- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਮਾਮਲੇ ’ਚ ਅਨਮੋਲ ਰਤਨ ਦੇ ਪਿਤਾ ਬਲਵਿੰਦਰ ਸਿੰਘ ਦੇ ਖਾਤੇ ’ਚ 3 ਲੱਖ ਰੁਪਏ ਟ੍ਰਾਂਸਫਰ ਹੋਣ ਕਾਰਨ ਪੁਲਿਸ ਵੱਲੋਂ ਉਸ ਨੂੰ 23 ਜੂਨ 2026 ਨੂੰ ਗ੍ਰਿਫ਼ਤਾਰ ਕਰਕੇ ਕੇਂਦਰੀ ਜੇਲ੍ਹ ਕਪੂਰਥਲਾ ’ਚ ਬੰਦ ਕਰਵਾਇਆ ਜਾ ਚੁੱਕਾ ਹੈ। ਡੀਐੱਸਪੀ ਬੱਲ ਨੇ ਦੱਸਿਆ ਕਿ ਮੁਲਜ਼ਮ ਅਨਮੋਲ ਰਤਨ ਬੇਹੱਦ ਸ਼ਾਤਰ ਕਿਸਮ ਦਾ ਵਿਅਕਤੀ ਹੈ, ਜੋ ਆਪਣੀ ਪੱਕੀ ਠਾਹਰ ਨਹੀਂ ਬਣਾਉਂਦਾ ਸੀ

-ਮੁਲਜ਼ਮਾਂ ਕੋਲੋਂ ਲੈਪਟਾਪ, ਮੋਬਾਈਲ, ਜਾਅਲੀ ਆਈਡੀ ਕਾਰਡ ਤੇ ਹੋਰ ਦਸਤਾਵੇਜ਼ ਬਰਾਮਦ ਪ੍ਰਿਤਪਾਲ ਸਿੰਘ/ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਸ਼ਾਹਕੋਟ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਜਾਅਲੀ ਆਈਪੀਐੱਸ ਅਧਿਕਾਰੀ ਬਣ ਕੇ ਪੁਲਿਸ ਮਹਿਕਮੇ ’ਚ ਡੀਐੱਸਪੀ ਤੇ ਹੌਲਦਾਰ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ 31,50,000 ਰੁਪਏ ਦੀ ਠੱਗੀ ਮਾਰਨ ਵਾਲੇ ਮੁਲਜ਼ਮ ਤੇ ਉਸ ਦੀ ਪਤਨੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਮੁਲਜ਼ਮ ਦਾ ਪਿਤਾ ਪਹਿਲਾਂ ਹੀ ਜੇਲ੍ਹ ਵਿੱਚ ਬੰਦ ਹੈ। ਉੱਪ ਪੁਲਿਸ ਕਪਤਾਨ ਸਬ ਡਵੀਜ਼ਨ ਸ਼ਾਹਕੋਟ ਸਰਵਨ ਸਿੰਘ ਬੱਲ ਤੇ ਐੱਸਐੱਚਓ ਅਮਨ ਸੈਣੀ ਨੇ ਦੱਸਿਆ ਕਿ ਰਵੀਨ ਕੌਰ ਪੁੱਤਰੀ ਬਲਵੀਰ ਸਿੰਘ ਵਾਸੀ ਬਾਉਪੁਰ ਬੇਟ (ਸ਼ਾਹਕੋਟ) ਨੂੰ ਪੁਲਿਸ ਮਹਿਕਮੇ ’ਚ ਬਤੌਰ ਡੀਐੱਸਪੀ ਤੇ ਉਸਦੇ ਭਰਾ ਹਰਦੀਪ ਸਿੰਘ ਨੂੰ ਹੌਲਦਾਰ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਅਨਮੋਲ ਰਤਨ ਵਾਸੀ ਪਿੰਡ ਕੋਟਲਾ ਸੁਲੇਮਾਨ, (ਫਤਿਹਗੜ੍ਹ ਸਾਹਿਬ) ਵੱਲੋਂ 31,50,000 ਰੁਪਏ ਦੀ ਠੱਗੀ ਮਾਰੀ ਗਈ ਸੀ। ਇਸ ਸਬੰਧੀ ਥਾਣਾ ਸ਼ਾਹਕੋਟ ’ਚ ਮੁਕੱਦਮਾ ਨੰਬਰ 164, ਮਿਤੀ 17.07.2025 ਨੂੰ ਬੀਐੱਨਐੱਸ ਤੇ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਸੀ। ਠੱਗੀ ਮਾਰਨ ਤੋਂ ਬਾਅਦ ਮੁਲਜ਼ਮ ਅਨਮੋਲ ਰਤਨ ਰੂਪੋਸ਼ ਹੋ ਗਿਆ ਸੀ। ਇਸ ਮਾਮਲੇ ’ਚ ਅਨਮੋਲ ਰਤਨ ਦੇ ਪਿਤਾ ਬਲਵਿੰਦਰ ਸਿੰਘ ਦੇ ਖਾਤੇ ’ਚ 3 ਲੱਖ ਰੁਪਏ ਟ੍ਰਾਂਸਫਰ ਹੋਣ ਕਾਰਨ ਪੁਲਿਸ ਵੱਲੋਂ ਉਸ ਨੂੰ 23 ਜੂਨ 2026 ਨੂੰ ਗ੍ਰਿਫ਼ਤਾਰ ਕਰਕੇ ਕੇਂਦਰੀ ਜੇਲ੍ਹ ਕਪੂਰਥਲਾ ’ਚ ਬੰਦ ਕਰਵਾਇਆ ਜਾ ਚੁੱਕਾ ਹੈ। ਡੀਐੱਸਪੀ ਬੱਲ ਨੇ ਦੱਸਿਆ ਕਿ ਮੁਲਜ਼ਮ ਅਨਮੋਲ ਰਤਨ ਬੇਹੱਦ ਸ਼ਾਤਰ ਕਿਸਮ ਦਾ ਵਿਅਕਤੀ ਹੈ, ਜੋ ਆਪਣੀ ਪੱਕੀ ਠਾਹਰ ਨਹੀਂ ਬਣਾਉਂਦਾ ਸੀ ਤੇ ਲਗਾਤਾਰ ਆਪਣੇ ਰਿਹਾਇਸ਼ੀ ਅੱਡੇ ਤੇ ਮੋਬਾਈਲ ਨੰਬਰ ਬਦਲ ਲੈਂਦਾ ਸੀ। ਉਸ ਨੂੰ ਕਾਬੂ ਕਰਨ ਲਈ ਸ਼ਾਹਕੋਟ ਪੁਲਿਸ ਤੇ ਸੀਆਈਏ ਸਟਾਫ ਦੀਆਂ ਵੱਖ-ਵੱਖ ਪੁਲਿਸ ਪਾਰਟੀਆਂ ਬਣਾਈਆਂ ਗਈਆਂ ਸਨ। ਪੁਲਿਸ ਨੇ ਟੈਕਨੀਕਲ ਸੈੱਲ ਦੀ ਮਦਦ ਨਾਲ 8 ਜੁਲਾਈ 2026 ਨੂੰ ਮੁਲਜ਼ਮ ਅਨਮੋਲ ਰਤਨ ਤੇ ਉਸ ਦੀ ਪਤਨੀ ਮਨਦੀਪ ਕੌਰ ਨੂੰ ਗ੍ਰਿਫ਼ਤਾਰ ਕਰਕੇ 5 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ। ਪੁੱਛਗਿੱਛ ਦੌਰਾਨ ਮੁਲਜ਼ਮ ਕੋਲੋਂ ਇਕ ਲੈਪਟਾਪ, ਇਕ ਮੋਬਾਈਲ ਫੋਨ, ਜਾਅਲੀ ਆਈਡੀ ਕਾਰਡ ਤੇ ਹੋਰ ਨਕਲੀ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਮੁਲਜ਼ਮ ਨੇ ਮੰਨਿਆ ਕਿ ਉਸ ਨੇ ਆਈਪੀਐੱਸ ਅਧਿਕਾਰੀ ਹੋਣ ਦੇ ਜਾਅਲੀ ਦਸਤਾਵੇਜ਼ ਤਿਆਰ ਕੀਤੇ ਸਨ ਤੇ ਹੋਰ ਵੀ ਕਈ ਲੋਕਾਂ ਨਾਲ ਠੱਗੀ ਮਾਰੀ ਹੈ। ਪੁਲਿਸ ਵੱਲੋਂ ਕੀਤੀ ਗਈ ਜਾਂਚ ’ਚ ਸਾਹਮਣੇ ਆਇਆ ਕਿ ਮੁਲਜ਼ਮ ਨੇ ਠੱਗੀ ਦੀ ਰਕਮ ਵਿੱਚੋਂ ਸ਼ਾਹਕੋਟ ਵਿਖੇ 'ਠਾਠ ਬਾਠ ਰੈਡੀਮੇਡ ਕੱਪੜਿਆਂ ਦੀ ਦੁਕਾਨ' ਵਿੱਚ 17 ਲੱਖ ਰੁਪਏ ਲਾਏ ਸਨ। ਕਾਰ ਖਰੀਦਣ ਸਮੇਂ 1 ਲੱਖ 10 ਹਜ਼ਾਰ ਰੁਪਏ ਦੇਣ ਤੋਂ ਇਲਾਵਾ ਨਕੋਦਰ ’ਚ ਕੋਠੀ ਖਰੀਦਣ ਲਈ 10 ਲੱਖ ਰੁਪਏ ਅਦਾ ਕੀਤੇ ਸਨ। ਪੁਲਿਸ ਵੱਲੋਂ ਮੁਲਜ਼ਮਾਂ ਕੋਲੋਂ ਬਾਰੀਕੀ ਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਵੀ ਅਹਿਮ ਖੁਲਾਸੇ ਹੋ ਸਕਣ।