ਸ਼ੇਰ ਸਿੰਘ ਕਾਲੋਨੀ ’ਚ ਹੋਏ ਕਤਲ ਦਾ ਮੁੱਖ ਮੁਲਜ਼ਮ ਝਾਰਖੰਡ ਤੋਂ ਕਾਬੂ
ਸ਼ੇਰ ਸਿੰਘ ਕਾਲੋਨੀ ਵਿਖੇ ਹੋਏ ਕਤਲ ਦਾ ਮੁਖ ਮੁਲਜ਼ਮ ਝਾਰਖੰਡ ਤੋਂ ਗ੍ਰਿਫਤਾਰ
Publish Date: Mon, 15 Jun 2026 09:12 PM (IST)
Updated Date: Mon, 15 Jun 2026 09:15 PM (IST)

-ਪੈਸਿਆ ਦੇ ਲੈਣ ਦੇਣ ਕਾਰਨ ਹੋਇਆ ਸੀ ਝਗੜਾ ਤਰੁਣਦੀਪ ਮਹਿਰਾ, ਪੰਜਾਬੀ ਜਾਗਰਣ, ਜਲੰਧਰ : ਬੀਤੇ ਦਿਨੀ ਜਲੰਧਰ ਦੇ ਥਾਣਾ ਬਸਤੀ ਬਾਵਾ ਖੇਲ ’ਚ ਪੈਂਦੇ ਸ਼ੇਰ ਸਿੰਘ ਕਾਲੋਨੀ ’ਚ ਇਕ ਘਰ ’ਚੋਂ ਬੁਰੀ ਹਾਲਤ ਵਿਚ ਇਕ ਲਾਸ਼ ਮਿਲਣ ਕੇ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਮੌਕੇ ’ਤੇ ਪੁੱਜੇ ਕੇ ਲਾਸ਼ ਨੂੰ ਕਬਜ਼ੇ ’ਚ ਲਿਆ। ਪੋਸਟ ਮਾਰਟਮ ਲਈ ਸਿਵਲ ਹਸਪਤਾਲ ਮੋਰਚਰੀ ਵਿਚ ਰਖਵਾਈ। ਜਾਂਚ ਦੌਰਾਨ ਮ੍ਰਿਤਕ ਦੀ ਪਛਾਣ ਤਨਿਸ਼ ਅਰੋੜਾ ਵਾਸੀ ਬਸਤੀ ਸ਼ੇਖ ਜਲੰਧਰ ਵਜੋਂ ਹੋਈ ਸੀ। ਇਸ ਸਬੰਧੀ ਕਾਰਵਾਈ ਕਰਦਿਆਂ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਇਸ ਮਾਮਲੇ ਦੇ ਮੁੱਖ ਮੁਲਜ਼ਮ ਦੀਪਕ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਦੀਪਕ ਕੁਮਾਰ ਸਿੰਘ ਨਿਵਾਸੀ ਪਿੰਡ ਬੁਲੰਦਪੁਰ, ਨੂਰਮਹਿਲ, ਜਲੰਧਰ ਹਾਲ ਵਾਸੀ ਗੁਰੂ ਰਾਮ ਦਾਸ ਇਨਕਲੇਵ, ਸ਼ੇਰ ਸਿੰਘ ਕਾਲੋਨੀ ਜਲੰਧਰ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਸ਼ੇਰ ਸਿੰਘ ਕਾਲੋਨੀ ਦੇ ਰਹਿਣ ਵਾਲੇ ਤਨਿਸ਼ ਦਾ ਕਤਲ ਉਸ ਦੇ ਦੋਸਤ ਦੀਪਕ ਨੇ ਕੀਤਾ ਸੀ। ਦੋਵਾਂ ਵਿਚਾਲੇ ਇਕ ਵਿੱਤੀ ਲੈਣ-ਦੇਣ ਨੂੰ ਲੈ ਕੇ ਝਗੜਾ ਹੋਇਆ ਸੀ। ਖਾਸ ਤੌਰ ਤੇ ਦੀਪਕ ਨੇ ਤਨਿਸ਼ ਕੋਲੋ ਲਗਭਗ 50,000 ਲੈਣੇ ਸਨ। ਘਟਨਾ ਤੋਂ ਠੀਕ ਇਕ ਦਿਨ ਪਹਿਲਾਂ ਉਨ੍ਹਾਂ ਵਿਚਾਲੇ ਬਹਿਸ ਹੋਈ ਸੀ। ਵਾਰਦਾਤ ਵਾਲੇ ਦਿਨ, ਉਹ ਮਿਲੇ ਤੇ ਪੈਸਿਆਂ ਨੂੰ ਲੈ ਕੇ ਝਗੜੇ ਦੌਰਾਨ ਦੀਪਕ ਨੇ ਤਨਿਸ਼ ਦੀ ਹੱਤਿਆ ਕਰ ਦਿੱਤੀ। ਕਤਲ ਤੋਂ ਬਾਅਦ ਦੀਪਕ ਸਿੱਧਾ ਝਾਰਖੰਡ ’ਚ ਇਕ ਰਿਸ਼ਤੇਦਾਰ ਦੇ ਘਰ ਜਾ ਕੇ ਲੁਕ ਗਿਆ। ਉਨ੍ਹਾਂ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਨੇ ਮੁੱਖ ਮੁਲਜ਼ਮ ਦੀਪਕ ਨੂੰ ਝਾਰਖੰਡ ਵਿੱਚ ਗ੍ਰਿਫਤਾਰ ਕਰਕੇ ਸ਼ੇਰ ਸਿੰਘ ਕਾਲੋਨੀ ਦੇ ਗੁਰੂ ਰਾਮਦਾਸ ਇਨਕਲੇਵ ਵਿੱਚ ਵਾਪਰੇ ਇਸ ਹਾਈ-ਪ੍ਰੋਫਾਈਲ ਕਤਲ ਕੇਸ ਨੂੰ ਸੁਲਝਾ ਲਿਆ ਹੈ। ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕੀਤਾ ਅਤੇ ਦੋ ਦਿਨਾਂ ਦਾ ਰਿਮਾਂਡ ਹਾਸਲ ਕੀਤਾ, ਜਿਸ ਦੌਰਾਨ ਕਤਲ ’ਚ ਵਰਤਿਆ ਗਿਆ ਚਾਕੂ ਤੇ ਦਾਤਾਰ ਬਰਾਮਦ ਕੀਤਾ ਗਿਆ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਮਾਮਲੇ ਨੂੰ ਹੱਲ ਕਰਨ ਲਈ ਏਡੀਸੀਪੀ-2 ਰਾਕੇਸ਼ ਕੁਮਾਰ ਯਾਦਵ ਤੇ ਏਸੀਪੀ (ਪੱਛਮੀ) ਆਤਿਸ਼ ਭਾਟੀਆ ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ। ਟੀਮ ’ਚ ਬਸਤੀ ਬਾਵਾ ਖੇਲ ਪੁਲਿਸ ਥਾਣਾ ਮੁਖੀ ਜੈ ਇੰਦਰ ਸਿੰਘ ਤੇ ਲੈਦਰ ਕੰਪਲੈਕਸ ਪੁਲਿਸ ਚੌਕੀ ਦੇ ਮੁਲਾਜ਼ਮ ਸ਼ਾਮਲ ਸਨ। ਜਾਣਕਾਰੀ ਅਨੁਸਾਰ, ਬੀਤੀ 4 ਜੂਨ ਨੂੰ ਹਰਪ੍ਰੀਤ ਸਿੰਘ ਜੋ ਸ਼ੇਰ ਸਿੰਘ ਕਲੋਨੀ ਦੇ ਗੁਰੂ ਰਾਮਦਾਸ ਇਨਕਲੇਵ ਦੇ ਮਕਾਨ ’ਚ ਰਹਿੰਦਾ ਸੀ, ਨੇ ਪੁਲਿਸ ਨੂੰ ਘਰ ਦੀ ਬੰਦ ਪਹਿਲੀ ਮੰਜ਼ਿਲ ’ਚੋਂ ਬਦਬੂ ਆਉਣ ਬਾਰੇ ਸੂਚਿਤ ਕੀਤਾ। ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪੁੱਜੀ ਤੇ ਕਮਰੇ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਅੰਦਰੋਂ ਇੱਕ ਕੰਬਲ ’ਚ ਲਪੇਟੀ ਹੋਈ ਸੜੀ ਹੋਈ ਲਾਸ਼ ਮਿਲੀ। ਮ੍ਰਿਤਕ ਦੀ ਪਛਾਣ ਤਨਿਸ਼ ਅਰੋੜਾ (ਉਰਫ਼ ਨੰਨੀ) ਵਜੋਂ ਹੋਈ, ਜੋ ਕਿ ਗੁਰੂ ਨਾਨਕ ਪਾਰਕ, ਬਸਤੀ ਸ਼ੇਖ, ਜਲੰਧਰ ਦਾ ਰਹਿਣ ਵਾਲਾ ਸੀ। ਇਸ ਤੋਂ ਬਾਅਦ ਮ੍ਰਿਤਕ ਦੇ ਭਰਾ ਮਨੀਸ਼ ਅਰੋੜਾ ਦਾ ਬਿਆਨ ਦਰਜ ਕੀਤਾ ਗਿਆ। ਜਾਂਚ ਦੇ ਆਧਾਰ ਤੇ ਪੁਲਿਸ ਨੇ ਮੁਲਜ਼ਮ ਦੀਪਕ ਕੁਮਾਰ ਸਿੰਘ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਤੇ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ, ਪੁਲਿਸ ਨੂੰ ਇਕ ਸੂਚਨਾ ਮਿਲੀ ਕਿ ਮੁਲਜ਼ਮ ਦੀਪਕ ਕੁਮਾਰ ਸਿੰਘ ਝਾਰਖੰਡ ’ਚ ਇਕ ਰਿਸ਼ਤੇਦਾਰ ਦੇ ਘਰ ਲੁਕਿਆ ਹੋਇਆ ਹੈ। ਇਸ ਜਾਣਕਾਰੀ ਤੇ ਕਾਰਵਾਈ ਕਰਦੇ ਹੋਏ ਚੌਕੀ ਇੰਚਾਰਜ ਐੱਸਆਈ ਅਜਮੇਰ ਲਾਲ ਦੀ ਅਗਵਾਈ ’ਚ ਇਕ ਪੁਲਿਸ ਟੀਮ ਨੇ ਝਾਰਖੰਡ ਦੇ ਗੜ੍ਹਵਾ ਜ਼ਿਲ੍ਹੇ ਦੇ ਸਿੰਜੋ ਮੁਹਵਾਰੀ ਪਿੰਡ ’ਚ ਛਾਪਾ ਮਾਰਿਆ ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਏਡੀਸੀਪੀ ਰਾਕੇਸ਼ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰੀ ਤੋਂ ਬਾਅਦ, ਮੁਲਜ਼ਮ ਨੂੰ ਜਲੰਧਰ ਲਿਆਂਦਾ ਗਿਆ ਤੇ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਪੁਲਿਸ ਨੇ ਤਿੰਨ ਦਿਨਾਂ ਦਾ ਰਿਮਾਂਡ ਹਾਸਲ ਕੀਤਾ।