LPU Protest: ਪੁਲਿਸ ਨੂੰ CCTV ਫੁਟੇਜ 'ਚ ਕੀ ਮਿਲਿਆ ਤੇ ਰੂਮਮੇਟਸ ਨੇ ਕੀ ਕਿਹਾ ? ਮੁਜ਼ਾਹਰਾਕਾਰੀ ਵਿਦਿਆਰਥੀਆਂ ਨੇ ਚੁੱਕੇ 4 ਗੰਭੀਰ ਸਵਾਲ
LPU Protest : ਡਾ. ਮੋਨਿਕਾ ਗੁਲਾਟੀ, ਰਜਿਸਟਰਾਰ LPU ਨੇ ਇਕ ਵੀਡੀਓ ਜਾਰੀ ਕੀਤੀ। ਵੀਡੀਓ 'ਚ ਕੁਝ ਵਿਦਿਆਰਥਣਾਂ ਨੂੰ ਦਿਖਾਇਆ ਗਿਆ, ਜਿਨ੍ਹਾਂ ਨੇ ਕਿਹਾ ਕਿ ਉਹ ਕਮਰਾ ਨੰਬਰ 504 ਦੀਆਂ ਵਿਦਿਆਰਥਣਾਂ ਹਨ। ਉਨ੍ਹਾਂ ਕਿਹਾ ਕਿ ਉਹ ਦੋ ਮਹੀਨਿਆਂ ਤੋਂ ਇੱਥੇ ਰਹਿ ਰਹੀਆਂ ਹਨ। ਉਨ੍ਹਾਂ ਦੇ ਕਮਰੇ 'ਚ ਅਜਿਹਾ ਕੁਝ ਨਹੀਂ ਹੋਇਆ। ਉਨ੍ਹਾਂ ਪੁਲਿਸ ਤੇ ਵਿਦਿਆਰਥੀਆਂ ਨੂੰ ਉਨ੍ਹਾਂ ਨੂੰ ਤੰਗ ਨਾ ਕਰਨ ਦੀ ਅਪੀਲ ਕੀਤੀ।
Publish Date: Mon, 28 Sep 2026 04:36 PM (IST)
Updated Date: Mon, 28 Sep 2026 04:54 PM (IST)
ਜਾਗਰਣ ਸੰਵਾਦਦਾਤਾ, ਜਲੰਧਰ : ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੀ ਵਿਦਿਆਰਥਣ ਨਾਲ ਜਬਰ-ਜਨਾਹ ਦੇ ਦਾਅਵੇ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ ਹੈ। ਵਿਦਿਆਰਥੀਆਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਹੰਗਾਮੇ ਤੋਂ ਬਾਅਦ ਪੁਲਿਸ ਨੇ ਸਭ ਤੋਂ ਪਹਿਲਾਂ ਘਟਨਾ ਦੀ ਅਸਲੀਅਤ ਦਾ ਪਤਾ ਲਗਾਉਣ ਲਈ ਕੈਂਪਸ 'ਚ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕੀਤੀ।
ਪੁਲਿਸ ਦੀ ਜਾਂਚ 'ਚ ਦੇਰ ਰਾਤ ਤਕ ਅਜਿਹੀ ਕੋਈ ਵੀਡੀਓ ਜਾਂ ਹੋਰ ਸਬੂਤ ਸਾਹਮਣੇ ਨਹੀਂ ਆਇਆ, ਜਿਸ ਨਾਲ ਵਿਦਿਆਰਥਣ ਨਾਲ ਜਬਰ-ਜਨਾਹ ਦੀ ਪੁਸ਼ਟੀ ਹੋ ਸਕੇ। ਪੁਲਿਸ ਨੇ ਹੋਸਟਲ ਤੇ ਕੈਂਪਸ ਦੇ ਵੱਖ-ਵੱਖ ਹਿੱਸਿਆਂ 'ਚ ਮੌਜੂਦ ਵਿਦਿਆਰਥੀਆਂ ਤੋਂ ਵੀ ਜਾਣਕਾਰੀ ਇਕੱਤਰ ਕੀਤੀ। ਕਈ ਲੋਕਾਂ ਨਾਲ ਗੱਲਬਾਤ ਕੀਤੀ ਗਈ ਅਤੇ ਘਟਨਾਕ੍ਰਮ ਸਬੰਧੀ ਉਨ੍ਹਾਂ ਦੇ ਬਿਆਨ ਲਏ ਗਏ। ਇਨ੍ਹਾਂ ਗੱਲਬਾਤਾਂ ਦੇ ਆਧਾਰ 'ਤੇ ਵੀ ਦੇਰ ਰਾਤ ਤੱਕ ਜਬਰ-ਜਨਾਹ ਦੀ ਪੁਸ਼ਟੀ ਨਹੀਂ ਹੋ ਸਕੀ ਸੀ।
SIT 'ਚ ਪੰਜ ਵਿਦਿਆਰਥੀਆਂ ਨੂੰ ਕੀਤਾ ਸ਼ਾਮਲ
ਮਾਮਲੇ ਦੀ ਜਾਂਚ ਲਈ ਐੱਸਪੀ ਵਿਨੀਤ ਅਹਿਲਾਵਤ ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮ (SIT) ਬਣਾਈ ਗਈ ਹੈ। ਇਸ ਟੀਮ 'ਚ ਪੁਲਿਸ ਅਧਿਕਾਰੀਆਂ ਦੇ ਨਾਲ ਪੰਜ ਵਿਦਿਆਰਥੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਪੁਲਿਸ ਹੁਣ ਉਪਲਬਧ CCTV ਫੁਟੇਜ, ਵਿਦਿਆਰਥੀਆਂ ਤੋਂ ਮਿਲੀ ਜਾਣਕਾਰੀ ਤੇ ਇੰਟਰਨੈੱਟ ਮੀਡੀਆ 'ਤੇ ਪ੍ਰਸਾਰਿਤ ਸਮੱਗਰੀ ਨੂੰ ਆਪਸ 'ਚ ਮਿਲਾ ਕੇ ਘਟਨਾਕ੍ਰਮ ਦੀਆਂ ਕੜੀਆਂ ਜੋੜ ਰਹੀ ਹੈ। SIT ਦੇ ਸਾਹਮਣੇ ਇੱਕ ਅਹਿਮ ਸਵਾਲ ਇਹ ਵੀ ਹੈ ਕਿ ਜਬਰ-ਜਨਾਹ ਦੀ ਸੂਚਨਾ ਸਭ ਤੋਂ ਪਹਿਲਾਂ ਕਿੱਥੋਂ ਸਾਹਮਣੇ ਆਈ ਅਤੇ ਕਿਸ ਆਧਾਰ 'ਤੇ ਇਹ ਗੱਲ ਪੂਰੇ ਕੈਂਪਸ 'ਚ ਤੇਜ਼ੀ ਨਾਲ ਫੈਲੀ।
ਦੇਰ ਸ਼ਾਮ ਪੁਲਿਸ ਦੇ ਸੀਨੀਅਰ ਅਧਿਕਾਰੀ ਪਹੁੰਚੇ
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਦੇਰ ਸ਼ਾਮ ਡੀਆਈਜੀ ਨਵੀਨ ਸਿੰਗਲਾ, ਐੱਸਐੱਸਪੀ ਹਰਵਿੰਦਰ ਸਿੰਘ ਵਿਰਕ, ਗੌਰਵ ਤੂਰਾ ਅਤੇ ਐੱਸਪੀ ਵਿਨੀਤ ਅਹਿਲਾਵਤ ਨੇ ਮੌਕੇ 'ਤੇ ਪਹੁੰਚ ਕੇ ਵਿਦਿਆਰਥੀਆਂ ਤੇ ਯੂਨੀਵਰਸਿਟੀ ਪ੍ਰਬੰਧਨ ਦੇ ਕਈ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ। ਅਧਿਕਾਰੀਆਂ ਨੇ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਘਟਨਾਕ੍ਰਮ ਦੀ ਜਾਣਕਾਰੀ ਲਈ। ਪੁਲਿਸ ਅਧਿਕਾਰੀਆਂ ਨੇ ਜਾਂਚ ਦੌਰਾਨ ਸਾਹਮਣੇ ਆਏ ਤੱਥਾਂ ਦੇ ਆਧਾਰ 'ਤੇ ਅੱਗੇ ਦੀ ਕਾਰਵਾਈ ਦਾ ਭਰੋਸਾ ਦਿੱਤਾ।
ਪੁਲਿਸ ਅਤੇ ਵਿਦਿਆਰਥੀ ਸਾਨੂੰ ਤੰਗ ਨਾ ਕਰਨ
ਡਾ. ਮੋਨਿਕਾ ਗੁਲਾਟੀ, ਰਜਿਸਟਰਾਰ LPU ਨੇ ਇਕ ਵੀਡੀਓ ਜਾਰੀ ਕੀਤੀ। ਵੀਡੀਓ 'ਚ ਕੁਝ ਵਿਦਿਆਰਥਣਾਂ ਨੂੰ ਦਿਖਾਇਆ ਗਿਆ, ਜਿਨ੍ਹਾਂ ਨੇ ਕਿਹਾ ਕਿ ਉਹ ਕਮਰਾ ਨੰਬਰ 504 ਦੀਆਂ ਵਿਦਿਆਰਥਣਾਂ ਹਨ। ਉਨ੍ਹਾਂ ਕਿਹਾ ਕਿ ਉਹ ਦੋ ਮਹੀਨਿਆਂ ਤੋਂ ਇੱਥੇ ਰਹਿ ਰਹੀਆਂ ਹਨ। ਉਨ੍ਹਾਂ ਦੇ ਕਮਰੇ 'ਚ ਅਜਿਹਾ ਕੁਝ ਨਹੀਂ ਹੋਇਆ। ਉਨ੍ਹਾਂ ਪੁਲਿਸ ਤੇ ਵਿਦਿਆਰਥੀਆਂ ਨੂੰ ਉਨ੍ਹਾਂ ਨੂੰ ਤੰਗ ਨਾ ਕਰਨ ਦੀ ਅਪੀਲ ਕੀਤੀ।
ਵਿਦਿਆਰਥਣਾਂ ਨੇ ਕਿਹਾ ਕਿ ਉਹ ਅੱਜ ਪਰੇਸ਼ਾਨ ਹਨ। ਜੇਕਰ ਅੱਗੇ ਹੋਰ ਦਿੱਕਤ ਹੋਈ ਤਾਂ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰਨਗੀਆਂ। ਉਨ੍ਹਾਂ ਪੁਲਿਸ ਨੂੰ ਵੀ ਵਾਰ-ਵਾਰ ਤੰਗ ਨਾ ਕਰਨ ਦੀ ਅਪੀਲ ਕੀਤੀ ਤੇ ਕਿਹਾ ਕਿ ਨਹੀਂ ਤਾਂ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਬੁਲਾ ਲੈਣਗੀਆਂ। ਡਾ. ਮੋਨਿਕਾ ਗੁਲਾਟੀ ਨੇ ਕਿਹਾ ਕਿ ਇਸ ਸਭ ਦੇ ਪਿੱਛੇ ਅਸਮਾਜਿਕ ਤੱਤਾਂ ਦਾ ਹੱਥ ਹੈ, ਜੋ ਝੂਠ ਅਤੇ ਅਫਵਾਹਾਂ ਰਾਹੀਂ ਯੂਨੀਵਰਸਿਟੀ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਐੱਸਪੀਯੂ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਨੇ ਕਿਹਾ ਕਿ SIT ਪੂਰੇ ਮਾਮਲੇ ਦੀ ਜਾਂਚ ਕਰੇਗੀ ਜਿਸ ਤੋਂ ਬਾਅਦ ਸੱਚਾਈ ਸਾਹਮਣੇ ਆਵੇਗੀ।
ਵਿਦਿਆਰਥੀਆਂ ਵੱਲੋਂ ਲਗਾਏ ਗਏ ਦੋਸ਼
- ਚਾਰ ਦਿਨ ਪਹਿਲਾਂ ਜਬਰ-ਜਨਾਹ ਹੋਇਆ, ਪਰ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ।
- ਮੈਨੇਜਮੈਂਟ ਨੇ ਸਾਥ ਨਹੀਂ ਦਿੱਤਾ, ਸਗੋਂ ਕਿਸੇ ਦੀ ਗੱਲ ਨਹੀਂ ਸੁਣੀ।
- ਜਬਰ-ਜਨਾਹ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
- ਵਾਰਡਨ 'ਤੇ ਦੋਸ਼ ਹੈ ਕਿ ਉਸ ਨੇ ਕਿਹਾ ਕਿ ਲੜਕੀਆਂ ਖੁਦ ਇਸ ਲਈ ਜ਼ਿੰਮੇਵਾਰ ਹਨ।