- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖਾਲਸਾ ਏਡ ਦੇ ਯਤਨਾਂ ਨਾਲ ਲਿਬਨਾਨ ਵਿੱਚ ਫਸੇ 5 ਪੰਜਾਬੀ ਨੌਜਵਾਨਾਂ ਦੀ ਹੋਈ ਸੁਰੱਖਿਅਤ ਵਤਨ ਵਾਪਸੀ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸੰਕਟ ਸਮੇਂ ਖਾਲਸਾ ਏਡ ਉਸ ਵੇਲੇ ਪੰਜਾਬ ਵਾਸੀਆਂ ਦੀ ਸਹਾਰਾ ਬਣੀ ਜਦ ਵਿਦੇਸ਼ਾਂ ’ਚ ਗਏ ਨੌਜਵਾਨ ਆਪਣੇ ਵਤਨ ਪਰਤ ਕੇ ਪਰਿਵਾਰਾਂ ਨੂੰ ਮਿਲੇ। ਜਲੰਧਰ ’ਚ ਕੀਤੀ ਪ੍ਰੈੱਸ ਕਾਨਫਰਸ ਖਾਲਸਾ ਏਡ ਦੇ ਆਗੂਆਂ ਨੇ ਦੱਸਿਆ ਕਿ ਦੁਨੀਆ ਭਰ ’ਚ ਮਨੁੱਖਤਾ ਦੀ ਨਿਸ਼ਕਾਮ ਸੇਵਾ ਲਈ ਜਾਣੀ ਜਾਂਦੀ ਸੰਸਥਾ ਖਾਲਸਾ ਏਡ ਦੇ ਲਗਾਤਾਰ ਯਤਨਾਂ ਸਦਕਾ ਲਿਬਨਾਨ ’ਚ ਫਸੇ ਪੰਜਾਬ ਦੇ ਪੰਜ ਨੌਜਵਾਨ ਕਰਮ ਸਿੰਘ (ਪਟਿਆਲਾ), ਦਲਬੀਰ ਸਿੰਘ (ਜਲੰਧਰ), ਹਰਜਿੰਦਰ ਕੁਮਾਰ (ਜਲੰਧਰ), ਜਸਪ੍ਰੀਤ ਸਿੰਘ (ਪਟਿਆਲਾ) ਤੇ ਵਚਿੱਤਰ ਸਿੰਘ (ਹੁਸ਼ਿਆਰਪੁਰ) ਸੁਰੱਖਿਅਤ ਤੌਰ 'ਤੇ ਆਪਣੇ ਵਤਨ ਭਾਰਤ ਪਰਤੇ ਹਨ। ਇਹ ਨੌਜਵਾਨ ਅਮਰੀਕਾ-ਈਰਾਨ ਤਣਾਅ ਦੇ ਮੱਦੇਨਜਰ ਲਿਬਨਾਨ ’ਚ ਬਣੇ ਅਣਸੁਖਾਵੇਂ ਤੇ ਅਸਥਿਰ ਹਾਲਾਤ ਕਾਰਨ ਉਥੇ ਫਸੇ ਹੋਏ ਸਨ।
ਟਰੱਸਟੀ ਜਸਪ੍ਰੀਤ ਸਿੰਘ ਦਾਹੀਆ ਨੇ ਦੱਸਿਆ ਕਿ ਖੇਤਰ ’ਚ ਵਧੇ ਤਣਾਅ ਕਾਰਨ ਕਈ ਵਿਦੇਸ਼ੀ ਨਾਗਰਿਕਾਂ ਵਾਂਗ ਪੰਜਾਬ ਦੇ ਨੌਜਵਾਨ ਵੀ ਮੁਸ਼ਕਲ ਹਾਲਾਤ ਦਾ ਸਾਹਮਣਾ ਕਰ ਰਹੇ ਸਨ ਅਤੇ ਲੰਬੇ ਸਮੇਂ ਤੋਂ ਆਪਣੇ ਘਰ ਪਰਤਣ ਦੀ ਉਡੀਕ ਕਰ ਰਹੇ ਸਨ। ਖਾਲਸਾ ਏਡ ਦੇ ਮੁਖੀ ਰਵੀ ਸਿੰਘ ਲਿਬਨਾਨ ਵਿਚ ਚੱਲ ਰਹੇ ਮਨੁੱਖਤਾ ਸੇਵਾ ਅਤੇ ਰਾਹਤ ਕਾਰਜਾਂ ਦੌਰਾਨ ਬੇਰੂਤ ਸਥਿਤ ਗੁਰਦੁਆਰਾ ਸਾਹਿਬ ਵਿਖੇ ਨੌਜਵਾਨਾਂ ਨੂੰ ਮਿਲੇ ਸਨ। ਜਿਨ੍ਹਾਂ ਨੌਜਵਾਨਾਂ ਨੇ ਆਪਣੇ ਵਤਨ ਵਾਪਸੀ ਸਬੰਧੀ ਦਰਪੇਸ਼ ਮੁਸ਼ਕਲਾਂ ਬਾਰੇ ਜਾਣੂ ਕਰਵਾਉਣ ’ਤੇ ਖਾਲਸਾ ਏਡ ਨੇ ਤੁਰੰਤ ਇਸ ਮਾਮਲੇ ਨੂੰ ਤਰਜੀਹ ਦੇ ਆਧਾਰ 'ਤੇ ਉਠਾਇਆ। ਜਸਪ੍ਰੀਤ ਸਿੰਘ ਦਾਹੀਆ ਨੇ ਦੱਸਿਆ ਕਿ ਉਨ੍ਹਾਂ ਨੇ ਤੁਰੰਤ ਭਾਰਤ ਸਰਕਾਰ ਦੇ ਸਾਬਕਾ ਵਿਦੇਸ਼ ਸਕੱਤਰ ਤੇ ਮੌਜੂਦਾ ਰਾਜਪਾਲ ਤਰਨਜੀਤ ਸਿੰਘ ਸੰਧੂ ਨਾਲ ਸੰਪਰਕ ਕੀਤਾ। ਉਨ੍ਹਾਂ ਦੇ ਸਹਿਯੋਗ ਨਾਲ ਭਾਰਤ ਸਰਕਾਰ ਤੇ ਬੇਰਤ ਸਥਿਤ ਭਾਰਤੀ ਦੂਤਾਵਾਸ ਨਾਲ ਲੋੜੀਂਦਾ ਤਾਲਮੇਲ ਸਥਾਪਤ ਕੀਤਾ ਗਿਆ। ਸਾਰੀਆਂ ਜ਼ਰੂਰੀ ਪ੍ਰਕਿਰਿਆਵਾਂ ਪੂਰੀਆਂ ਹੋਣ ਤੋਂ ਬਾਅਦ ਖਾਲਸਾ ਏਡ, ਭਾਰਤੀ ਦੂਤਾਵਾਸ ਤੇ ਤਰਨਜੀਤ ਸਿੰਘ ਸੰਧੂ ਦੇ ਸਹਿਯੋਗ ਨਾਲ ਇਨ੍ਹਾਂ ਪੰਜਾ ਨੌਜਵਾਨਾਂ ਦੀ ਸੁਰੱਖਿਅਤ ਵਤਨ ਵਾਪਸੀ ਸੰਭਵ ਹੋ ਸਕੀ ਹੈ।
ਵਤਨ ਪਰਤਣ ਉਪਰੰਤ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਖਾਲਸਾ ਏਡ, ਰਵੀ ਸਿੰਘ, ਜਸਪ੍ਰੀਤ ਸਿੰਘ ਦਾਹੀਆ ਬੇਰੁਤ ਸਥਿਤ ਭਾਰਤੀ ਦੂਤਾਵਾਸ ਅਤੇ ਤਰਨਜੀਤ ਸਿੰਘ ਸੰਧੂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਸਮੇਂ ਸਿਰ ਕੀਤੇ ਗਏ ਯਤਨਾਂ ਅਤੇ ਨਿਰੰਤਰ ਸਰਿਯੋਗ ਨੇ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਨਾਲ ਮੁੜ ਮਿਲਣ ਦਾ ਮੌਕਾ ਦਿੱਤਾ। ਨੌਜਵਾਨਾਂ ਨੇ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ ਲਿਬਨਾਨ ਵਿੱਚ ਬਣੇ ਤਣਾਅਪੂਰਨ ਹਾਲਾਤ ਕਾਰਨ ਉਹ ਕਾਫੀ ਚਿੰਤਤ ਸਨ ਤੇ ਘਰ ਵਾਪਸੀ ਦੀ ਉਮੀਦ ਧੁੰਦਲੀ ਪੈਂਦੀ ਜਾ ਰਹੀ ਸੀ। ਖਾਲਸਾ ਏਡ ਵੱਲੋਂ ਹਰ ਪੜਾਅ 'ਤੇ ਦਿੱਤੇ ਗਏ ਸਹਿਯੋਗ ਨੇ ਉਨ੍ਹਾਂ ਵਿੱਚ ਭਰੋਸਾ ਪੈਦਾ ਕੀਤਾ ਅਤੇ ਆਖਿਰਕਾਰ ਉਹ ਸੁਰੱਖਿਅਤ ਆਪਣੇ ਪਰਿਵਾਰਾਂ ਤੱਕ ਪਹੁੰਚ ਸਕੇ।