- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਛੇੜਛਾੜ ਤੋਂ ਰੋਕਣ ’ਤੇ ਮਾਰਕੀਟ ਪ੍ਰਧਾਨ ’ਤੇ ਹਮਲਾ, ਭਗਵਾਨ ਵਾਲਮੀਕਿ ਚੌਕ ’ਚ ਲੱਗਾ ਧਰਨਾ

-ਔਰਤਾਂ ਨਾਲ ਛੇੜਛਾੜ ਤੋਂ ਰੋਕਣ ’ਤੇ ਮਾਰਕੀਟ ਪ੍ਰਧਾਨ ’ਤੇ ਹੋਏ ਹਮਲੇ ਦਾ ਮਾਮਲਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਭਗਵਾਨ ਵਾਲਮੀਕਿ ਚੌਂਕ ਵਿੱਚ ਮੰਗਲਵਾਰ ਨੂੰ ਉਸ ਸਮੇਂ ਤਣਾਅਪੂਰਨ ਮਾਹੌਲ ਬਣ ਗਿਆ ਜਦੋਂ ਛੇੜਛਾੜ ਦੇ ਦੋਸ਼ ਹੇਠ ਫੜੇ ਗਏ ਕੁਝ ਨੌਜਵਾਨਾਂ ਦੇ ਸਾਥੀਆਂ ਨੇ ਰੈਣਕ ਬਾਜ਼ਾਰ ਮਾਰਕੀਟ ਦੇ ਪ੍ਰਧਾਨ ਸ਼ਿਵਨਾਥ ਸ਼ਿੱਬਾ ’ਤੇ ਹਮਲਾ ਕਰ ਦਿੱਤਾ। ਘਟਨਾ ਦੇ ਵਿਰੋਧ ਵਿੱਚ ਦੁਕਾਨਦਾਰਾਂ ਅਤੇ ਇਲਾਕਾ ਵਾਸੀਆਂ ਨੇ ਚੌਂਕ ਵਿੱਚ ਧਰਨਾ ਦੇ ਕੇ ਸੜਕ ਜਾਮ ਕਰ ਦਿੱਤੀ। ਰੋਸ ਮੁਜ਼ਾਹਰੇ ਦੌਰਾਨ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਸ਼ਸ਼ੀ ਸ਼ਰਮਾ ਤੇ ਭਗਵਾਨ ਵਾਲਮੀਕਿ ਆਸ਼ਰਮ ਦੇ ਚੇਅਰਮੈਨ ਵਿਪਨ ਸਭਰਵਾਲ ਵੀ ਮੌਕੇ ’ਤੇ ਪਹੁੰਚੇ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ।
ਸ਼ਸ਼ੀ ਸ਼ਰਮਾ ਤੇ ਵਿਪਨ ਸਭਰਵਾਲ ਨੇ ਦੱਸਿਆ ਕਿ ਸ਼ਿਵਨਾਥ ਸ਼ਿੱਬਾ ਤੇ ਹੋਰ ਵਪਾਰੀਆਂ ਨੇ ਦੋ ਨੌਜਵਾਨਾਂ ਨੂੰ ਔਰਤਾਂ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਕਾਬੂ ਕੀਤਾ ਸੀ। ਇਸ ਉਪਰੰਤ ਉਨ੍ਹਾਂ ਨੂੰ ਪੁਲਿਸ ਥਾਣਾ ਡਿਵੀਜ਼ਨ ਨੰਬਰ-4 ਲਿਜਾਇਆ ਜਾ ਰਿਹਾ ਸੀ। ਦੋਸ਼ ਹੈ ਕਿ ਰਸਤੇ ’ਚ ਦੋਵੇਂ ਨੌਜਵਾਨਾਂ ਨੇ ਵਿਵਾਦ ਖੜ੍ਹਾ ਕਰ ਦਿੱਤਾ। ਉਨ੍ਹਾਂ ਦੇ ਕੁਝ ਸਾਥੀ ਵੀ ਮੌਕੇ ’ਤੇ ਪਹੁੰਚ ਗਏ ਅਤੇ ਪੁਲਿਸ ਦੇ ਸਾਹਮਣੇ ਹੀ ਉਨ੍ਹਾਂ ਨੂੰ ਛੁਡਾ ਕੇ ਲੈ ਗਏ। ਪ੍ਰਤੱਖਦਰਸ਼ੀ ਜਤਿੰਦਰ ਨੇ ਦੱਸਿਆ ਕਿ ਮੁਲਜ਼ਮਾਂ ਦੇ ਸਾਥੀਆਂ ਨੇ ਪਹਿਲਾਂ ਗਾਲੀ-ਗਲੌਚ ਕੀਤੀ ਅਤੇ ਫਿਰ ਸ਼ਿਵਨਾਥ ਸ਼ਿੱਬਾ ’ਤੇ ਹਮਲਾ ਕਰ ਦਿੱਤਾ।
ਦੋਸ਼ ਹੈ ਕਿ ਹਮਲਾਵਰਾਂ ਨੇ ਦਾਤਰ ਤੇ ਤਲਵਾਰ ਨਾਲ ਕਈ ਵਾਰ ਕੀਤੇ। ਘਟਨਾ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਅਤੇ ਬਾਜ਼ਾਰ ਵਿੱਚ ਕੁਝ ਸਮੇਂ ਲਈ ਭਗਦੜ ਵਰਗੇ ਹਾਲਾਤ ਬਣ ਗਏ। ਮੌਕੇ ’ਤੇ ਮੌਜੂਦ ਲੋਕਾਂ ਨੇ ਕੁਝ ਹਮਲਾਵਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਮੁਲਜ਼ਮ ਫਰਾਰ ਹੋਣ ਵਿੱਚ ਕਾਮਯਾਬ ਰਹੇ। ਮੁਜ਼ਾਹਰਾਕਾਰੀਆਂ ਦਾ ਦੋਸ਼ ਸੀ ਕਿ ਪੁਲਿਸ ਦੀ ਮੌਜੂਦਗੀ ਦੇ ਬਾਵਜੂਦ ਮੁਲਜ਼ਮ ਮੌਕੇ ਤੋਂ ਭੱਜ ਨਿਕਲੇ। ਘਟਨਾ ਦੇ ਵਿਰੋਧ ਵਿੱਚ ਦੁਕਾਨਦਾਰਾਂ ਅਤੇ ਇਲਾਕਾ ਵਾਸੀਆਂ ਨੇ ਭਗਵਾਨ ਵਾਲਮੀਕਿ ਚੌਕ ਵਿੱਚ ਧਰਨਾ ਸ਼ੁਰੂ ਕਰ ਦਿੱਤਾ। ਰੋਸ ਮੁਜ਼ਾਹਰੇ ਕਾਰਨ ਚੌਂਕ ਅਤੇ ਆਸ-ਪਾਸ ਦੇ ਬਾਜ਼ਾਰਾਂ ’ਚ ਲੰਮਾ ਟਰੈਫਿਕ ਜਾਮ ਲੱਗ ਗਿਆ।
ਲੋਕਾਂ ਨੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੁਲਜ਼ਮਾਂ ਦੀ ਤੁਰੰਤ ਗ੍ਰਿਫ਼ਤਾਰੀ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ। ਧਰਨੇ ਦੌਰਾਨ ਸ਼ਸ਼ੀ ਸ਼ਰਮਾ, ਵਿਪਨ ਸਭਰਵਾਲ, ਰਾਜੀਵ ਗੋਰਾ, ਚੇਤਨ ਹਾਂਡਾ ਤੇ ਅਭੀ ਸਭਰਵਾਲ ਨੇ ਕਿਹਾ ਕਿ ਦਿਨ-ਦਿਹਾੜੇ ਵਾਪਰੀ ਇਸ ਘਟਨਾ ਨੇ ਕਾਨੂੰਨ-ਵਿਵਸਥਾ ਅਤੇ ਵਪਾਰੀਆਂ ਦੀ ਸੁਰੱਖਿਆ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਬਾਅਦ ’ਚ ਮੌਕੇ ’ਤੇ ਪਹੁੰਚੇ ਡੀਸੀਪੀ ਇਨਵੈਸਟੀਗੇਸ਼ਨ ਜਯੰਤ ਪੁਰੀ ਨੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਕਿ ਦੋ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਬਾਕੀ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ।