ਪੋਲਿੰਗ ਸਟੇਸ਼ਨਾਂ ਦੀ ਗਿਣਤੀ 1926 ਤੋਂ ਵਧਾ ਕੇ 1997 ਕਰਨ ਦੀ ਤਜਵੀਜ਼ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਵੱਖ-ਵੱਖ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ
Publish Date: Sat, 11 Jul 2026 07:36 PM (IST)
Updated Date: Sat, 11 Jul 2026 07:39 PM (IST)
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ ਭਾਰਤ ਚੋਣ ਕਮਿਸ਼ਨ ਵੱਲੋਂ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ.ਆਈ.ਆਰ.)-2026 ਤਹਿਤ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਲਾਈਜ਼ੇਸ਼ਨ ਤੋਂ ਬਾਅਦ ਜਲੰਧਰ ਜ਼ਿਲ੍ਹੇ ਵਿਚ ਪੋਲਿੰਗ ਸਟੇਸ਼ਨਾਂ ਦੀ ਗਿਣਤੀ 1926 ਤੋਂ ਵਧਾ ਕੇ 1997 ਕਰਨ ਦੀ ਤਜਵੀਜ਼ ਹੈ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਰਜੀਤ ਵਾਲੀਆ ਨੇ ਇਸ ਸਬੰਧੀ ਅੱਜ ਵੱਖ-ਵੱਖ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਹਰ ਪੋਲਿੰਗ ਸਟੇਸ਼ਨ ’ਤੇ ਵੋਟਰਾਂ ਦੀ ਵੱਧ ਤੋਂ ਵੱਧ ਗਿਣਤੀ 1200 ਨਿਰਧਾਰਿਤ ਕੀਤੀ ਗਈ ਹੈ। ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਵਿਚ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਲਾਈਜ਼ੇਸ਼ਨ ਦੀ ਪ੍ਰਕਿਰਿਆ ਪੂਰੀ ਕਰਦੇ ਹੋਏ ਲੋੜੀਂਦੀ ਤਜਵੀਜ਼ ਤਿਆਰ ਕੀਤੀ ਗਈ ਹੈ। ਇਸ ਦਾ ਟੀਚਾ ਪੋਲਿੰਗ ਸਟੇਸ਼ਨਾਂ ਦਾ ਬਿਹਤਰ ਪ੍ਰਬੰਧਨ ਯਕੀਨੀ ਬਣਾਉਣਾ ਅਤੇ ਚੋਣਾਂ ਦੌਰਾਨ ਵੋਟਰਾਂ ਨੂੰ ਵਧੇਰੇ ਸਹੂਲਤ ਪ੍ਰਦਾਨ ਕਰਨਾ ਹੈ। ਇਸ ਰੈਸ਼ਨਲਾਈਜ਼ੇਸ਼ਨ ਤੋਂ ਬਾਅਦ ਜ਼ਿਲ੍ਹੇ ਵਿਚ 74 ਨਵੇਂ ਪੋਲਿੰਗ ਬੂਥਾਂ ਦੀ ਸਥਾਪਨਾ ਅਤੇ 3 ਪੋਲਿੰਗ ਬੂਥਾਂ ਨੂੰ ਮਰਜ਼ ਕਰਨ ਉਪਰੰਤ ਜ਼ਿਲ੍ਹੇ ਵਿਚ ਪੋਲਿੰਗ ਸਟੇਸ਼ਨਾਂ ਦੀ ਗਿਣਤੀ 1926 ਤੋਂ ਵਧ ਕੇ 1997 ਹੋਣ ਦੀ ਤਜਵੀਜ਼ ਹੈ। ਇਹ ਤਜਵੀਜ਼ ਅੰਤਿਮ ਪ੍ਰਵਾਨਗੀ ਲਈ ਮੁੱਖ ਚੋਣ ਅਫ਼ਸਰ, ਪੰਜਾਬ ਨੂੰ ਭੇਜੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਚੋਣ ਰਜਿਸਟ੍ਰੇਸ਼ਨ ਅਫ਼ਸਰਾਂ ਵੱਲੋਂ ਆਪੋ-ਆਪਣੇ ਵਿਧਾਨ ਸਭਾ ਹਲਕਿਆਂ ਵਿਚ ਪੋਲਿੰਗ ਸਟੇਸ਼ਨਾਂ ਦੀ ਸਮੀਖਿਆ ਕਰਨ ਤੋਂ ਬਾਅਦ ਨਵੇਂ ਪੋਲਿੰਗ ਬੂਥ ਸਥਾਪਤ ਕਰਨ, ਕੁਝ ਪੋਲਿੰਗ ਸਟੇਸ਼ਨਾਂ ਦੇ ਨਾਵਾਂ ’ਚ ਸੋਧ ਕਰਨ, ਇਮਾਰਤਾਂ ਵਿਚ ਤਬਦੀਲੀ ਕਰਨ ਸਬੰਧੀ ਤਜਵੀਜ਼ਾਂ ਤਿਆਰ ਕੀਤੀਆਂ ਗਈਆਂ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਫਿਲੌਰ ਵਿਚ ਮੌਜੂਦਾ 242 ਪੋਲਿੰਗ ਸਟੇਸ਼ਨ ਹਨ ਤੇ ਰੈਸ਼ਨਲਾਈਜ਼ੇਸ਼ਨ ਉਪਰੰਤ 244 ਪੋਲਿੰਗ ਸਟੇਸ਼ਨ ਕਰਨ ਦੀ ਤਜਵੀਜ਼ ਹੈ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਨਕੋਦਰ ਦੇ ਮੌਜੂਦਾ 252 ਪੋਲਿੰਗ ਸਟੇਸ਼ਨ ਹਨ ਤੇ ਰੈਸ਼ਨਲਾਈਜ਼ੇਸ਼ਨ ਉਪਰੰਤ 255, ਸ਼ਾਹਕੋਟ ’ਚ 250 ਤੇ ਰੈਸ਼ਨਲਾਈਜ਼ੇਸ਼ਨ ਉਪਰੰਤ 252, ਕਰਤਾਰਪੁਰ ਵਿਖੇ 199 ਤੇ ਰੈਸ਼ਨਲਾਈਜ਼ੇਸ਼ਨ ਤੋਂ ਬਾਅਦ 225 ਅਤੇ ਆਦਮਪੁਰ ’ਚ ਮੌਜੂਦਾ 210 ਪੋਲਿੰਗ ਸਟੇਸ਼ਨ ਹਨ ਤੇ ਰੈਸ਼ਨਲਾਈਜ਼ੇਸ਼ਨ ਉਪਰੰਤ 216 ਪੋਲਿੰਗ ਸਟੇਸ਼ਨ ਕਰਨ ਦੀ ਤਜਵੀਜ਼ ਹੈ। ਇਸੇ ਤਰ੍ਹਾਂ ਜਲੰਧਰ ਪੱਛਮੀ ’ਚ ਮੌਜੂਦਾ 181 ਪੋਲਿੰਗ ਸਟੇਸ਼ਨ ਹਨ ਤੇ ਰੈਸ਼ਨਲਾਈਜ਼ੇਸ਼ਨ ਉਪਰੰਤ 192, ਜਲੰਧਰ ਕੇਂਦਰੀ ’ਚ 185 ਤੇ ਰੈਸ਼ਨਲਾਈਜ਼ੇਸ਼ਨ ਤੋਂ ਬਾਅਦ 191, ਜਲੰਧਰ ਉੱਤਰੀ ਵਿਖੇ 195 ਤੇ ਰੈਸ਼ਨਲਾਈਜ਼ੇਸ਼ਨ ਤੋਂ ਬਾਅਦ 204 ਤੇ ਜਲੰਧਰ ਛਾਉਣੀ ਵਿਖੇ ਮੌਜੂਦਾ ਸਮੇਂ 212 ਪੋਲਿੰਗ ਸਟੇਸ਼ਨ ਹਨ ਤੇ ਰੈਸ਼ਨਲਾਈਜ਼ੇਸ਼ਨ ਉਪਰੰਤ 218 ਪੋਲਿੰਗ ਸਟੇਸ਼ਨ ਕਰਨ ਦੀ ਤਜਵੀਜ਼ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 74 ਨਵੇਂ ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ ਅਤੇ 3 ਮਰਜ਼ ਕੀਤੇ ਗਏ ਹਨ, ਜਿਸ ਅਨੁਸਾਰ 71 ਪੋਲਿੰਗ ਬੂਥਾਂ ਦੇ ਵਾਧੇ ਨਾਲ ਜ਼ਿਲ੍ਹੇ ਵਿਚ ਕੁੱਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 1997 ਹੋਣ ਦੀ ਤਜਵੀਜ਼ ਹੈ। ਮੀਟਿੰਗ ’ਚ ਚੋਣ ਤਹਿਸੀਲਦਾਰ ਡਾ. ਦੀਪਕ ਰਾਜ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ।