ਪੰਜਾਬ ਰੋਡਵੇਜ਼ ਬੱਸ ਦਾ ਟਾਇਰ ਨਿਕਲ ਕੇ ਕਾਰ ’ਚ ਵੱਜਾ ਸਥਾਨਕ ਐੱਸ.ਡੀ.ਐੱਮ. ਕੋਰਟ ਕੰਪਲੈਕਸ ਦੇ ਬਾਹਰ ਸਵੇਰੇ ਕਰੀਬ 9 ਵਜੇ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ। ਮਹਿਤਪੁਰ ਵੱਲੋਂ ਆ ਰਹੀ ਜਲੰਧਰ ਡਿਪੂ ਦੀ ਪੰਜਾਬ ਰੋਡਵੇਜ਼ ਬੱਸ ਦੇ ਅਗਲੇ ਟਾਇਰ ਦਾ ਬੈਰਿੰਗ ਅਚਾਨਕ ਟੁੱਟ ਗਿਆ। ਬੈਰਿੰਗ ਟੁੱਟਣ ਕਾਰਨ ਬੱਸ ਦਾ ਟਾਇਰ ਨਿਕਲ ਕੇ ਹਵਾ ਵਿੱਚ ਉਛਲਿਆ ਤੇ ਦੂਜੇ ਪਾਸੇ ਖੜ੍ਹੀ ਇਕ ਸਵਿਫਟ ਕਾਰ ਤੇ ਜਾ ਡਿੱਗਿਆ।
Publish Date: Wed, 08 Jul 2026 09:17 PM (IST)
Updated Date: Wed, 08 Jul 2026 09:18 PM (IST)
ਧੀਰਜ ਮਰਵਾਹਾ, ਪੰਜਾਬੀ ਜਾਗਰਣ ਨਕੋਦਰ : ਸਥਾਨਕ ਐੱਸ.ਡੀ.ਐੱਮ. ਕੋਰਟ ਕੰਪਲੈਕਸ ਦੇ ਬਾਹਰ ਸਵੇਰੇ ਕਰੀਬ 9 ਵਜੇ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ। ਮਹਿਤਪੁਰ ਵੱਲੋਂ ਆ ਰਹੀ ਜਲੰਧਰ ਡਿਪੂ ਦੀ ਪੰਜਾਬ ਰੋਡਵੇਜ਼ ਬੱਸ ਦੇ ਅਗਲੇ ਟਾਇਰ ਦਾ ਬੈਰਿੰਗ ਅਚਾਨਕ ਟੁੱਟ ਗਿਆ। ਬੈਰਿੰਗ ਟੁੱਟਣ ਕਾਰਨ ਬੱਸ ਦਾ ਟਾਇਰ ਨਿਕਲ ਕੇ ਹਵਾ ਵਿੱਚ ਉਛਲਿਆ ਤੇ ਦੂਜੇ ਪਾਸੇ ਖੜ੍ਹੀ ਇਕ ਸਵਿਫਟ ਕਾਰ ਤੇ ਜਾ ਡਿੱਗਿਆ। ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਗਨੀਮਤ ਰਹੀ ਕਿ ਉਸ ਸਮੇਂ ਸੜਕ ਤੇ ਟ੍ਰੈਫਿਕ ਘੱਟ ਸੀ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕਾਰ ਮਾਲਕ ਸਤਪਾਲ, ਪਿੰਡ ਬੁਲੰਦਾ ਕਿਸੇ ਕੰਮ ਲਈ ਆਏ ਸਨ ਤੇ ਉਨ੍ਹਾਂ ਨੇ ਗੱਡੀ ਖੜ੍ਹੀ ਕੀਤੀ ਸੀ। ਹਾਦਸੇ ਦੇ ਵੇਲੇ ਕਾਰ ਦਾ ਡਰਾਈਵਰ ਕੁਲਵਿੰਦਰ ਸਿੰਘ ਗੱਡੀ ਦੇ ਬਾਹਰ ਦੂਜੇ ਪਾਸੇ ਖੜ੍ਹਾ ਸੀ। ਬੱਸ ਡਰਾਈਵਰ ਯਸ਼ਪਾਲ ਸਿੰਘ ਨੇ ਦੱਸਿਆ ਕਿ ਅਚਾਨਕ ਬੈਰਿੰਗ ਟੁੱਟਣ ਨਾਲ ਟਾਇਰ ਬਾਹਰ ਨਿਕਲ ਗਿਆ। ਚਸ਼ਮਦੀਦਾਂ ਅਨੁਸਾਰ, ਬੱਸ ਕਰੀਬ 25 ਤੋਂ 30 ਫੁੱਟ ਤੱਕ ਘਿਸੜਦੀ ਗਈ। ਦਰਅਸਲ, ਜਿਸ ਰੂਟ ਤੇ ਇਹ ਹਾਦਸਾ ਹੋਇਆ, ਉੱਥੇ ਬੱਸਾਂ ਦੀ ਐਂਟਰੀ ’ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਨਿਯਮਾਂ ਮੁਤਾਬਕ ਲੁਧਿਆਣਾ, ਜਗਰਾਉਂ ਅਤੇ ਮਹਿਤਪੁਰ ਵੱਲੋਂ ਆਉਣ ਵਾਲੀਆਂ ਬੱਸਾਂ ਨੂੰ ਬਾਈਪਾਸ ਹੋ ਕੇ ਜਾਣਾ ਹੁੰਦਾ ਹੈ। ਹਾਦਸੇ ਤੋਂ ਬਾਅਦ ਕਾਰ ਮਾਲਕ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਮੌਕੇ ਤੇ ਹੀ ਅੜ ਗਏ। ਸੂਚਨਾ ਮਿਲਣ ਤੇ ਪੁਲਿਸ ਮੁਲਾਜ਼ਮ ਪੁੱਜੇ ਪਰ ਦੋਵਾਂ ਧਿਰਾਂ ’ਚ ਆਪਸੀ ਸਮਝੌਤਾ ਹੁੰਦਿਆਂ ਹੀ ਉਹ ਤੁਰੰਤ ਚਲੇ ਗਏ। ਪੁਲਿਸ ਨੇ ਡਰਾਈਵਰ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ।