ਵਕੀਲਾਂ ਨੇ ਰੱਖਿਆ ‘ਨੋ ਵਰਕ ਡੇਅ’, ਬਿਜਲੀ ਕੱਟਾਂ ਖ਼ਿਲਾਫ਼ ਕੱਢੀ ਭੜਾਸ ਵਕੀਲਾਂ ਨੇ ‘ਨੋ ਵਰਕ ਡੇਅ’ ਦੌਰਾਨ ਕੰਮਕਾਜ ਰੱਖਿਆ ਠੱਪ
Publish Date: Mon, 06 Jul 2026 07:07 PM (IST)
Updated Date: Mon, 06 Jul 2026 07:09 PM (IST)
ਅੱਜ ਵੀ ਰਹੇਗੀ ਹੜਤਾਲ ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਜਲੰਧਰ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਐਡਵੋਕੇਟ ਅਦਿੱਤਿਆ ਜੈਨ ਅਤੇ ਸਕੱਤਰ ਰੋਹਿਤ ਗੰਭੀਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੇ ਫ਼ੈਸਲੇ ਅਨੁਸਾਰ ਬਾਰ ਐਸੋਸੀਏਸ਼ਨ ਭੁਲੱਥ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ, ਕਪੂਰਥਲਾ ਦੇ ਸਮਰਥਨ ਵਿਚ ‘ਨੋ ਵਰਕ ਡੇਅ’ ਰੱਖਣ ਦਾ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ, ਜੋ ਕਿ ਐਡਵੋਕੇਟ ਅਮਨਦੀਪ ਸਿੰਘ ਖਹਿਰਾ, ਬਾਰ ਐਸੋਸੀਏਸ਼ਨ, ਭੁਲੱਥ ਦੇ ਮੈਂਬਰ ਹਨ ਖ਼ਿਲਾਫ਼ ਝੂਠਾ ਪਰਚਾ ਦਰਜ ਕੀਤੇ ਜਾਣ ਖ਼ਿਲਾਫ਼ ਕੀਤਾ ਗਿਆ। ਵਕੀਲਾਂ ਨੇ ਦੱਸਿਆ ਕਿ ਜਾਂਚ ਦੌਰਾਨ ਵੀ ਉਕਤ ਐਡਵੋਕੇਟ ਖ਼ਿਲਾਫ਼ ਕੁੱਝ ਵੀ ਅਜਿਹਾ ਸਾਬਤ ਨਹੀਂ ਹੁੰਦਾ ਹੈ ਕਿ ਉਨ੍ਹਾਂ ਖ਼ਿਲਾਫ਼ ਪਰਚਾ ਦਰਜ ਕੀਤਾ ਜਾਵੇ। ਇਸ ਸਬੰਧੀ ਸੀਨੀਅਰ ਸੁਪਰਡੈਂਟ ਪੁਲਿਸ ਕਪੂਰਥਲਾ ਨੂੰ ਵਾਰ-ਵਾਰ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਨ ਅਤੇ ਕੇਸ ਵਿਚੋਂ ਐਡਵੋਕੇਟ ਦਾ ਨਾਮ ਹਟਾਉਣ ਦੀ ਮੰਗ ਕਰਦੇ ਹੋਏ ਬੇਨਤੀਆਂ ਕੀਤੀਆਂ ਗਈਆਂ ਹਨ ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਇਸ ਕਰਕੇ ਸਾਰੇ ਵਕੀਲ ਭਾਈਚਾਰੇ ’ਚ ਕਾਫੀ ਰੋਸ ਹੈ। ਵਕੀਲਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇਹ ਪਰਚਾ ਰੱਦ ਨਾ ਕੀਤਾ ਗਿਆ ਤਾਂ ਉਹ ਅਗਾਂਹ ਤਿੱਖੇ ਸੰਘਰਸ਼ ਨੂੰ ਮਜਬੂਰ ਹੋਣਗੇ। ਇਸ ਤੋਂ ਇਲਾਵਾ ਵਕੀਲਾਂ ਨੇ ਬਿਜਲੀ ਕੱਟਾਂ ਖ਼ਿਲਾਫ਼ ਵੀ ਰੋਸ ਜ਼ਾਹਿਰ ਕੀਤਾ ਤੇ ਕਿਹਾ ਕਿ ਜਿਸ ਤਰ੍ਹਾਂ ਵਿਭਾਗ ਵੱਲੋਂ ਹਰ ਰੋਜ ਬਿਜਲੀ ਕੱਟ ਲਗਾਏ ਜਾ ਰਹੇ ਇਸ ਨਾਲ ਵਕੀਲਾਂ ਅਤੇ ਅਦਾਲਤਾਂ ਦੇ ਕੰਮ ’ਤੇ ਮਾੜਾ ਅਸਰ ਪੈ ਰਿਹਾ ਹੈ। ਉਨ੍ਹਾਂ ਵਿਭਾਗ ਤੋਂ ਮੰਗ ਕਰਦੇ ਹੋਏ ਕਿਹਾ ਕਿ ਅਜਿਹੇ ਜ਼ਰੂਰੀ ਅਦਾਰਿਆਂ ਲਈ ਵਿਭਾਗ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਏ ਨਹੀਂ ਤਾਂ ਅਗਾਂਹ ਵਕੀਲਾਂ ਵੱਲੋਂ ਇਸੇ ਤਰ੍ਹਾਂ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ। ਇਸ ਦੌਰਾਨ ਵਕੀਲਾਂ ਦੀ ਇੱਕ ਅਹਿਮ ਮੀਟਿੰਗ ਹੋਈ, ਜਿਸ ’ਚ ਇਹ ਵੀ ਫੈਸਲਾ ਕੀਤਾ ਗਿਆ ਕਿ ‘ਲੀਗਲ ਡਿਫੈਂਸ ਕੌਂਸਲ ਪਾਲਿਸੀ’ ਖ਼ਿਲਾਫ਼ 7 ਜੁਲਾਈ ਮੰਗਲਵਾਰ ਨੂੰ ਵੀ ਕੰਮਕਾਜ ਠੱਪ ਰੱਖਿਆ ਜਾਵੇਗਾ। ਇਸ ਮੌਕੇ ਇਨ੍ਹਾਂ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਰਾਮ ਛਾਬੜਾ, ਸਾਬਕਾ ਪ੍ਰਧਾਨ ਐਡਵੋਕੇਟ ਰਾਜ ਕੁਮਾਰ ਭੱਲਾ, ਸਾਬਕਾ ਪ੍ਰਧਾਨ ਐਡਵੋਕੇਟ ਓਮ ਪਰਕਾਸ਼ ਸ਼ਰਮਾ, ਸਾਬਕਾ ਪ੍ਰਧਾਨ ਐਡਵੋਕੇਟ ਗੁਰਮੇਲ ਸਿੰਘ ਲਿੱਧੜ, ਐਡਵੋਕੇਟ ਸੰਜੀਵ ਬਾਂਸਲ, ਐਡਵੋਕੇਟ ਅਮਰਿੰਦਰ ਸਿੰਘ ਥਿੰਦ, ਐਡਵੋਕੇਟ ਅਨੁਜ ਮਹਿਤਾ, ਐਡਵੋਕੇਟ ਪ੍ਰਿਤਪਾਲ ਸਿੰਘ, ਐਡਵੋਕੇਟ ਨਰਿੰਦਰ ਪਾਲ ਸਿੰਘ ਜੱਜ, ਐਡਵੋਕੇਟ ਬਲਵਿੰਦਰ ਸਿੰਘ ਲੱਕੀ, ਐਡਵੋਕੇਟ ਰਾਕੇਸ਼ ਧੀਰ, ਐਡਵੋਕੇਟ ਰਵੀਸ਼ ਕੁਮਾਰ ਮਲਹੋਤਰਾ, ਐਡਵੋਕੇਟ ਤਰਸੇਮ ਸਿੰਘ ਕਪੂਰ ਸਮੇਤ ਵੱਡੀ ਗਿਣਤੀ ’ਚ ਵਕੀਲ ਮੈਂਬਰ ਮੌਜੂਦ ਸਨ|