- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਗਰਣ ਸੰਵਾਦਦਾਤਾ, ਜਲੰਧਰ

ਜਾਗਰਣ ਸੰਵਾਦਦਾਤਾ, ਜਲੰਧਰ
ਵਾਰਡ ਨੰਬਰ 55 ਵਿਚ ਬਸਤੀ ਗੁਜਾਂ ਨਾਲ ਲੱਗਦੇ ਮੋਚੀ ਮੋਹੱਲੇ ਦੇ ਵਾਸੀ ਤਿੰਨ ਮਹੀਨੇ ਤੋਂ ਸੀਵਰੇਜ ਪ੍ਰਣਾਲੀ ਦੇ ਖ਼ਰਾਬ ਹੋਣ ਕਾਰਨ ਸੜਕਾਂ 'ਤੇ ਉਤਰ ਆਏ। ਸਿਵਰੇਜ ਦੀ ਸਮੱਸਿਆ ਨੂੰ ਲੈ ਕੇ ਲੋਕਾਂ ਨੇ ਪਹਿਲਾਂ ਕੌਂਸਲਰ ਤਰਵਿੰਦਰ ਸਿੰਘ ਸੋਈ ਨੂੰ ਸ਼ਿਕਾਇਤ ਕੀਤੀ, ਪਰ ਜਦੋਂ ਉਨ੍ਹਾਂ ਦੀ ਗੱਲ ਨਹੀਂ ਸੁਣੀ ਗਈ ਤਾਂ ਲੋਕਾਂ ਨੇ ਹਰਬੰਸ ਨਗਰ ਰੋਡ 'ਤੇ ਧਰਨਾ ਲਗਾ ਦਿੱਤਾ। ਇਸ ਕਾਰਨ ਇਲਾਕੇ ਵਿਚ ਟ੍ਰੈਫਿਕ ਜਾਮ ਹੋ ਗਿਆ। ਲੋਕਾਂ ਨੇ ਦੁਪਹਿਰ 12 ਵਜੇ ਪਹਿਲਾਂ ਮੋਹੱਲੇ ’ਚ ਇਕ ਘੰਟੇ ਤੱਕ ਪ੍ਰਦਰਸ਼ਨ ਕੀਤਾ ਤੇ ਫਿਰ ਲੰਮਾ ਬਾਜ਼ਾਰ-ਹਰਬੰਸ ਨਗਰ ਰੋਡ 'ਤੇ ਲਗਪਗ 2 ਘੰਟੇ ਤੱਕ ਧਰਨਾ ਜਾਰੀ ਰੱਖਿਆ। ਇਸ ਤੋਂ ਬਾਅਦ ਨਗਰ ਨਿਗਮ ਦੇ ਜੇਈ ਨੇ ਮੌਕੇ 'ਤੇ ਪਹੁੰਚ ਕੇ ਜਲਦੀ ਸੀਵਰੇਜ ਠੀਕ ਕਰਨ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਧਰਨਾ ਖ਼ਤਮ ਹੋ ਗਿਆ।
ਮੋਚੀ ਮੋਹੱਲੇ ’ਚ 40 ਸਾਲ ਪਹਿਲਾਂ ਸਿਵਰੇਜ ਪਾਈਪ ਪਾਈ ਗਈ ਸੀ, ਜੋ ਹੁਣ ਖ਼ਰਾਬ ਹੋ ਚੁਕੀ ਹੈ। ਸੀਵਰੇਜ ਜਾਮ ਹੋਣ ਕਾਰਨ ਲੰਮਾ ਬਾਜ਼ਾਰ ਅਤੇ ਮੋਚੀ ਮੋਹੱਲੇ ’ਚ ਤਿੰਨ ਮਹੀਨੇ ਤੋਂ ਗੰਦਾ ਪਾਣੀ ਖੜ੍ਹਾ ਹੈ। ਇਸ ਗੰਦੇ ਪਾਣੀ ਕਾਰਨ ਮੱਖੀਆਂ ਅਤੇ ਮੱਛਰ ਪੈਦਾ ਹੋ ਰਹੇ ਹਨ। ਗੰਦਗੀ ਤੇ ਬਦਬੂ ਕਾਰਨ ਸਾਹ ਲੈਣਾ ਮੁਸ਼ਕਲ ਹੋ ਗਿਆ ਹੈ। ਬੱਚੇ ਤੇ ਬੁਜ਼ੁਰਗ ਬਿਮਾਰ ਹੋ ਰਹੇ ਹਨ। ਲੋਕਾਂ ਨੇ ਕੌਂਸਲਰ ਨੂੰ ਵਾਰ-ਵਾਰ ਸ਼ਿਕਾਇਤਾਂ ਦਿੱਤੀਆਂ ਹਨ, ਪਰ ਹੁਣ ਤੱਕ ਸੀਵਰੇਜ ਠੀਕ ਕਰਨ ਲਈ ਕੁਝ ਨਹੀਂ ਕੀਤਾ ਗਿਆ।
ਮੌਕੇ 'ਤੇ ਮੌਜੂਦ ਸੰਜੂ ਅਤਰੀ, ਰਿੰਪੀ, ਰਮਾ, ਸੱਨੀ, ਨੇਹਾ, ਰਿੰਕੂ, ਪੁਨੀਤ, ਸਾਈ, ਵੀਨਾ ਰਾਣੀ, ਰਾਜ ਕੁਮਾਰ, ਰਾਕੇਸ਼, ਸੁਨੀਤਾ, ਸੁਮਨ ਅਤੇ ਜੀਆ ਨੇ ਕਿਹਾ ਕਿ ਜਦੋਂ ਉਹ ਸਵੇਰੇ ਸ਼ਿਕਾਇਤ ਲੈ ਕੇ ਕੌਂਸਲਰ ਕੋਲ ਗਏ, ਤਾਂ ਕੌਂਸਲਰ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਇਸ ਤੋਂ ਬਾਅਦ ਉਨ੍ਹਾਂ ਨੇ ਲੰਮਾ ਬਾਜ਼ਾਰ ਵਿਚ ਭਾਜਪਾ ਦੇ ਆਗੂ ਯੋਗੇਸ਼ ਮਲਹੋਤਰਾ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਤੇ ਪੁਤਲਾ ਵੀ ਫੂਕਿਆ। ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਮੋਹੱਲੇ ’ਚ ਨਵੀਂ ਸੀਵਰੇਜ ਪਾਈਪਲਾਈਨ ਪਾਈ ਜਾਵੇ। ਲੋਕਾਂ ਨੇ ਕਿਹਾ ਕਿ 40 ਸਾਲ ਪਹਿਲਾਂ ਸੀਵਰੇਜ ਪਾਈਪ ਵਿਛਾਈ ਗਈ ਸੀ ਤੇ ਹੁਣ ਇਹ ਕਈ ਜਗ੍ਹਾ 'ਤੇ ਧਸ ਚੁੱਕੀ ਹੈ। ਇਸ ਕਾਰਨ ਹਰ ਰੋਜ਼ ਸੀਵਰੇਜ ਜਾਮ ਹੁੰਦਾ ਹੈ। ਬਦਬੂ ਕਾਰਨ ਘਰਾਂ ’ਚ ਰਹਿਣਾ ਮੁਸ਼ਕਲ ਹੋ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਮੋਹੱਲੇ ਦੀ ਹਾਲਤ ਅਜਿਹੀ ਹੈ ਕਿ ਰਿਸ਼ਤੇਦਾਰ ਵੀ ਉਨ੍ਹਾਂ ਦੇ ਘਰ ਨਹੀਂ ਆਉਂਦੇ। ਕਈ ਲੋਕ ਬਿਮਾਰ ਹੋ ਚੁਕੇ ਹਨ ਅਤੇ ਬੱਚਿਆਂ-ਬੁਜ਼ੁਰਗਾਂ ਨੂੰ ਕਈ ਵਾਰੀ ਹਸਪਤਾਲ ਲੈ ਜਾਣਾ ਪਿਆ ਹੈ। ਲੋਕਾਂ ਦੀ ਮੰਗ ਹੈ ਕਿ ਪੂਰੇ ਇਲਾਕੇ ’ਚ ਨਵੀਂ ਸੀਵਰੇਜ ਲਾਈਨ ਪਾਈ ਜਾਵੇ ਕਿਉਂਕਿ ਪੁਰਾਣੀ ਲਾਈਨ ਪੂਰੀ ਤਰ੍ਹਾਂ ਖਰਾਬ ਹੋ ਚੁਕੀ ਹੈ। ਜਦ ਤੱਕ ਸੀਵਰੇਜ ਨਹੀਂ ਪਾਇਆ ਜਾਵੇਗਾ, ਉਦੋਂ ਤੱਕ ਸਮੱਸਿਆ ਦਾ ਪੱਕਾ ਹੱਲ ਨਹੀਂ ਨਿਕਲੇਗਾ। ਲੋਕਾਂ ਨੇ ਕਿਹਾ ਕਿ ਸੀਵਰੇਜ ਜਾਮ ਕਾਰਨ ਪੀਣ ਦਾ ਪਾਣੀ ਵੀ ਗੰਦਾ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਤਿੰਨ ਮਹੀਨੇ ਤੋਂ ਲਗਾਤਾਰ ਸਿਵਰੇਜ ਜਾਮ ਹੈ ਤੇ ਹੁਣ ਜੋ ਨਿਗਮ ਨੇ ਜੇਈ ਨੂੰ ਭੇਜਿਆ ਹੈ, ਉਹ ਪਿਛਲੇ ਹਫਤੇ ਵੀ ਆਇਆ ਸੀ ਪਰ ਸਮੱਸਿਆ ਨੂੰ ਹੱਲ ਨਹੀਂ ਕਰ ਸਕਿਆ। ਜੇਕਰ ਹੁਣ ਵੀ ਸਮੱਸਿਆ ਦੂਰ ਨਹੀਂ ਹੁੰਦੀ, ਤਾਂ ਉਹ ਪੱਕੇ ਤੌਰ 'ਤੇ ਧਰਨੇ ਲਗਾਉਣ ਲਈ ਮਜਬੂਰ ਹੋਣਗੇ।