- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰੀ ਹੋਮਿਓਪੈਥੀ ਡਿਸਪੈਂਸਰੀਆਂ ਵਿੱਚ ਪੰਜ ਸਾਲਾਂ ਤੋਂ ਖਤਮ ਹਨ ਦਵਾਈਆਂ

ਜਾਸ, ਜਲੰਧਰ
ਐਲੋਪੈਥੀ ਦੇ ਨਾਲ-ਨਾਲ ਲੋਕਾਂ ਦਾ ਰੁਝਾਨ ਹੁਣ ਹੋਮਿਓਪੈਥੀ ਤੇ ਆਯੁਰਵੈਦਿਕ ਵੱਧ ਰਿਹਾ ਹੈ। ਖਾਸ ਕਰਕੇ ਕੋਵਿਡ-19 ਮਹਾਮਾਰੀ ਤੋਂ ਬਾਅਦ ਬਦਲਵੇਂ ਇਲਾਜ ’ਚ ਲੋਕਾਂ ਦਾ ਭਰੋਸਾ ਵਧਿਆ ਹੈ। ਹਾਲਾਂਕਿ ਸਰਕਾਰੀ ਹੋਮਿਓਪੈਥੀ ਡਿਸਪੈਂਸਰੀਆਂ ਦੀ ਸਥਿਤੀ ਇਸ ਵਧ ਰਹੇ ਰੁਝਾਨ ਦੇ ਉਲਟ ਹੈ। ਆਯੁਰਵੈਦਿਕ ਡਿਸਪੈਂਸਰੀਆਂ ਤੋਂ ਬਾਅਦ ਹੋਮਿਓਪੈਥੀ ਡਿਸਪੈਂਸਰੀਆਂ ’ਚ ਵੀ ਦਵਾਈਆਂ ਖਤਮ ਹੋ ਗਈਆਂ ਹਨ। ਇਸ ਕਾਰਨ ਸੈਂਕੜੇ ਮਰੀਜ਼ਾਂ ਨੂੰ ਹਰ ਰੋਜ਼ ਖਾਲੀ ਹੱਥ ਵਾਪਸ ਪਰਤਣਾ ਪੈ ਰਿਹਾ ਹੈ। ਸਟਾਫ ਦਾ ਕਹਿਣਾ ਹੈ ਕਿ ਵਿਭਾਗ ਨੇ ਕੋਵਿਡ-19 ਮਹਾਮਾਰੀ ਤੋਂ ਬਾਅਦ ਦਵਾਈਆਂ ਦੀ ਸਪਲਾਈ ਨਹੀਂ ਭੇਜੀ ਹੈ। ਡਿਸਪੈਂਸਰੀਆਂ ’ਚ ਕੰਮ ਕਰਨ ਵਾਲੇ ਡਾਕਟਰ ਅਤੇ ਫਾਰਮਾਸਿਸਟ ਆਪਣੀਆਂ ਜੇਬਾਂ ’ਚੋਂ ਜਾਂ ਦਾਨੀਆਂ ਦੀ ਮਦਦ ਨਾਲ ਜ਼ਰੂਰੀ ਦਵਾਈਆਂ ਖਰੀਦ ਕੇ ਪ੍ਰਬੰਧ ਕਰ ਰਹੇ ਹਨ। ਇਸ ਦੇ ਬਾਵਜੂਦ ਇਹ ਯਕੀਨੀ ਬਣਾਉਣਾ ਸੰਭਵ ਨਹੀਂ ਹੈ ਕਿ ਹਰ ਮਰੀਜ਼ ਨੂੰ ਦਵਾਈਆਂ ਮਿਲਣ। ਕੁਝ ਐਲੋਪੈਥਿਕ ਡਾਕਟਰ ਵੀ ਹੁਣ ਗੁਰਦੇ ਦੀ ਪੱਥਰੀ ਵਰਗੇ ਮਾਮਲਿਆਂ ਲਈ ਹੋਮਿਓਪੈਥਿਕ ਦਵਾਈਆਂ ਲਿਖ ਰਹੇ ਹਨ। ਇਸ ਨਾਲ ਹੋਮਿਓਪੈਥੀ ’ਚ ਭਰੋਸਾ ਹੋਰ ਵਧਿਆ ਹੈ ਪਰ ਦਵਾਈ ਦੀ ਘਾਟ ਮਰੀਜ਼ਾਂ ਦੀਆਂ ਸਮੱਸਿਆਵਾਂ ਵਧਾ ਰਹੀਆਂ ਹਨ।
ਸਿਵਲ ਹਸਪਤਾਲ, ਜਲੰਧਰ ’ਚ ਸਥਿਤ ਹੋਮਿਓਪੈਥੀ ਡਿਸਪੈਂਸਰੀ ਦੇ ਅੰਕੜੇ ਇਸ ਵਧਦੀ ਮੰਗ ਦੀ ਗਵਾਹੀ ਦਿੰਦੇ ਹਨ। ਪਿਛਲੇ ਜੂਨ ’ਚ ਡਿਸਪੈਂਸਰੀ ਵਿਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਇਸ ਜੂਨ ’ਚ 6,650 ਹੋ ਗਈ, ਜੋ ਕਿ ਸਿਰਫ ਇਕ ਸਾਲ ਵਿੱਚ 1,600 ਤੋਂ ਵੱਧ ਮਰੀਜ਼ਾਂ ਦਾ ਵਾਧਾ ਹੈ।
---
ਬਾਜ਼ਾਰ ’ਚੋਂ ਖ਼ਰੀਦਣੀ ਪੈਂਦੀਆਂ ਹਨ ਦਵਾਈਆਂ
ਬਸਤੀ ਸ਼ੇਖ ਦੀ ਰਹਿਣ ਵਾਲੀ ਕਮਲੇਸ਼ ਦੇਵੀ, ਪਿਛਲੇ ਤਿੰਨ ਸਾਲਾਂ ਤੋਂ ਗਠੀਏ ਦੇ ਇਲਾਜ ਲਈ ਹੋਮਿਓਪੈਥੀ ਲੈ ਰਹੀ ਹੈ। ਉਸ ਨੇ ਦੱਸਿਆ ਕਿ ਐਲੋਪੈਥੀ ਦਰਦ ਨੂੰ ਘੱਟ ਕਰਦੀ ਸੀ ਪਰ ਇਸਦੇ ਬਹੁਤ ਸਾਰੇ ਮਾੜੇ ਪ੍ਰਭਾਵ ਸਨ। ਹੋਮਿਓਪੈਥੀ ਹੌਲੀ-ਹੌਲੀ ਰਾਹਤ ਦਿੰਦੀ ਸੀ। ਹੁਣ ਇੱਥੇ ਦਵਾਈ ਉਪਲੱਬਧ ਨਹੀਂ ਹੈ ਤੇ ਉਸ ਨੂੰ ਬਾਜ਼ਾਰ ’ਚੋਂ ਖਰੀਦਣਾ ਪੈਂਦਾ ਹੈ। ਹਰੇਕ ਬੋਤਲ ਦੀ ਕੀਮਤ 80-90 ਰੁਪਏ ਹੈ।
ਮਕਸੂਦਾਂ ਦਾ ਰਹਿਣ ਵਾਲਾ ਸੁਰਿੰਦਰ ਕੁਮਾਰ ਗੁਰਦੇ ਦੀ ਪੱਥਰੀ ਤੋਂ ਪੀੜਤ ਹੈ। ਉਹ ਕਹਿੰਦਾ ਹੈ ਕਿ ਡਾਕਟਰ ਨੇ ਉਸ ਨੂੰ ਦੱਸਿਆ ਕਿ ਸਰਜਰੀ ਦੀ ਕੋਈ ਲੋੜ ਨਹੀਂ ਹੈ ਤੇ ਹੋਮਿਓਪੈਥੀ ਪੱਥਰੀ ਨੂੰ ਦੂਰ ਕਰ ਦੇਵੇਗੀ। ਉਸ ਨੇ ਦਵਾਈ ਲੈਣੀ ਸ਼ੁਰੂ ਕਰ ਦਿੱਤੀ ਤੇ ਫਾਇਦਾ ਹੋ ਰਿਹਾ ਹੈ। ਇਕ ਮੈਡੀਕਲ ਸਟੋਰ 'ਤੇ ਇੱਕ ਪੂਰੀ ਖੁਰਾਕ ਦੀ ਕੀਮਤ 600 ਰੁਪਏ ਹੈ। ਜੇ ਖੁਦ ਪੈਸੇ ਖਰਚਣੇ ਪੈਂਦੇ ਹਨ ਤਾਂ ਸਰਕਾਰੀ ਸਹੂਲਤਾਂ ਦਾ ਕੀ ਫਾਇਦਾ?
---
16 ਡਿਸਪੈਂਸਰੀਆਂ, ਸਟਾਫ ਦੀ ਵੱਡੀ ਘਾਟ
ਸਰਕਾਰੀ ਤੇ ਐੱਨਐੱਚਐੱਮ ਪ੍ਰੋਗਰਾਮਾਂ ਅਧੀਨ ਪੰਜਾਬ ਭਰ ’ਚ ਕੁੱਲ 224 ਹੋਮਿਓਪੈਥੀ ਡਿਸਪੈਂਸਰੀਆਂ ਕੰਮ ਕਰਦੀਆਂ ਹਨ। ਇਨ੍ਹਾਂ ਵਿੱਚੋਂ 16 ਇਕੱਲੇ ਜਲੰਧਰ ਜ਼ਿਲ੍ਹੇ ਵਿੱਚ ਹਨ। ਅੱਠ ਸਰਕਾਰੀ ਤੌਰ 'ਤੇ ਚਲਾਏ ਜਾਂਦੇ ਹਨ ਤੇ ਅੱਠ ਐੱਨਐੱਚਐੱਮ ਬੈਨਰ ਹੇਠ ਹਨ। ਹਾਲਾਂਕਿ ਸਟਾਫਿੰਗ ਦੀ ਸਥਿਤੀ ਬਹੁਤ ਮਾੜੀ ਹੈ। ਜ਼ਿਲ੍ਹੇ ਦੀਆਂ ਸਰਕਾਰੀ ਡਿਸਪੈਂਸਰੀਆਂ ’ਚ ਪੰਜ ਡਾਕਟਰਾਂ, ਪੰਜ ਡਿਸਪੈਂਸਰਾਂ ਤੇ ਪੰਜ ਦਰਜਾ 4 ਮੁਲਾਜ਼ਮਾਂ ਦੀਆਂ ਅਸਾਮੀਆਂ ਖਾਲੀ ਹਨ। ਸਥਿਤੀ ਅਜਿਹੀ ਹੈ ਕਿ ਹਰੇਕ ਡਾਕਟਰ ਨੂੰ ਦੋ ਤੋਂ ਤਿੰਨ ਡਿਸਪੈਂਸਰੀਆਂ ਦੇ ਪ੍ਰਬੰਧ ਦੇਖਣੇ ਪੈਂਦੇ ਹਨ। ਜ਼ਿਲ੍ਹਾ ਹੋਮਿਓਪੈਥੀ ਅਫਸਰ ਕੋਲ ਛੇ ਜ਼ਿਲ੍ਹਿਆਂ ਦੀ ਵਾਧੂ ਜ਼ਿੰਮੇਵਾਰੀ ਹੈ। ਸੂਬਾ ਪੱਧਰ 'ਤੇ ਲਗਭਗ 70% ਅਸਾਮੀਆਂ ਵੀ ਖਾਲੀ ਹਨ।
---
ਦਵਾਈਆਂ ਛੇਤੀ ਹੀ ਪੁੱਜ ਜਾਣਗੀਆਂ, ਭਰਤੀ ਸ਼ੁਰੂ ਹੋਵੇਗੀ
ਹੋਮਿਓਪੈਥੀ ਵਿਭਾਗ ਦੇ ਡਾਇਰੈਕਟਰ ਡਾ. ਹਰਿੰਦਰ ਪਾਲ ਮੰਨਦੇ ਹਨ ਕਿ ਦਵਾਈਆਂ ਦੀ ਲੰਬੇ ਸਮੇਂ ਤੋਂ ਘਾਟ ਹੈ। ਉਨ੍ਹਾਂ ਕਿਹਾ ਕਿ ਖਰੀਦ ਪ੍ਰਕਿਰਿਆ ਪੂਰੀ ਹੋ ਗਈ ਹੈ ਤੇ ਸਪਲਾਈ ਬਹੁਤ ਜਲਦੀ ਸਾਰੀਆਂ ਡਿਸਪੈਂਸਰੀਆਂ ’ਚ ਪਹੁੰਚਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸਟਾਫ ਦੀ ਘਾਟ ਨੂੰ ਪੂਰਾ ਕਰਨ ਲਈ ਡਾਕਟਰਾਂ ਦੀ ਭਰਤੀ ਪ੍ਰਕਿਰਿਆ ਜਲਦੀ ਹੀ ਸ਼ੁਰੂ ਹੋਵੇਗੀ। ਵਿਭਾਗ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਅਗਲੇ ਕੁਝ ਹਫ਼ਤਿਆਂ ’ਚ ਸਥਿਤੀ ਆਮ ਵਾਂਗ ਹੋ ਜਾਵੇਗੀ, ਦਵਾਈਆਂ ਜਲਦੀ ਆ ਜਾਣਗੀਆਂ।