- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੇਬਨਾਨ ਵਿੱਚ ਮਨੁੱਖਤਾ ਦੀ ਸੇਵਾ ਦਾ ਪ੍ਰਤੀਕ ਬਣਿਆ ਖਾਲਸਾ ਏਡ, ਲੋੜਵੰਦਾਂ ਲਈ ਮੁਫ਼ਤ ਲੰਗਰ ਸੇਵਾ ਜਾਰੀ

ਸ਼ੈਲੀ, ਪੰਜਾਬੀ ਜਾਗਰਣ, ਜਲੰਧਰ : ਖ਼ਾਲਸਾ ਏਡ ਨੇ ਲੇਬਨਾਨ ਦੇ ਅਡੋਨਿਸ ਖੇਤਰ ’ਚ ਸਥਿਤ ਗੁਰਦੁਆਰਾ ਅਡੋਨਿਸ ਸਾਹਿਬ, ਜ਼ੌਕ ਮੋਸਬੇਹ, ਕਸਰਵਾਨ, ਬੇਰੂਤ, ਲੇਬਨਾਨ ਦੇ ਸਹਿਯੋਗ ਨਾਲ ਇਕ ਮੁਫ਼ਤ ਲੰਗਰ (ਕਮਿਊਨਿਟੀ ਕਿਚਨ) ਸੇਵਾ ਸ਼ੁਰੂ ਕੀਤੀ ਹੋਈ ਹੈ, ਜਿਸ ਰਾਹੀਂ ਹਰ ਰੋਜ਼ ਵੱਡੀ ਗਿਣਤੀ ਵਿੱਚ ਲੋੜਵੰਦ ਲੋਕਾਂ ਨੂੰ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਹ ਲੰਗਰ ਸੇਵਾ ਕਿਸੇ ਇਕ ਭਾਈਚਾਰੇ ਜਾਂ ਧਰਮ ਲਈ ਨਹੀਂ, ਸਗੋਂ ਹਰ ਉਸ ਵਿਅਕਤੀ ਲਈ ਹੈ ਜੋ ਲੋੜ ਅਤੇ ਮੁਸ਼ਕਲ ਹਾਲਾਤ ਦਾ ਸਾਹਮਣਾ ਕਰ ਰਿਹਾ ਹੈ। ਖਾਲਸਾ ਏਡ ਦੇ ਮੁਖੀ ਰਵੀ ਸਿੰਘ ਨੇ ਦੱਸਿਆ ਕਿ ਦੱਖਣੀ ਲੇਬਨਾਨ, ਖ਼ਾਸ ਕਰਕੇ ਸਾਇਦਾ ਅਤੇ ਸਰਹੱਦੀ ਖੇਤਰਾਂ ਵਿੱਚ ਜਾਰੀ ਬੰਬਬਾਰੀ ਅਤੇ ਸੰਘਰਸ਼ ਕਾਰਨ ਇਕ ਮਿਲੀਅਨ ਤੋਂ ਵੱਧ ਲੋਕ ਆਪਣੇ ਘਰਾਂ ਤੋਂ ਬੇਘਰ ਹੋ ਚੁੱਕੇ ਹਨ। ਹਰ ਰੋਜ਼ ਹਜ਼ਾਰਾਂ ਪਰਿਵਾਰ ਸਾਇਦਾ, ਬੇਰੂਤ ਅਤੇ ਹੋਰ ਵੱਡੇ ਸ਼ਹਿਰਾਂ ਵੱਲ ਸ਼ਰਨ ਲੈਣ ਲਈ ਪਹੁੰਚ ਰਹੇ ਹਨ। ਰਾਹਤ ਕੈਂਪ ਤੇ ਸ਼ੈਲਟਰ ਸਮਰੱਥਾ ਤੋਂ ਵੱਧ ਭਰ ਚੁੱਕੇ ਹਨ ਅਤੇ ਦੇਸ਼ ਦਾ ਬੁਨਿਆਦੀ ਢਾਂਚਾ ਵੀ ਇਸ ਸੰਕਟ ਦਾ ਭਾਰੀ ਦਬਾਅ ਝੱਲ ਰਿਹਾ ਹੈ। ਰਵੀ ਸਿੰਘ ਅਨੁਸਾਰ ਦੱਖਣੀ ਲੇਬਨਾਨ ’ਚ ਜਾਰੀ ਬੰਬਬਾਰੀ ਦਾ ਅਜੇ ਤੱਕ ਕੋਈ ਅੰਤ ਨਜ਼ਰ ਨਹੀਂ ਆ ਰਿਹਾ। ਹਜ਼ਾਰਾਂ ਘਰ ਤਬਾਹ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਖਾਲਸਾ ਏਡ ਵੱਲੋਂ ਪ੍ਰਭਾਵਿਤ ਲੋਕਾਂ ਨੂੰ ਸਫ਼ਾਈ ਕਿੱਟਾਂ (ਹਾਈਜੀਨ ਪੈਕ), ਔਰਤਾਂ ਲਈ ਡਿਗਨਿਟੀ ਪੈਕ ਅਤੇ ਪੀਣ ਵਾਲੇ ਪਾਣੀ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਹੋਰ ਕਈ ਰਾਹਤ ਪ੍ਰੋਜੈਕਟਾਂ 'ਤੇ ਵੀ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਵੱਧ ਤੋਂ ਵੱਧ ਲੋੜਵੰਦ ਪਰਿਵਾਰਾਂ ਤੱਕ ਸਹਾਇਤਾ ਪਹੁੰਚਾਈ ਜਾ ਸਕੇ। ਰਵੀ ਸਿੰਘ ਨੇ ਕਿਹਾ ਕਿ ਲੇਬਨਾਨ ’ਚ ਮਹਿੰਗਾਈ ਅਤੇ ਜੀਵਨ-ਯਾਪਨ ਦੇ ਵੱਧਦੇ ਖਰਚਿਆਂ ਕਾਰਨ ਸਥਾਨਕ ਗੁਰਦੁਆਰਿਆਂ ਲਈ ਲੰਗਰ ਸੇਵਾ ਚਲਾਉਣਾ ਵੀ ਮੁਸ਼ਕਲ ਹੋ ਰਿਹਾ ਸੀ। ਇਸ ਲਈ ਖਾਲਸਾ ਏਡ ਨੇ ਇੱਕ ਸਥਾਨਕ ਗੁਰਦੁਆਰਾ ਸਾਹਿਬ ਵਿੱਚ ਘੱਟੋ-ਘੱਟ ਤਿੰਨ ਮਹੀਨਿਆਂ ਲਈ ਲੰਗਰ ਸੇਵਾ ਦੀ ਜ਼ਿੰਮੇਵਾਰੀ ਸੰਭਾਲੀ ਹੈ ਤੇ ਜੰਗ ਖ਼ਤਮ ਹੋਣ ਤੱਕ ਹਰ ਸੰਭਵ ਸਹਾਇਤਾ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਬੇਰੂਤ ਵਿਚ ਉਜੜੇ ਪਰਿਵਾਰਾਂ ਲਈ ਰਸੋਈ ਦੀ ਮੁਰੰਮਤ ਤੇ ਵਿਸਥਾਰ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ।