊਂਡਅਪ ਕਰ ਕੇ ਪੁੱਛਗਿੱਛ ਕਰ ਰਹੀ ਹੈ।
ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕੁਝ ਨੌਜਵਾਨ ਇਕ ਕਾਰ ’ਚ ਸਵਾਰ ਹੋ ਕੇ ਆਏ ਤੇ ਉਨ੍ਹਾਂ ਨੇ ਰਾਹੁਲ ਨੂੰ ਨਿਸ਼ਾਨਾ ਬਣਾਉਂਦੇ ਹੋਏ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਲੋਕ ਜਾਨ ਬਚਾਉਣ ਲਈ ਘਰਾਂ ਤੇ ਦੁਕਾਨਾਂ ’ਚ ਲੁਕ ਗਏ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਹਥਿਆਰ ਲਹਿਰਾਉਂਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਰਾਹੁਲ ਦੀ ਅਮਰਜੀਤ ਨਾਂ ਦੇ ਨੌਜਵਾਨ ਨਾਲ ਲੰਬੇ ਸਮੇਂ ਤੋਂ ਦੁਸ਼ਮਣੀ ਸੀ। ਅਮਰਜੀਤ ਸਿੰਘ ਆਪਣੇ ਕੁਝ ਸਾਥੀਆਂ ਨਾਲ ਨਿਹੰਗਾਂ ਦੇ ਬਾਣੇ ’ਚ ਮੌਕੇ ’ਤੇ ਪੁੱਜਾ ਤੇ ਰਾਹੁਲ ’ਤੇ ਗੋਲ਼ੀਆਂ ਚਲਾ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਧਿਰਾਂ ’ਚ ਪਹਿਲਾਂ ਵੀ ਕਈ ਵਾਰ ਝਗੜਾ ਹੋ ਚੁੱਕਾ ਹੈ। ਹਾਲਾਂਕਿ ਪੁਲਿਸ ਨੇ ਹਾਲੇ ਤੱਕ ਕਿਸੇ ਮੁਲਜ਼ਮ ਦੇ ਨਾਂ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ। ਘਟਨਾ ਵਾਲੀ ਥਾਂ ਫਾਰੈਂਸਿਕ ਟੀਮ ਨੂੰ ਵੀ ਮੌਕੇ ’ਤੇ ਸੱਦਿਆ ਗਿਆ ਜਿਸ ਨੇ ਕੁਝ ਸਬੂਤ ਇਕੱਠੇ ਕੀਤੇ ਹਨ। ਪੁਲਿਸ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਘਾਲ ਰਹੀ ਹੈ। ਏਡੀਸੀਪੀ ਜਯੰਤ ਪੁਰੀ ਨੇ ਗੱਲਬਾਤ ਕਰਦਿਆਂ ਭਰੋਸਾ ਦਿੱਤਾ ਕਿ ਪੁਲਿਸ ਮਾਮਲੇ ਦੀ ਨਿਰਪੱਖ ਤੇ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
---
ਗੋਲ਼ੀ ਦਾ ਇਕ ਖੋਲ ਬਰਾਮਦ
ਏਡੀਸੀਪੀ ਪੁਰੀ ਨੇ ਦੱਸਿਆ ਕਿ ਮੌਕੇ ਤੋਂ ਗੋਲੀ ਦਾ ਇਕ ਖੋਲ ਮਿਲਿਆ ਹੈ। ਨੌਜਵਾਨਾਂ ਦੀ ਗਿਣਤੀ ਕਿੰਨੀ ਹੈ, ਇਹ ਵੀ ਸੀਸੀਟੀਵੀ ਫੁਟੇਜ ਰਾਹੀਂ ਸਾਫ ਹੋਵੇਗਾ ਪਰ ਮੁਲਜ਼ਮ ਤਿੰਨ ਦੱਸੇ ਜਾ ਰਹੇ ਹਨ। ਮਾਮਲਾ ਕਿਸੇ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲੇ ਮਕਸੂਦਾਂ ਸਬਜ਼ੀ ਮੰਡੀ ’ਚ ਹੋਏ ਕਿਸੇ ਹੱਤਿਆਕਾਂਡ ਨਾਲ ਜੁੜ ਰਿਹਾ ਹੈ ਪਰ ਇਸ ਬਾਰੇ ਏਡੀਸੀਪੀ ਦਾ ਕਹਿਣਾ ਸੀ ਕਿ ਫਿਲਹਾਲ ਜਾਂਚ ਤੋਂ ਬਾਅਦ ਕੁਝ ਕਿਹਾ ਜਾ ਸਕਦਾ ਹੈ।