- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਈਡੀ ਮੁਤਾਬਕ ਜਾਂਚ ਲੁਧਿਆਣਾ ਸਾਈਬਰ ਕ੍ਰਾਈਮ ਥਾਣੇ ’ਚ ਦਰਜ ਐੱਫਆਈਆਰ ਤੋਂ ਸ਼ੁਰੂ ਹੋਈ ਸੀ। ਇਸ ਗਿਰੋਹ ਨਾਲ ਜੁੜੀਆਂ ਡਿਜੀਟਲ ਅਰੇਸਟ ਸਾਈਬਰ ਠੱਗੀ ਦੀਆਂ ਨੌਂ ਹੋਰ ਐੱਫਆਈਆਰਜ਼ ਨੂੰ ਵੀ ਜਾਂਚ ’ਚ ਸ਼ਾਮਲ ਕੀਤਾ ਗਿਆ ਹੈ। ਜਾਂਚ ’ਚ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ਸੀਬੀਆਈ ਅਤੇ ਨਿਆਂਪਾਲਿਕਾ ਦੇ ਅਧਿਕਾਰੀ ਬਣ ਕੇ ਐੱਸਪੀ ਓਸਵਾਲ ਨੂੰ ਡਿਜੀਟਲ ਅਰੇਸਟ ਕੀਤਾ ਤੇ ਉਨ੍ਹਾਂ ਤੋਂ ਸੱਤ ਕਰੋੜ ਰੁਪਏ ਠੱਗੇ।

ਜਾਗਰਣ ਸੰਵਾਦਦਾਤਾ, ਜਲੰਧਰ : ਲੁਧਿਆਣਾ ਦੇ ਉਦਯੋਗਪਤੀ ਐੱਸਪੀ ਓਸਵਾਲ ਨਾਲ ਸੱਤ ਕਰੋੜ ਰੁਪਏ ਦੀ ਸਾਈਬਰ ਠੱਗੀ ਦੇ ਮਾਮਲੇ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੁੱਖ ਹੈਂਡਲਰ ਸੋਹੇਲ ਅਖ਼ਤਰ ਉਰਫ਼ ਰਾਜੂ ਨੂੰ ਕੋਲਕਾਤਾ ਤੋਂ ਗ੍ਰਿਫ਼ਤਾਰ ਕੀਤਾ ਹੈ। ਈਡੀ ਦੇ ਜਲੰਧਰ ਜ਼ੋਨਲ ਦਫ਼ਤਰ ਦੀ ਟੀਮ ਨੇ 28 ਸਤੰਬਰ ਨੂੰ ਪੱਛਮੀ ਬੰਗਾਲ ’ਚ ਤਿੰਨ ਥਾਵਾਂ ’ਤੇ ਤਲਾਸ਼ੀ ਮਗਰੋਂ ਉਸ ਨੂੰ ਧਨ ਸ਼ੋਧਨ ਰੋਕੂ ਕਾਨੂੰਨ (ਪੀਐੱਮਐੱਲਏ) ਤਹਿਤ ਗ੍ਰਿਫ਼ਤਾਰ ਕੀਤਾ। ਕੋਲਕਾਤਾ ਦੀ ਅਦਾਲਤ ਤੋਂ ਟਰਾਂਜ਼ਿਟ ਰਿਮਾਂਡ ਮਿਲਣ ਮਗਰੋਂ ਉਸ ਨੂੰ ਜਲੰਧਰ ਲਿਆਂਦਾ ਗਿਆ। ਇੱਥੇ ਵਿਸ਼ੇਸ਼ ਪੀਐੱਮਐੱਲਏ ਅਦਾਲਤ ਨੇ ਉਸ ਨੂੰ ਛੇ ਅਕਤੂਬਰ ਤੱਕ ਸੱਤ ਦਿਨ ਦੀ ਈਡੀ ਹਿਰਾਸਤ ’ਚ ਭੇਜ ਦਿੱਤਾ।
ਈਡੀ ਮੁਤਾਬਕ ਜਾਂਚ ਲੁਧਿਆਣਾ ਸਾਈਬਰ ਕ੍ਰਾਈਮ ਥਾਣੇ ’ਚ ਦਰਜ ਐੱਫਆਈਆਰ ਤੋਂ ਸ਼ੁਰੂ ਹੋਈ ਸੀ। ਇਸ ਗਿਰੋਹ ਨਾਲ ਜੁੜੀਆਂ ਡਿਜੀਟਲ ਅਰੇਸਟ ਸਾਈਬਰ ਠੱਗੀ ਦੀਆਂ ਨੌਂ ਹੋਰ ਐੱਫਆਈਆਰਜ਼ ਨੂੰ ਵੀ ਜਾਂਚ ’ਚ ਸ਼ਾਮਲ ਕੀਤਾ ਗਿਆ ਹੈ। ਜਾਂਚ ’ਚ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ਸੀਬੀਆਈ ਅਤੇ ਨਿਆਂਪਾਲਿਕਾ ਦੇ ਅਧਿਕਾਰੀ ਬਣ ਕੇ ਐੱਸਪੀ ਓਸਵਾਲ ਨੂੰ ਡਿਜੀਟਲ ਅਰੇਸਟ ਕੀਤਾ ਤੇ ਉਨ੍ਹਾਂ ਤੋਂ ਸੱਤ ਕਰੋੜ ਰੁਪਏ ਠੱਗੇ। ਰਕਮ ’ਚੋਂ ਚਾਰ ਕਰੋੜ ਰੁਪਏ ਫਰੋਜ਼ਨਮੈਨ ਵੇਅਰਹਾਊਸਿੰਗ ਐਂਡ ਲਾਜਿਸਟਿਕਸ ਅਤੇ ਤਿੰਨ ਕਰੋੜ ਰੁਪਏ ਰਿਗਲੋ ਵੈਂਚਰਜ਼ ਪ੍ਰਾਈਵੇਟ ਲਿਮਟਿਡ ਦੇ ਖਾਤਿਆਂ ’ਚ ਭੇਜੇ ਗਏ।
ਮਿਊਲ ਖਾਤਿਆਂ ਦਾ ਨੈੱਟਵਰਕ, ਏਪੀਕੇ ਰਾਹੀਂ ਓਟੀਪੀ ਹਾਸਲ ਕਰਨ ਦਾ ਦਾਅਵਾ
ਈਡੀ ਅਨੁਸਾਰ ਰਿਗਲੋ ਵੈਂਚਰਜ਼ ਦੇ ਬੈਂਕ ਖਾਤਿਆਂ ਨੂੰ ਸੋਹੇਲ ਅਖ਼ਤਰ ਕੰਟਰੋਲ ਕਰਦਾ ਸੀ। ਏਜੰਸੀ ਨੇ ਉਸ ਨੂੰ ਅਜਿਹੇ ਲੋਕਾਂ ਦੀ ਭਰਤੀ ਕਰਨ ਵਾਲਾ ਮੁੱਖ ਹੈਂਡਲਰ ਦੱਸਿਆ, ਜਿਨ੍ਹਾਂ ਰਾਹੀਂ ਮਿਊਲ ਬੈਂਕ ਖਾਤੇ ਮੁਹੱਈਆ ਕਰਵਾਏ ਜਾਂਦੇ ਸਨ। ਜਾਂਚ ਮੁਤਾਬਕ ਇਨ੍ਹਾਂ ਖਾਤਿਆਂ ਨਾਲ ਜੁੜੇ ਸਿਮ ਅਜਿਹੇ ਮੋਬਾਈਲਾਂ ’ਚ ਲਾਏ ਜਾਂਦੇ ਸਨ, ਜਿਨ੍ਹਾਂ ’ਚ ਪਹਿਲਾਂ ਹੀ ਵਿਸ਼ੇਸ਼ ਏਪੀਕੇ ਫਾਈਲਾਂ ਡਾਊਨਲੋਡ ਹੁੰਦੀਆਂ ਸਨ। ਈਡੀ ਦਾ ਦਾਅਵਾ ਹੈ ਕਿ ਨੇਪਾਲ ’ਚ ਬੈਠੇ ਸਹਿਯੋਗੀ ਇਨ੍ਹਾਂ ਫੋਨਾਂ ’ਤੇ ਆਉਣ ਵਾਲੇ ਓਟੀਪੀ ਅਤੇ ਐੱਸਐੱਮਐੱਸ ਤੱਕ ਪਹੁੰਚ ਬਣਾ ਕੇ ਰਕਮ ਨੂੰ ਤੇਜ਼ੀ ਨਾਲ ਦੂਜੇ ਖਾਤਿਆਂ ’ਚ ਭੇਜਦੇ ਸਨ।
ਦੋ ਤੋਂ ਪੰਜ ਲੱਖ ਦੀਆਂ ਕਿਸ਼ਤਾਂ ’ਚ ਹੁੰਦੀ ਸੀ ਰਕਮ ਟਰਾਂਸਫਰ
ਈਡੀ ਮੁਤਾਬਕ ਠੱਗੀ ਦੀ ਰਕਮ ਵੱਖ-ਵੱਖ ਮਿਊਲ ਖਾਤਿਆਂ ’ਚ ਦੋ ਤੋਂ ਪੰਜ ਲੱਖ ਰੁਪਏ ਦੀਆਂ ਛੋਟੀਆਂ ਕਿਸ਼ਤਾਂ ’ਚ ਭੇਜੀ ਜਾਂਦੀ ਸੀ। ਇਨ੍ਹਾਂ ਖਾਤਿਆਂ ਤੋਂ ਨਕਦੀ ਕਢਵਾ ਕੇ ਵਰਚੁਅਲ ਡਿਜੀਟਲ ਐਸੈੱਟ (ਕ੍ਰਿਪਟੋ ਕਰੰਸੀ) ਖਰੀਦੀ ਜਾਂਦੀ ਸੀ। ਕਮਿਸ਼ਨ ਕੱਟਣ ਮਗਰੋਂ ਇਹ ਰਕਮ ਵਿਦੇਸ਼ੀ ਨਾਗਰਿਕਾਂ ਦੇ ਖਾਤਿਆਂ ’ਚ ਟਰਾਂਸਫਰ ਕਰਨ ਦਾ ਦਾਅਵਾ ਹੈ। ਈਡੀ ਅਨੁਸਾਰ ਆਰਥਿਕ ਤੌਰ ’ਤੇ ਕਮਜ਼ੋਰ ਲੋਕਾਂ ਨੂੰ ਲੋਨ ਜਾਂ ਨੌਕਰੀ ਦਾ ਝਾਂਸਾ ਦੇ ਕੇ ਮਿਊਲ ਖਾਤੇ ਖੁਲਵਾਏ ਜਾਂਦੇ ਸਨ ਅਤੇ ਸ਼ੈੱਲ ਸੰਸਥਾਵਾਂ ਰਾਹੀਂ ਰਕਮ ਨੂੰ ਲੇਅਰ ਕਰਕੇ ਟਰੇਡ ਆਧਾਰਿਤ ਮਨੀ ਲਾਂਡਰਿੰਗ ਰਾਹੀਂ ਵਿਦੇਸ਼ ਭੇਜਿਆ ਜਾਂਦਾ ਸੀ।
ਹੁਣ ਤੱਕ ਤਿੰਨ ਗ੍ਰਿਫ਼ਤਾਰ, 1.76 ਕਰੋੜ ਦੀ ਜਾਇਦਾਦ ਅਟੈਚ
ਈਡੀ ਇਸ ਮਾਮਲੇ ’ਚ ਹੁਣ ਤੱਕ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਸੋਹੇਲ ਅਖ਼ਤਰ ਤੋਂ ਪਹਿਲਾਂ ਰੂਮੀ ਕਲਿਤਾ ਨੂੰ 23 ਦਸੰਬਰ ਅਤੇ ਅਰਪਿਤ ਰਾਠੌਰ ਨੂੰ 31 ਦਸੰਬਰ 2025 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਈਡੀ ਨੇ 14 ਫਰਵਰੀ ਨੂੰ 1.76 ਕਰੋੜ ਰੁਪਏ ਦੀ ਜਾਇਦਾਦ ਵੀ ਅਟੈਚ ਕੀਤੀ ਸੀ। 19 ਫਰਵਰੀ ਨੂੰ ਰੂਮੀ ਕਲਿਤਾ, ਅਰਪਿਤ ਰਾਠੌਰ, ਆਨੰਦ ਚੌਧਰੀ, ਅਤਨੁ ਚੌਧਰੀ ਅਤੇ ਫਰੋਜ਼ਨਮੈਨ ਵੇਅਰਹਾਊਸਿੰਗ ਐਂਡ ਲਾਜਿਸਟਿਕਸ ਖ਼ਿਲਾਫ਼ ਪ੍ਰੋਸੀਕਿਊਸ਼ਨ ਸ਼ਿਕਾਇਤ ਦਾਖ਼ਲ ਕੀਤੀ ਗਈ ਸੀ। ਮਾਮਲੇ ਦੀ ਜਾਂਚ ਜਾਰੀ ਹੈ।