ਜਲੰਧਰ ਫਿਰੌਤੀ ਫਾਇਰਿੰਗ ਮਾਮਲਾ, ਫਰਜ਼ੀ ਨੰਬਰ ਪਲੇਟ ਬਣਾਉਣ ਵਾਲਾ ਗ੍ਰਿਫ਼ਤਾਰ; ਪੰਜਾਬ ਪੁਲਿਸ ਨੇ ਦੁਕਾਨਦਾਰਾਂ ਨੂੰ ਦਿੱਤੀ ਚਿਤਾਵਨੀ
ਫਿਰੌਤੀ ਲਈ ਫਾਇਰਿੰਗ ਕਰਕੇ ਦਹਿਸ਼ਤ ਫੈਲਾਉਣ 'ਚ ਵਰਤੇ ਗਏ ਮੋਟਰਸਾਈਕਲ ਦੀ ਫਰਜ਼ੀ ਨੰਬਰ ਪਲੇਟ ਤਿਆਰ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਕਮਿਸ਼ਨਰੇਟ ਪੁਲਿਸ ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਮਾਮਲੇ ਦੀ ਜਾਂਚ ਦੌਰਾਨ ਮੁਲਜ਼ਮ ਨੂੰ ਕਾਬੂ ਕੀਤਾ ਹੈ।
Publish Date: Sat, 27 Jun 2026 03:28 PM (IST)
Updated Date: Sat, 27 Jun 2026 03:30 PM (IST)

ਜਾਗਰਣ ਸੰਵਾਦਦਾਤਾ, ਜਲੰਧਰ - ਫਿਰੌਤੀ ਲਈ ਫਾਇਰਿੰਗ ਕਰਕੇ ਦਹਿਸ਼ਤ ਫੈਲਾਉਣ 'ਚ ਵਰਤੇ ਗਏ ਮੋਟਰਸਾਈਕਲ ਦੀ ਫਰਜ਼ੀ ਨੰਬਰ ਪਲੇਟ ਤਿਆਰ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਕਮਿਸ਼ਨਰੇਟ ਪੁਲਿਸ ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਮਾਮਲੇ ਦੀ ਜਾਂਚ ਦੌਰਾਨ ਮੁਲਜ਼ਮ ਨੂੰ ਕਾਬੂ ਕੀਤਾ ਹੈ।
ਪੁਲਿਸ ਅਨੁਸਾਰ 20 ਜੂਨ 2026 ਨੂੰ ਦਰਜ ਕੀਤੇ ਗਏ ਮਾਮਲੇ ਦੀ ਜਾਂਚ ਦੌਰਾਨ ਖ਼ੁਲਾਸਾ ਹੋਇਆ ਸੀ ਕਿ ਵਾਰਦਾਤ 'ਚ ਵਰਤੇ ਗਏ ਮੋਟਰਸਾਈਕਲ 'ਤੇ ਲੱਗੀ ਫਰਜ਼ੀ ਨੰਬਰ ਪਲੇਟ ਮੁਲਜ਼ਮ ਗੁਰਲਾਲ ਸਿੰਘ ਦੇ ਕਹਿਣ 'ਤੇ ਤਿਆਰ ਕਰਵਾਈ ਗਈ ਸੀ। ਜਾਂਚ ਦੇ ਆਧਾਰ 'ਤੇ ਨੰਬਰ ਪਲੇਟ ਬਣਾਉਣ ਵਾਲੇ ਵਿਅਕਤੀ ਦੀ ਪਛਾਣ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਰਿਸ਼ਵ ਨਿਵਾਸੀ ਪਿੰਡ ਕਲੀਜਪੁਰ ਥਾਣਾ ਦੀਨਾਨਗਰ, ਜ਼ਿਲ੍ਹਾ ਪਠਾਨਕੋਟ ਵਜੋਂ ਹੋਈ ਹੈ। ਉਸ ਨੂੰ 25 ਜੂਨ 2026 ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਦੇ ਨਿਰਦੇਸ਼ਾਂ ਅਤੇ ਡੀਸੀਪੀ (ਜਾਂਚ) ਮਨਪ੍ਰੀਤ ਸਿੰਘ, ਏਡੀਸੀਪੀ-2 ਅਤੇ ਏਸੀਪੀ ਵੈਸਟ ਦੀ ਨਿਗਰਾਨੀ ਹੇਠ ਚੱਲ ਰਹੀ ਜਾਂਚ ਦੌਰਾਨ ਇਹ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ।
ਪੁਲਿਸ ਨੇ ਨੰਬਰ ਪਲੇਟ ਬਣਾਉਣ ਵਾਲਿਆਂ ਨੂੰ ਦਿੱਤੀ ਚਿਤਾਵਨੀ
ਕਮਿਸ਼ਨਰੇਟ ਪੁਲਿਸ ਨੇ ਨੰਬਰ ਪਲੇਟ ਬਣਾਉਣ ਵਾਲੇ ਸਾਰੇ ਦੁਕਾਨਦਾਰਾਂ ਨੂੰ ਸਖ਼ਤ ਹਦਾਇਤ ਦਿੱਤੀ ਹੈ ਕਿ ਉਹ ਕਿਸੇ ਵੀ ਵਾਹਨ ਦੀ ਨੰਬਰ ਪਲੇਟ ਸਬੰਧਿਤ ਦਸਤਾਵੇਜ਼ਾਂ ਅਤੇ ਪੂਰੀ ਪੜਤਾਲ ਤੋਂ ਬਿਨਾਂ ਤਿਆਰ ਨਾ ਕਰਨ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਬਾਕੀ ਮੁਲਜ਼ਮਾਂ ਦੀ ਭਾਲ ਜਾਰੀ
ਪੁਲਿਸ ਨੇ ਦੱਸਿਆ ਕਿ ਇਸ ਮਾਮਲੇ 'ਚ ਸ਼ਾਮਲ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ 'ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਕਮਿਸ਼ਨਰੇਟ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਅਪਰਾਧ ਅਤੇ ਦਹਿਸ਼ਤ ਫੈਲਾਉਣ ਵਾਲੇ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਅੱਗੇ ਵੀ ਜਾਰੀ ਰਹੇਗੀ।