- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਮਲੇ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਮੰਗਲਵਾਰ ਨੂੰ ਇਸ ਪ੍ਰਦਰਸ਼ਨ ਨਾਲ ਜੁੜੇ 30 ਤੋਂ ਵੱਧ ਵਿਦਿਆਰਥੀਆਂ ਤੋਂ ਪੁੱਛਗਿੱਛ ਕੀਤੀ, ਪਰ ਕੋਈ ਵੀ ਪੀੜਤਾ ਦਾ ਨਾਂ ਅਤੇ ਪਤਾ ਨਹੀਂ ਦੱਸ ਸਕਿਆ। ਹੋਸਟਲ ਵਿਚ ਰਹਿਣ ਵਾਲੇ ਵਿਦਿਆਰਥੀਆਂ ਨੇ ਵੀ ਪਛਾਣ ਦੱਸਣ ਤੋਂ ਇਨਕਾਰ ਕਰ ਦਿੱਤਾ।

ਸੁਕਰਾਂਤ, ਜਾਗਰਣ, ਜਲੰਧਰ : ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲਪੀਯੂ) ਦੇ ਇਕ ਹੋਸਟਲ ਵਿਚ ਵਿਦਿਆਰਥਣ ਨਾਲ ਦੁਰਵਿਹਾਰ ਦੀ ਅਫ਼ਵਾਹ ਤੋਂ ਬਾਅਦ ਹੋਈ ਹਿੰਸਾ ਦੇ ਤੀਜੇ ਦਿਨ ਵੀ ਪੁਲਿਸ ਇਸ ਦੇ ਪਿੱਛੇ ਦੀ ਸਾਜ਼ਿਸ਼ ਤੋਂ ਪਰਦਾ ਨਹੀਂ ਚੁੱਕ ਸਕੀ ਹੈ। ਮਾਮਲੇ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਮੰਗਲਵਾਰ ਨੂੰ ਇਸ ਪ੍ਰਦਰਸ਼ਨ ਨਾਲ ਜੁੜੇ 30 ਤੋਂ ਵੱਧ ਵਿਦਿਆਰਥੀਆਂ ਤੋਂ ਪੁੱਛਗਿੱਛ ਕੀਤੀ, ਪਰ ਕੋਈ ਵੀ ਪੀੜਤਾ ਦਾ ਨਾਂ ਅਤੇ ਪਤਾ ਨਹੀਂ ਦੱਸ ਸਕਿਆ। ਹੋਸਟਲ ਵਿਚ ਰਹਿਣ ਵਾਲੇ ਵਿਦਿਆਰਥੀਆਂ ਨੇ ਵੀ ਪਛਾਣ ਦੱਸਣ ਤੋਂ ਇਨਕਾਰ ਕਰ ਦਿੱਤਾ। ਮੰਗਲਵਾਰ ਨੂੰ ਪੁਲਿਸ ਸ਼ਿਕਾਇਤਕਰਤਾ ਵਿਦਿਆਰਥਣ ਦੇ ਮਹੇੜੂ ਦੇ ਸਤਨਾਮਪੁਰਾ ਵਾਲੇ ਉਸ ਪਤੇ ’ਤੇ ਵੀ ਪਹੁੰਚੀ, ਪਰ ਉਹ ਉੱਥੇ ਨਹੀਂ ਮਿਲੀ। ਓਧਰ, ਐੱਲਪੀਯੂ ਵਿਚ ਹਿੰਸਾ ਨੂੰ ਲੈ ਕੇ ਬੀਟੈੱਕ ਦੇ ਵਿਦਿਆਰਥੀ ਰਵੀ ਰਾਜ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਜਨਹਿਤ ਪਟੀਸ਼ਨ ਦਾਇਰ ਕਰ ਕੇ ਮਾਮਲੇ ਦੀ ਸੀਬੀਆਈ ਤੋਂ ਜਾਂਚ ਦੀ ਮੰਗ ਕੀਤੀ ਹੈ। ਚੀਫ ਜਸਟਿਸ ਦੇ ਬੈਂਚ ਨੇ ਮਾਮਲੇ ਦੀ ਸੁਣਵਾਈ ਲਈ ਬੁੱਧਵਾਰ ਦਾ ਦਿਨ ਤੈਅ ਕੀਤਾ ਹੈ। ਦੂਜੇ ਪਾਸੇ, ਐੱਲਪੀਯੂ ਦੇ ਡੀਨ ਡਾ. ਸੌਰਭ ਲਖਨਪਾਲ ਨੇ ਵੀ ਯੂਨੀਵਰਸਿਟੀ ਕੈਂਪਸ ਵਿਚ ਹੋਈ ਹਿੰਸਾ ਲਈ "ਬਾਹਰੀ ਲੋਕਾਂ" ਅਤੇ "ਗ਼ੈਰ-ਸਮਾਜਕ ਤੱਤਾਂ" ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਆਪਣੀ ਜਾਂਚ ਕਰਨ ਦਿਓ, ਸਾਨੂੰ ਇਸ ’ਤੇ ਕੋਈ ਇਤਰਾਜ਼ ਨਹੀਂ ਹੈ, ਪਰ ਜੇ ਸੀਬੀਆਈ ਜਾਂਚ ਕਰਦੀ ਹੈ ਤਾਂ ਅਸੀਂ ਵਧੇਰੇ ਭਰੋਸੇਮੰਦ ਮਹਿਸੂਸ ਕਰਾਂਗੇ।
ਮੰਗਲਵਾਰ ਨੂੰ ਜਾਂਚ ਵਿਚ ਜੁਟੀ ਐੱਸਆਈਟੀ ਨੇ ਪੁੱਛਗਿੱਛ ਦੌਰਾਨ ਸਾਰੇ ਵਿਦਿਆਰਥੀਆਂ ਤੋਂ ਸਭ ਤੋਂ ਪਹਿਲਾਂ ਇਹੀ ਸਵਾਲ ਕੀਤਾ ਕਿ ਹੋਸਟਲ ਵਿਚ ਜਿਸ ਵਿਦਿਆਰਥਣ ਦਾ ਸ਼ੋਸ਼ਣ ਹੋਇਆ ਸੀ, ਉਸ ਦਾ ਨਾਂ ਕੀ ਹੈ, ਉਹ ਕੌਣ ਹੈ? ਪੁੱਛਗਿੱਛ ਵਿਚ ਸ਼ਾਮਲ ਇਕ ਵੀ ਵਿਦਿਆਰਥੀ ਨੂੰ ਉਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਪੁਲਿਸ ਨੇ ਮਾਮਲੇ ਵਿਚ ਐੱਫਆਈਆਰ ਧਰਨੇ ਵਿਚ ਸ਼ਾਮਲ ਦੋ ਵਿਦਿਆਰਥਣਾਂ ਅਤੇ ਇਕ ਵਿਦਿਆਰਥੀ ਦੇ ਬਿਆਨ ’ਤੇ ਦਰਜ ਕੀਤੀ ਸੀ। ਖ਼ੁਸ਼ੀ ਨਾਂ ਦੀ ਇਕ ਵਿਦਿਆਰਥਣ ਮਹੇੜੂ ਦੇ ਸਤਨਾਮਪੁਰਾ ਵਿਚ ਇਕ ਹੋਸਟਲ ਦੇ ਕਮਰਾ ਨੰਬਰ 319 ਦੀ ਦੱਸੀ ਗਈ ਸੀ, ਪਰ ਪੁਲਿਸ ਨੂੰ ਉਹ ਉੱਥੇ ਨਹੀਂ ਮਿਲੀ। ਹੋਸਟਲ ਵਿਚ ਮੌਜੂਦ ਅਤੇ ਆਸ-ਪਾਸ ਰਹਿਣ ਵਾਲੀਆਂ ਵਿਦਿਆਰਥਣਾਂ ਤੋਂ ਵੀ ਉਸ ਬਾਰੇ ਪੁੱਛਗਿੱਛ ਕੀਤੀ ਗਈ, ਪਰ ਸਾਰਿਆਂ ਨੇ ਪਛਾਣ ਤੋਂ ਇਨਕਾਰ ਕਰ ਦਿੱਤਾ। ਪੁਲਿਸ ਤਿੰਨ ਦਿਨ ਬਾਅਦ ਵੀ ਵਿਦਿਆਰਥਣ ਨਾਲ ਦੁਰਵਿਹਾਰ ਦੀ ਅਫ਼ਵਾਹ ਫੈਲਾਉਣ ਵਾਲੇ ਦਾ ਪਤਾ ਨਹੀਂ ਲਗਾ ਸਕੀ। ਫੇਕ ਮੈਸੇਜ ਕਿੱਥੋਂ ਅਤੇ ਕਿਸ ਨੇ ਭੇਜਿਆ ਸੀ, ਇਸ ਦਾ ਆਈਪੀ ਐਡਰੈੱਸ ਵੀ ਨਹੀਂ ਮਿਲਿਆ। ਇਸ ਨਾਲ ਇਸ ਪੂਰੇ ਮਾਮਲੇ ਦੇ ਪਿੱਛੇ ਵੱਡੀ ਸਾਜ਼ਿਸ਼ ਹੋਣ ਦਾ ਸ਼ੱਕ ਵਧ ਗਿਆ ਹੈ ਅਤੇ ਇਸ ਵਿਚ ਬਾਹਰੀ ਗੁੰਡਾ ਤੱਤਾਂ ਦੇ ਸ਼ਾਮਲ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਐੱਸਆਈਟੀ ਦੇ ਮੈਂਬਰ ਡੀਐੱਸਪੀ ਮੇਜਰ ਸਿੰਘ ਨੇ ਕਿਹਾ ਕਿ ਬਿਆਨ ਦਰਜ ਕਰਵਾਉਣ ਵਾਲੀ ਵਿਦਿਆਰਥਣ ਖ਼ੁਸ਼ੀ ਪੀੜਤਾ ਦੀ ਜਾਣਕਾਰ ਦੱਸੀ ਜਾ ਰਹੀ ਸੀ। ਹੁਣ ਉਸ ਦੀ ਭਾਲ ਕੀਤੀ ਜਾ ਰਹੀ ਹੈ।
ਡੀਪਫੇਕ ਵੀਡੀਓ ਵਾਇਰਲ, ਐੱਲਪੀਯੂ ਹਿੰਸਾ ਨਾਲ ਜੋੜਿਆ ਸ਼ਾਹ ਦੇ ਭਤੀਜੇ ਦਾ ਨਾਂ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ 30 ਸਤੰਬਰ ਨੂੰ ਦੌਰੇ ਤੋਂ ਇਕ ਦਿਨ ਪਹਿਲਾਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲਪੀਯੂ) ਵਿਚ ਹੋਈ ਹਿੰਸਾ ਨੂੰ ਲੈ ਕੇ ਇਕ ਡੀਪਫੇਕ ਵੀਡੀਓ ਇੰਟਰਨੈੱਟ ’ਤੇ ਵਾਇਰਲ ਹੋਇਆ। ਇਸ ਵਿਚ ਫਗਵਾੜਾ ਵਿਚ ਤਾਇਨਾਤ ਪੰਜਾਬ ਪੁਲਿਸ ਦੇ ਡੀਐੱਸਪੀ ਮੇਜਰ ਸਿੰਘ ਨੂੰ ਇਹ ਕਹਿੰਦੇ ਦਿਖਾਇਆ ਗਿਆ ਹੈ ਕਿ ਐੱਲਪੀਯੂ ਵਿਚ ਹੋਈ ਹਿੰਸਾ ਦੇ ਪਿੱਛੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਭਤੀਜੇ ਦਾ ਹੱਥ ਹੈ। ਪੁਲਿਸ ਨੂੰ ਇਸ ਦੇ ਸਬੂਤ ਮਿਲੇ ਹਨ। ਇਸ ਨੂੰ ਲੈ ਕੇ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਹਾਲਾਂਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਪੂਰਥਲਾ ਪੁਲਿਸ ਨੇ ਵੀ ਪੋਸਟ ਸ਼ੇਅਰ ਕਰ ਕੇ ਇਸ ਨੂੰ ਫ਼ਰਜ਼ੀ ਅਤੇ ਏਆਈ ਨਾਲ ਤਿਆਰ ਕੀਤਾ ਗਿਆ ਦੱਸਿਆ ਹੈ। ਇਹ ਅਮਿਤ ਸ਼ਾਹ ਦੀ ਰੈਲੀ ਤੋਂ ਪਹਿਲਾਂ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ।