SP ਓਸਵਾਲ ਨਾਲ 7 ਕਰੋੜ ਦੀ ਸਾਈਬਰ ਠੱਗੀ ਮਾਮਲੇ 'ਚ ਵੱਡੀ ਕਾਰਵਾਈ, 7 ਮੁਲਜ਼ਮਾਂ ਤੇ ਕੰਪਨੀ ਖ਼ਿਲਾਫ਼ ED ਨੇ ਦਾਖ਼ਲ ਕੀਤੀ ਚਾਰਜਸ਼ੀਟ
ਈਡੀ ਨੇ 14 ਫਰਵਰੀ 2026 ਨੂੰ 1.76 ਕਰੋੜ ਦੀ ਜਾਇਦਾਦ ਕੁਰਕ ਕਰਨ ਦਾ ਆਰਜ਼ੀ ਹੁਕਮ ਜਾਰੀ ਕੀਤਾ ਸੀ। 19 ਫਰਵਰੀ ਨੂੰ ਰੂਮੀ ਕਲਿਤਾ, ਅਰਪਿਤ ਰਾਠੌਰ, ਆਨੰਦ ਚੌਧਰੀ, ਅਤਨੂ ਚੌਧਰੀ ਤੇ ਫ੍ਰੋਜ਼ਨਮੈਨ ਫਰਮ ਖ਼ਿਲਾਫ਼ ਪਹਿਲੀ ਚਾਰਜਸ਼ੀਟ ਦਾਇਰ ਹੋਈ ਸੀ।
Publish Date: Sun, 29 Nov 2026 10:08 AM (IST)
Updated Date: Sun, 29 Nov 2026 10:10 AM (IST)
ਜਾਗਰਣ ਸੰਵਾਦਦਾਤਾ, ਜਲੰਧਰ : ਵਧਵਾਨ ਗਰੁੱਪ ਦੇ ਚੇਅਰਮੈਨ ਐੱਸਪੀ ਓਸਵਾਲ ਨਾਲ ਸੱਤ ਕਰੋੜ ਰੁਪਏ ਦੀ ਸਾਈਬਰ ਠੱਗੀ ਦੇ ਮਾਮਲੇ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੱਤ ਮੁਲਜ਼ਮਾਂ ਤੇ ਇਕ ਕੰਪਨੀ ਖ਼ਿਲਾਫ਼ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਹੈ। 25 ਨਵੰਬਰ ਨੂੰ ਜਲੰਧਰ ਦੀ ਵਿਸ਼ੇਸ਼ ਪੀਐੱਮਐੱਲਏ ਅਦਾਲਤ ’ਚ ਦਾਖ਼ਲ ਚਾਰਜਸ਼ੀਟ ’ਚ ਸੋਹੇਲ ਅਖ਼ਤਰ, ਅਮਰਚੰਦ ਸਰਕਾਰ, ਸੈਖ ਰਮਜ਼ਾਨ ਅਲੀ, ਰਾਕੇਸ਼ ਅਲੀ, ਗੋਲਾਮ ਮੁਰਤਜ਼ਾ, ਆਲੋਕ ਰੰਗੀ ਤੇ ਰਿਗਲੋ ਵੈਂਚਰਜ਼ ਪ੍ਰਾਈਵੇਟ ਲਿਮਟਿਡ ਨੂੰ ਨਾਮਜ਼ਦ ਕੀਤਾ ਗਿਆ ਹੈ।
ਠੱਗਾਂ ਨੇ 31 ਅਗਸਤ 2024 ਨੂੰ ਜਾਂਚ ਏਜੰਸੀਆਂ ਤੇ ਨਿਆਂਪਾਲਿਕਾ ਦੇ ਅਧਿਕਾਰੀ ਬਣ ਕੇ ਓਸਵਾਲ ਨੂੰ ਡਿਜੀਟਲ ਅਰੈਸਟ ਕਰ ਕੇ ਰਕਮ ਟਰਾਂਸਫਰ ਕਰਵਾਈ ਸੀ। ਈਡੀ ਨੇ ਲੁਧਿਆਣਾ ਸਾਈਬਰ ਕ੍ਰਾਈਮ ਥਾਣੇ ਦੀ ਐੱਫਆਈਆਰ ਦੇ ਆਧਾਰ ’ਤੇ ਜਾਂਚ ਸ਼ੁਰੂ ਕੀਤੀ। ਜਾਂਚ ਮੁਤਾਬਕ, ਰਕਮ ਪਹਿਲਾਂ ਰਿਗਲੋ ਵੈਂਚਰਜ਼ ਤੇ ਫ੍ਰੋਜ਼ਨਮੈਨ ਵੇਅਰਹਾਊਸਿੰਗ ਐਂਡ ਲਾਜਿਸਟਿਕਸ ਦੇ ਖਾਤਿਆਂ ’ਚ ਪਾਈ ਗਈ, ਫਿਰ ਮਿਊਲ ਖਾਤਿਆਂ ਰਾਹੀਂ ਘੁਮਾ ਕੇ ਨਕਦੀ ਕਢਵਾ ਲਈ ਗਈ। ਫਰਜ਼ੀ ਕੰਪਨੀਆਂ ਤੇ ਟ੍ਰੇਡ ਬੇਸਡ ਮਨੀ ਲਾਂਡਰਿੰਗ ਰਾਹੀਂ ਇਸ ਦਾ ਹਿੱਸਾ ਵਿਦੇਸ਼ ਭੇਜਿਆ ਗਿਆ।
ਈਡੀ ਨੇ 14 ਫਰਵਰੀ 2026 ਨੂੰ 1.76 ਕਰੋੜ ਦੀ ਜਾਇਦਾਦ ਕੁਰਕ ਕਰਨ ਦਾ ਆਰਜ਼ੀ ਹੁਕਮ ਜਾਰੀ ਕੀਤਾ ਸੀ। 19 ਫਰਵਰੀ ਨੂੰ ਰੂਮੀ ਕਲਿਤਾ, ਅਰਪਿਤ ਰਾਠੌਰ, ਆਨੰਦ ਚੌਧਰੀ, ਅਤਨੂ ਚੌਧਰੀ ਤੇ ਫ੍ਰੋਜ਼ਨਮੈਨ ਫਰਮ ਖ਼ਿਲਾਫ਼ ਪਹਿਲੀ ਚਾਰਜਸ਼ੀਟ ਦਾਇਰ ਹੋਈ ਸੀ।
ਨੌਕਰੀ ਤੇ ਕਰਜ਼ੇ ਦਾ ਝਾਂਸਾ ਦੇ ਕੇ ਖੁੱਲ੍ਹਵਾਏ ਖਾਤੇ
ਈਡੀ ਅਨੁਸਾਰ, ਮੁਲਜ਼ਮ ਆਰਥਿਕ ਤੌਰ ’ਤੇ ਕਮਜ਼ੋਰ ਲੋਕਾਂ ਨੂੰ ਨੌਕਰੀ ਜਾਂ ਕਰਜ਼ੇ ਦਾ ਲਾਲਚ ਦੇ ਕੇ ਬੈਂਕ ਖਾਤੇ ਖੁੱਲ੍ਹਵਾਉਂਦੇ ਸਨ। ਰਕਮ ਤਬਦੀਲ ਕਰਨ ਲਈ ਐੱਮਫਾਰਵਰਡ ਏਪੀਕੇ ਐਪ ਵਰਤੀ ਗਈ। ਰਿਗਲੋ ਵੈਂਚਰਜ਼ ਦੇ ਖਾਤੇ ਸੋਹੇਲ ਅਖ਼ਤਰ ਉਰਫ਼ ਰਾਜੂ ਚਲਾਉਂਦਾ ਸੀ। ਉਹ ਨੇਪਾਲ ’ਚ ਬੈਠੇ ‘ਪ੍ਰਿਸਟ’ ਨਾਂ ਦੇ ਵਿਦੇਸ਼ੀ ਹੈਂਡਲਰ ਦੇ ਨਿਰਦੇਸ਼ਾਂ ’ਤੇ ਨੈੱਟਵਰਕ ਚਲਾਉਂਦਾ ਸੀ। ਈਡੀ ਹੁਣ ਤੱਕ ਰੂਮੀ ਕਲਿਤਾ, ਅਰਪਿਤ ਰਾਠੌਰ ਤੇ ਸੋਹੇਲ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।