- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੱਥੋਂ ਹੀ ਇਹ ਰੈਡਿਟ ਰਾਹੀਂ ਪੂਰੇ ਕੈਂਪਸ ’ਚ ਪ੍ਰਸਾਰਿਤ ਕੀਤਾ ਗਿਆ। ਉਸ ਸਮੇਂ ਵਿਦਿਆਰਥੀਆਂ ਨੇ ਇਸ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਸੀ। ਪੁਲਿਸ ਹੁਣ ਇਹ ਪਤਾ ਲਗਾਉਣ ’ਚ ਜੁਟੀ ਹੈ ਕਿ ਆਖ਼ਰ ਸ਼ਨਿਵਾਰ ਨੂੰ ਅਜਿਹਾ ਕੀ ਹੋਇਆ ਕਿ ਦੇਰ ਰਾਤ ਵਿਦਿਆਰਥੀ ਸੜਕਾਂ ’ਤੇ ਉਤਰ ਆਏ।

ਦਿਨੇਸ਼ ਕੁਮਾਰ, ਜਾਗਰਣ, ਜਲੰਧਰ : ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ’ਚ ਸ਼ੁਰੂ ਹੋਇਆ ਹੰਗਾਮਾ ਪੁਲਿਸ ਜਾਂਚ ’ਚ ਪਹਿਲੀ ਨਜ਼ਰੇ ਇਕ ਵੱਡੀ ਸਾਜ਼ਿਸ਼ ਦਾ ਹਿੱਸਾ ਪ੍ਰਤੀਤ ਹੋ ਰਿਹਾ ਹੈ। ਸੂਤਰਾਂ ਮੁਤਾਬਕ ਪੁਲਿਸ ਦੇ ਹੱਥ ਇਕ ਵੀਡੀਓ ਲੱਗਾ ਹੈ, ਜੋ ਹੰਗਾਮੇ ਤੋਂ ਚਾਰ-ਪੰਜ ਦਿਨ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਐੱਲਪੀਯੂ ਦੀਆਂ ਵਿਦਿਆਰਥਣਾਂ ਦੇ ਇਕ ਹੋਸਟਲ ’ਚ ਪੁੱਜਾ ਸੀ। ਇੱਥੋਂ ਹੀ ਇਹ ਰੈਡਿਟ ਰਾਹੀਂ ਪੂਰੇ ਕੈਂਪਸ ’ਚ ਪ੍ਰਸਾਰਿਤ ਕੀਤਾ ਗਿਆ। ਉਸ ਸਮੇਂ ਵਿਦਿਆਰਥੀਆਂ ਨੇ ਇਸ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਸੀ। ਪੁਲਿਸ ਹੁਣ ਇਹ ਪਤਾ ਲਗਾਉਣ ’ਚ ਜੁਟੀ ਹੈ ਕਿ ਆਖ਼ਰ ਸ਼ਨਿਵਾਰ ਨੂੰ ਅਜਿਹਾ ਕੀ ਹੋਇਆ ਕਿ ਦੇਰ ਰਾਤ ਵਿਦਿਆਰਥੀ ਸੜਕਾਂ ’ਤੇ ਉਤਰ ਆਏ। ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੀ ਇਸ ਗੱਲ ਨੂੰ ਮੰਨਿਆ ਹੈ ਕਿ ਵੀਡੀਓ ਵਿਦਿਆਰਥਣਾਂ ਦੇ ਹੋਸਟਲ ਤੋਂ ਹੀ ਪ੍ਰਸਾਰਿਤ ਹੋਇਆ ਸੀ। ਵੀਡੀਓ ’ਚ ਇਕ ਵਿਦਿਆਰਥਣ ਨਾਲ ਹੋਸਟਲ ’ਚ ਜਬਰ-ਜਨਾਹ ਤੇ ਦੋ ਦਿਨ ਬਾਅਦ ਉਸ ਵੱਲੋਂ ਖ਼ੁਦਕੁਸ਼ੀ ਕਰਨ ਦੀ ਗੱਲ ਕਹੀ ਗਈ ਸੀ। ਪੁਲਿਸ ਦਾ ਸਾਈਬਰ ਸੈੱਲ ਹੁਣ ਇਸ ਵੀਡੀਓ ਨੂੰ ਪ੍ਰਸਾਰਤ ਕਰਨ ਵਾਲੀ ਵਿਦਿਆਰਥਣ ਦਾ ਆਈਪੀ ਐਡਰੈੱਸ ਪਤਾ ਲਗਾਉਣ ’ਚ ਜੁਟਿਆ ਹੈ। ਪੁਲਿਸ ਜਾਂਚ ’ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੀ ਭੀੜ ’ਚ ਕੁਝ ਹੁੱਲੜਬਾਜ਼ ਚਿਹਰੇ ’ਤੇ ਕਾਲਾ ਕੱਪੜਾ ਤੇ ਹੱਥਾਂ ’ਚ ਲੋਹੇ ਦੀਆਂ ਰਾਡਾਂ ਲੈ ਕੇ ਦਾਖ਼ਲ ਹੋ ਗਏ ਸਨ ਤੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹੁੱਲੜਬਾਜ਼ੀ ਲਈ ਭੜਕਾਇਆ। ਪੁਲਿਸ ਸੀਸੀਟੀਵੀ ਫੁਟੇਜ ਰਾਹੀਂ ਅੱਠ ਨਕਾਬਪੋਸ਼ਾਂ ਦੀ ਭਾਲ ਕਰ ਰਹੀ ਹੈ।
ਵਿਦਿਆਰਥੀ ਕੈਂਪਸ ’ਚ ਸਨ ਤਾਂ ਹਾਲਾਤ ਆਮ ਸਨ, ਸੜਕ ’ਤੇ ਨਿਕਲੇ ਤਾਂ ਵਿਗੜੀ ਸਥਿਤੀ :
ਦੱਸਿਆ ਜਾ ਰਿਹਾ ਹੈ ਕਿ ਜਦੋਂ ਤੱਕ ਵਿਦਿਆਰਥੀ ਯੂਨੀਵਰਸਿਟੀ ਕੈਂਪਸ ਦੇ ਅੰਦਰ ਰਹੇ, ਉਦੋਂ ਤੱਕ ਸਥਿਤੀ ਪੂਰੀ ਤਰ੍ਹਾਂ ਬੇਕਾਬੂ ਨਹੀਂ ਹੋਈ ਸੀ। ਜਦੋਂ ਕੁਝ ਵਿਦਿਆਰਥੀਆਂ ਨੇ ਮੁੱਖ ਗੇਟ ਖੋਲ੍ਹਿਆ ਤੇ ਵਿਦਿਆਰਥੀ ਬਾਹਰ ਨਿਕਲਣੇ ਸ਼ੁਰੂ ਹੋਏ ਤਾਂ ਸਥਿਤੀ ਤੇਜ਼ੀ ਨਾਲ ਵਿਗੜਨ ਲੱਗੀ। ਪੁਲਿਸ ਹੁਣ ਇਸ ਪੂਰੇ ਘਟਨਾਕ੍ਰਮ ਦੀ ਮਿੰਟ-ਦਰ-ਮਿੰਟ ਕੜੀ ਤਿਆਰ ਕਰ ਰਹੀ ਹੈ ਕਿ ਮੁੱਖ ਗੇਟ ਖੁੱਲ੍ਹਣ ਤੋਂ ਬਾਅਦ ਕੌਣ-ਕੌਣ ਲੋਕ ਅੰਦਰ ਤੇ ਬਾਹਰ ਗਏ। ਪੁਲਿਸ ਨੂੰ ਖ਼ਦਸ਼ਾ ਹੈ ਕਿ ਮੁੱਖ ਗੇਟ ਖੁੱਲ੍ਹਣ ਤੋਂ ਬਾਅਦ ਕੁਝ ਬਾਹਰੀ ਲੋਕ ਵੀ ਵਿਦਿਆਰਥੀਆਂ ਦੇ ਨਾਲ ਅੰਦਰ ਦਾਖ਼ਲ ਹੋਏ। ਇਸ ਤੋਂ ਬਾਅਦ ਕੈਂਪਸ ’ਚ ਭੰਨਤੋੜ ਤੇ ਅੱਗਜ਼ਨੀ ਦੀਆਂ ਘਟਨਾਵਾਂ ਸਾਹਮਣੇ ਆਈਆਂ। ਉਨ੍ਹਾਂ ਦੀ ਪਛਾਣ ਲਈ ਵੀ ਲਗਾਤਾਰ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ।
ਸਿੱਖਿਆ ਮੰਤਰੀ ਨੇ ਕਿਹਾ, ਸਾਜ਼ਿਸ਼ ਹੋਈ ਤਾਂ ਸਾਜ਼ਿਸ਼ਕਾਰਾਂ ਨੂੰ ਨਹੀਂ ਬਖ਼ਸ਼ਾਂਗੇ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦੇਸ਼ ਦਾ ਪ੍ਰਮੁੱਖ ਵਿੱਦਿਅਕ ਕੇਂਦਰ ਹੈ, ਜਿੱਥੇ ਦੇਸ਼-ਵਿਦੇਸ਼ ਤੋਂ ਵਿਦਿਆਰਥੀ ਪੜ੍ਹਨ ਆਉਂਦੇ ਹਨ। ਨਿੱਜੀ ਯੂਨੀਵਰਸਿਟੀ ’ਚ ਡਰ ਅਤੇ ਅਰਾਜਕਤਾ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਬੇਹੱਦ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਸਾਜ਼ਿਸ਼ ਹੈ ਤਾਂ ਸਾਜ਼ਿਸ਼ਕਾਰਾਂ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।
ਸੁਖਬੀਰ ਨੇ ਲਾਇਆ ਦੋਸ਼, ‘ਆਪ’ ਨੇ ਸਬਕ ਸਿਖਾਉਣ ਲਈ ਰਚੀ ਸਾਜ਼ਿਸ਼, ਪੰਨੂ ਬੋਲੇ- ਦੋਸ਼ ਬੇਬੁਨਿਆਦ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਦੋਸ਼ ਲਾਇਆ ਕਿ ਐਲਪੀਯੂ ’ਚ ਉਪਦਰਵ ਆਮ ਆਦਮੀ ਪਾਰਟੀ ਦੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਚਾਂਸਲਰ ਅਸ਼ੋਕ ਮਿੱਤਲ ਨੇ ‘ਆਪ’ ਛੱਡ ਕੇ ਭਾਜਪਾ ਦਾ ਦਾਮਨ ਫੜਿਆ ਹੈ। ‘ਆਪ’ ਸਰਕਾਰ ਨੇ ਇਸ ਦਾ ਸਬਕ ਸਿਖਾਉਣ ਲਈ ਐਲਪੀਯੂ ’ਚ ਉਪਦਰਵ ਕਰਵਾਇਆ। ਉੱਥੇ ਹੀ, ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਇਸ ਮਾਮਲੇ ਦੀ ਜਾਂਚ ਐੱਨਆਈਏ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਉਧਰ, ‘ਆਪ’ ਦੇ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਵੱਡੀ ਸੂਝਬੂਝ ਨਾਲ ਉਪਦਰਵ ਨੂੰ ਸ਼ਾਂਤ ਕਰਵਾਇਆ ਹੈ।
ਇਸੇ ਦੌਰਾਨ ਸੂਬਾ ਮਹਿਲਾ ਕਮਿਸ਼ਨ ਨੇ ਵੀ ਇਸ ਘਟਨਾ ਨੂੰ ਲੈ ਕੇ ਪੁਲਿਸ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਤੋਂ 30 ਸਤੰਬਰ ਤੱਕ ਰਿਪੋਰਟ ਤਲਬ ਕੀਤੀ ਹੈ।
-ਐਲਪੀਯੂ ਦੇ ਆਲੇ-ਦੁਆਲੇ ਇੰਟਰਨੈੱਟ ਬੰਦ, ਨੈਸ਼ਨਲ ਹਾਈਵੇ ਖੁੱਲ੍ਹਾ, ਪੁਲਿਸ ਤਾਇਨਾਤ
ਸਥਿਤੀ ਸ਼ਾਂਤ ਪਰ ਤਣਾਅਪੂਰਨ
ਐਲਪੀਯੂ ’ਚ ਸ਼ਨਿਚਰਵਾਰ ਰਾਤ ਤੇ ਐਤਵਾਰ ਨੂੰ ਦਿਨ ਭਰ ਹੋਈ ਹਿੰਸਾ ਤੇ ਭੰਨਤੋੜ ਤੋਂ ਬਾਅਦ ਸੋਮਵਾਰ ਨੂੰ ਸਥਿਤੀ ਸ਼ਾਂਤ ਪਰ ਤਣਾਅਪੂਰਨ ਰਹੀ। ਵਿਦਿਆਰਥੀਆਂ ਨੇ ਰਾਸ਼ਟਰੀ ਰਾਜਮਾਰਗ ’ਤੇ ਲਾਇਆ ਧਰਨਾ ਭਾਵੇਂ ਐਤਵਾਰ ਰਾਤ ਨੂੰ ਹੀ ਚੁੱਕ ਲਿਆ ਸੀ ਪਰ ਇਸ ਦੇ ਬਾਵਜੂਦ ਯੂਨੀਵਰਿਸਟੀ ਦੇ ਆਲੇ ਦੁਆਲੇ ਵੱਡੀ ਗਿਣਤੀ ’ਚ ਪੁਲਿਸ ਬਲ ਤਾਇਨਾਤ ਰਿਹਾ। ਨੈਸ਼ਨਲ ਹਾਈਵੇ ’ਤੇ ਵੱਖ-ਵੱਖ ਥਾਵਾਂ ’ਤੇ ਪੁਲਿਸ ਟੀਮਾਂ ਤਾਇਨਾਤ ਰਹੀਆਂ ਤੇ ਅਧਿਕਾਰੀ ਵੀ ਸਥਿਤੀ ’ਤੇ ਨਜ਼ਰ ਰੱਖਦੇ ਦਿਖਾਈ ਦਿੱਤੇ। ਪ੍ਰਸ਼ਾਸਨ ਨੇ ਸੁਰੱਖਿਆ ਕਾਰਨਾਂ ਕਰਕੇ ਐੱਲਪੀਯੂ ਦੇ ਆਲੇ-ਦੁਆਲੇ ਦੇ ਖੇਤਰ ’ਚ ਇੰਟਰਨੈੱਟ ਸੇਵਾਵਾਂ ਬੰਦ ਰੱਖੀਆਂ। ਯੂਨੀਵਰਸਿਟੀ ਦੇ ਅਕਾਦਮਿਕ ਅਤੇ ਹੋਸਟਲ ਬਲਾਕਾਂ ਦੇ ਆਸ-ਪਾਸ ਸੁਰੱਖਿਆ ਵਧਾਈ ਗਈ ਹੈ। ਪੁਲਿਸ ਵੱਲੋਂ ਕੈਂਪਸ ਵਿੱਚ ਆਉਣ-ਜਾਣ ਵਾਲਿਆਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਉੱਥੇ ਹੀ, ਇਸ ਮਾਮਲੇ ’ਚ ਸੂਬਾ ਮਹਿਲਾ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਪਟਿਆਲਾ ਦੀ ਚਿਤਕਾਰਾ ਯੂਨੀਵਰਸਿਟੀ ਤੇ ਸ਼ਨਿਚਰਵਾਰ ਨੂੰ ਐੱਲਪੀਯੂ ’ਚ ਹੋਈਆਂ ਘਟਨਾਵਾਂ ਦਾ ਖ਼ੁਦ ਨੋਟਿਸ ਲੈਂਦਿਆਂ ਦੋਵਾਂ ਪਟਿਆਲਾ ਤੇ ਕਪੂਰਥਲਾ ਦੇ ਐੱਸਐੱਸਪੀਜ਼ ਤੋਂ 30 ਸਤੰਬਰ ਤੱਕ ਇਸ ਮਾਮਲੇ ਦੀ ਵਿਸਥਾਰਤ ਰਿਪੋਰਟ ਮੰਗੀ ਹੈ।
ਵਿਦਿਆਰਥੀ ਗਏ ਘਰਾਂ ਨੂੰ
ਯੂਨੀਵਰਸਿਟੀ ਨੇ ਵੀ ਸਥਿਤੀ ਨੂੰ ਦੇਖਦਿਆਂ ਐਤਵਾਰ ਦੇਰ ਰਾਤ ਦਸ ਦਿਨਾਂ ਦੀਆਂ ਛੁੱਟੀਆਂ ਦਾ ਐਲਾਨ ਕਰਦਿਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਸਨ। ਇਸ ਸਥਿਤੀ ’ਚ ਸੋਮਵਾਰ ਨੂੰ ਵੱਡੀ ਗਿਣਤੀ ’ਚ ਹੋਸਟਲਾਂ ’ਚ ਰਹਿੰਦੇ ਵਿਦਿਆਰਥੀ ਘਰਾਂ ਨੂੰ ਪਰਤ ਗਏ। ਵਿੱਡੀ ਗਿਣਤੀ ’ਚ ਵਿਦਿਆਰਥੀ ਬੱਸਾਂ, ਆਟੋ ਤੇ ਹੋਰ ਸਾਧਨਾਂ ਰਾਹੀਂ ਬੱਸ ਅੱਡੇ ਤੇ ਰੇਲਵੇ ਸਟੇਸ਼ਨ ਵੱਲ ਜਾਂਦੇ ਦੇਖੇ ਗਏ। ਕਈ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮਾਪੇ ਵੀ ਲੈਣ ਲਈ ਪਹੁੰਚੇ। ਇਸ ਕਾਰਨ ਸੋਮਵਾਰ ਨੂੰ ਵੀ ਜਲੰਧਰ-ਫਗਵਾੜਾ ਨੈਸ਼ਨਲ ਹਾਈਵੇ ’ਤੇ ਦਿਨ ਭਰ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਰਹੀ ਤੇ ਕਈ ਥਾਵਾਂ ’ਤੇ ਜਾਮ ਵਰਗੀ ਸਥਿਤੀ ਬਣੀ ਰਹੀ।
============
ਡੀਜੀਪੀ ਨੇ ਕਿਹਾ, ਮੁਲਜ਼ਮ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ, ਬਖ਼ਸ਼ਿਆ ਨਹੀਂ ਜਾਵੇਗਾ
ਇਸ ਘਟਨਾ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮ ’ਤੇ ਐੱਲਪੀਯੂ ਕੈਂਪਸ ’ਚ ਪੁੱਜੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦਾਅਵਾ ਕੀਤਾ ਕਿ ਯੂਨੀਵਰਸਿਟੀ ਤੇ ਇਸ ਦੇ ਆਸ-ਪਾਸ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਤੇ ਅਮਨ-ਕਾਨੂੰਨ ਬਣਾਈ ਰੱਖਣ ਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਲੋੜੀਂਦੇ ਪੁਲਿਸ ਪ੍ਰਬੰਧ ਕੀਤੇ ਗਏ ਹਨ। ਡੀਜੀਪੀ ਨੇ ਕਿਹਾ ਕਿ ਪੁਲਿਸ ਵੱਲੋਂ ਸਥਿਤੀ ’ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ ਤੇ ਇਲਾਕੇ ’ਚ ਸ਼ਾਂਤੀ, ਸੁਰੱਖਿਆ ਤੇ ਜਨਤਕ ਵਿਵਸਥਾ ਬਣਾਈ ਰੱਖਣ ਲਈ ਸਾਰੇ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਪੁਲਿਸ ਨੇ ਸ਼ਾਂਤੀ ਬਣਾਈ ਰੱਖਣ ਤੇ ਵਿਦਿਆਰਥੀਆਂ ਦੀਆਂ ਚਿੰਤਾਵਾਂ ਦਾ ਹੱਲ ਕਰਨ ਲਈ ਉਸਾਰੂ ਯਤਨ ਕੀਤੇ ਹਨ। ਫੋਰਸ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਗਏ ਸਨ ਕਿ ਵੱਧ ਤੋਂ ਵੱਧ ਸੰਜਮ ਵਰਤਿਆ ਜਾਵੇ ਤੇ ਵਿਦਿਆਰਥੀਆਂ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦੇ ਬਲ ਦੀ ਵਰਤੋਂ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਵਿਦਿਆਰਥੀ ਸਾਡੇ ਬੱਚਿਆਂ ਵਾਂਗ ਹਨ ਤੇ ਸਾਡੀ ਤਰਜੀਹ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਸੀ। ਅਸੀਂ ਵਿਦਿਆਰਥੀਆਂ ਤੇ ਯੂਨੀਵਰਸਿਟੀ ਪ੍ਰਬੰਧਨ ਵਿਚਕਾਰ ਗੱਲਬਾਤ ਕਰਵਾਉਣ ਤੇ ਵਿਚਾਰ-ਵਟਾਂਦਰੇ ਰਾਹੀਂ ਮਸਲੇ ਦਾ ਹੱਲ ਕਰਨ ਲਈ ਹਰ ਸੰਭਵ ਯਤਨ ਕੀਤਾ।
ਹਿੰਸਕ ਘਟਨਾਵਾਂ ਬਾਰੇ ਡੀਜੀਪੀ ਨੇ ਕਿਹਾ ਕਿ ਪੁਲਿਸ ਵੱਲੋਂ ਉਪਲਬਧ ਸਾਰੀਆਂ ਵੀਡੀਓ ਫੁਟੇਜਾਂ, ਸੀਸੀਟੀਵੀ ਰਿਕਾਰਡਿੰਗਸ ਤੇ ਹੋਰ ਤਕਨੀਕੀ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਕੀਤੀ ਜਾ ਸਕੇ। ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਪਹਿਲਾਂ ਹੀ ਗਠਿਤ ਕੀਤੀ ਜਾ ਚੁੱਕੀ ਹੈ। ਉਨ੍ਹਾਂ ਸਾਫ਼ ਕਿਹਾ ਕਿ ਹਿੰਸਾ ’ਚ ਸ਼ਾਮਲ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਜੋ ਵੀ ਵਿਅਕਤੀ ਜ਼ਿੰਮੇਵਾਰ ਪਾਇਆ ਗਿਆ, ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਹੋਵੇਗੀ।
ਡੀਜੀਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ’ਤੇ ਬਿਨਾਂ ਤਸਦੀਕ ਕੀਤੀਆਂ ਵੀਡੀਓਜ਼, ਆਡੀਓ ਕਲਿੱਪਾਂ ਜਾਂ ਕਿਸੇ ਵੀ ਤਰ੍ਹਾਂ ਦੀ ਗੁੰਮਰਾਹਕੁੰਨ ਸਮੱਗਰੀ ਸਾਂਝੀ ਕਰਨ ਤੋਂ ਗੁਰੇਜ਼ ਕਰਨ। ਉਨ੍ਹਾਂ ਲੋਕਾਂ ਨੂੰ ਸਿਰਫ਼ ਸਰਕਾਰੀ ਤੇ ਤਸਦੀਕਸ਼ੁਦਾ ਸਰੋਤਾਂ ਰਾਹੀਂ ਜਾਰੀ ਕੀਤੀ ਜਾਣਕਾਰੀ ’ਤੇ ਭਰੋਸਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਾਣਬੁੱਝ ਕੇ ਬੇਬੁਨਿਆਦ ਜਾਂ ਗੁੰਮਰਾਹਕੁੰਨ ਸਮੱਗਰੀ ਫੈਲਾਉਣ ਵਾਲਿਆਂ ਖ਼ਿਲਾਫ਼ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।