- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀੜਤਾਂ ਨੂੰ ਦੱਸਿਆ ਜਾਂਦਾ ਸੀ ਕਿ ਪੈਸੇ ਇਕੱਠੇ ਕਰਨ ਲਈ ਦਿੱਲੀ ਤੋਂ ਇੱਕ ਵਿਅਕਤੀ ਨਿਯਮਿਤ ਤੌਰ ’ਤੇ ਆਉਂਦਾ ਹੈ। ਜਾਂਚ ਦੌਰਾਨ ਜਲੰਧਰ ਦੇ ਕੁਝ ਪ੍ਰਭਾਵਸ਼ਾਲੀ ਲੋਕਾਂ ਦੇ ਨਾਂ ਵੀ ਸਾਹਮਣੇ ਆਏ ਹਨ, ਜਿਨ੍ਹਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਹਾਈਟਸ-3 ਤੋਂ ਗ੍ਰਿਫ਼ਤਾਰ ਕੀਤੀ ਗਈ ਖ਼ੁਦ ਨੂੰ ਆਈਏਐਸ ਅਧਿਕਾਰੀ ਦੱਸਣ ਵਾਲੀ ਪੂਜਾ ਠਾਕੁਰ ਦੇ ਭਰਤੀ ਰੈਕਟ ਦੀਆਂ ਜੜ੍ਹਾਂ ਦਿੱਲੀ ਤੱਕ ਫੈਲੀਆਂ ਹੋਈਆਂ ਸਨ। ਥਾਣਾ ਸਦਰ ਪੁਲਿਸ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਇਹ ਕੋਈ ਇਕੱਲੀ ਠੱਗ ਨਹੀਂ, ਸਗੋਂ ਇਕ ਅੰਤਰਰਾਜੀ ਨੈੱਟਵਰਕ ਦਾ ਹਿੱਸਾ ਹੈ। ਜਲੰਧਰ ’ਚ ਵੀ ਉਸ ਦੇ ਕਈ ਸਾਥੀ ਮੌਜੂਦ ਹਨ। ਇਨ੍ਹਾਂ ’ਚ ਕੁਝ ਸਰਕਾਰੀ ਵਿਭਾਗਾਂ ਨਾਲ ਜੁੜੇ ਲੋਕਾਂ ਦੇ ਸ਼ਾਮਲ ਹੋਣ ਦਾ ਵੀ ਸ਼ੱਕ ਹੈ, ਜਿਨ੍ਹਾਂ ਦੀ ਪਛਾਣ ਲਈ ਪੁਲਿਸ ਪੁੱਛਗਿੱਛ ਕਰ ਰਹੀ ਹੈ।
ਪੁਲਿਸ ਦਾ ਦਾਅਵਾ ਹੈ ਕਿ ਇਸ ਪੂਰੇ ਰੈਕਟ ਦਾ ਸੰਚਾਲਨ ਦਿੱਲੀ ਤੋਂ ਕੀਤਾ ਜਾ ਰਿਹਾ ਸੀ ਅਤੇ ਮੁਲਜ਼ਮ ਔਰਤ ਦੇ ਪਿੱਛੇ ਦਿੱਲੀ ’ਚ ਇਕ ਵੱਡਾ ਨੈੱਟਵਰਕ ਸਰਗਰਮ ਸੀ। ਬੁੱਧਵਾਰ ਨੂੰ ਪੁਲਿਸ ਨੇ ਮੁਲਜ਼ਮ ਔਰਤ ਦਾ ਸਿਵਲ ਹਸਪਤਾਲ ’ਚ ਮੈਡੀਕਲ ਕਰਵਾਉਣ ਤੋਂ ਬਾਅਦ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਉਸ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਜਾਂਚ ’ਚ ਸਾਹਮਣੇ ਆਇਆ ਹੈ ਕਿ ਔਰਤ ਕੋਲੋਂ ਬਰਾਮਦ ਹੋਏ ਸਾਰੇ ਪਛਾਣ ਪੱਤਰ, ਦਸਤਾਵੇਜ਼ ਤੇ ਨਿਯੁਕਤੀ ਸਬੰਧੀ ਰਿਕਾਰਡ ਜਾਅਲੀ ਪਾਏ ਗਏ ਹਨ। ਪੁਲਿਸ ਮੁਤਾਬਕ ਮੁਲਜ਼ਮ ਖ਼ੁਦ ਨੂੰ ਸੀਨੀਅਰ ਅਧਿਕਾਰੀ ਦੱਸ ਕੇ ਲੋਕਾਂ ਨੂੰ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦਿੰਦੀ ਸੀ।
ਪੀੜਤਾਂ ਨੂੰ ਦੱਸਿਆ ਜਾਂਦਾ ਸੀ ਕਿ ਪੈਸੇ ਇਕੱਠੇ ਕਰਨ ਲਈ ਦਿੱਲੀ ਤੋਂ ਇੱਕ ਵਿਅਕਤੀ ਨਿਯਮਿਤ ਤੌਰ ’ਤੇ ਆਉਂਦਾ ਹੈ। ਜਾਂਚ ਦੌਰਾਨ ਜਲੰਧਰ ਦੇ ਕੁਝ ਪ੍ਰਭਾਵਸ਼ਾਲੀ ਲੋਕਾਂ ਦੇ ਨਾਂ ਵੀ ਸਾਹਮਣੇ ਆਏ ਹਨ, ਜਿਨ੍ਹਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੂੰ ਮਿਲੇ ਨਿਯੁਕਤੀ ਪੱਤਰਾਂ ’ਚ ਨੌਕਰੀ ਬਦਲੇ 76,900 ਰੁਪਏ ਮਹੀਨਾਵਾਰ ਤਨਖ਼ਾਹ ਤੇ ਹੋਰ ਸਰਕਾਰੀ ਭੱਤਿਆਂ ਦਾ ਜ਼ਿਕਰ ਕੀਤਾ ਗਿਆ ਸੀ। ਇਨ੍ਹਾਂ ’ਚ ਨੌਕਰੀ ਨੂੰ ‘ਵਰਕ ਫ੍ਰਾਮ ਹੋਮ’ ਦੱਸਦਿਆਂ ਮਹੀਨੇ ਵਿਚ ਸਿਰਫ਼ ਦੋ ਵਾਰ ਹਸਪਤਾਲ ਵਿਚ ਰਿਪੋਰਟ ਕਰਨ ਦੀ ਸ਼ਰਤ ਰੱਖੀ ਗਈ ਸੀ।
ਦਸਤਾਵੇਜ਼ਾਂ ’ਚ ਆਧਾਰ ਕਾਰਡ, ਮੈਡੀਕਲ ਫਿਟਨੈੱਸ, ਵਿਦਿਅਕ ਯੋਗਤਾ ਦੇ ਸਰਟੀਫਿਕੇਟ ਤੇ ਚਰਿੱਤਰ ਪ੍ਰਮਾਣ ਪੱਤਰ ਵਰਗੀਆਂ ਰਸਮਾਂ ਦਾ ਜ਼ਿਕਰ ਕਰ ਕੇ ਉਨ੍ਹਾਂ ਨੂੰ ਅਸਲੀ ਸਰਕਾਰੀ ਨਿਯੁਕਤੀ ਪੱਤਰਾਂ ਵਰਗਾ ਰੂਪ ਦਿੱਤਾ ਗਿਆ ਸੀ। ਪੁਲਿਸ ਅਨੁਸਾਰ ਮੁਲਜ਼ਮ ਪਹਿਲਾਂ ਜਮਸ਼ੇਰ ਖਾਸ ਤੇ ਬਾਅਦ ’ਚ ਜਲੰਧਰ ਹਾਈਟਸ ਇਲਾਕੇ ’ਚ ਕਿਰਾਏ ’ਤੇ ਰਹਿ ਕੇ ਆਪਣਾ ਨੈੱਟਵਰਕ ਚਲਾ ਰਹੀ ਸੀ।
ਜਾਂਚ ’ਚ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮ ਨੇ ਵੱਖ-ਵੱਖ ਅਹੁਦਿਆਂ ਲਈ ਵੱਖ-ਵੱਖ ਰਕਮਾਂ ਤੈਅ ਕਰ ਰੱਖੀਆਂ ਸਨ। ਏਐੱਸਆਈ, ਕਾਂਸਟੇਬਲ, ਨਰਸ, ਸਰਕਾਰੀ ਅਧਿਆਪਕ ਤੇ ਹੋਰ ਅਹੁਦਿਆਂ ’ਤੇ ਭਰਤੀ ਦੇ ਨਾਂ ’ਤੇ ਲੋਕਾਂ ਤੋਂ ਲੱਖਾਂ ਰੁਪਏ ਵਸੂਲੇ ਜਾਂਦੇ ਸਨ। ਹੁਣ ਪੁਲਿਸ ਰਿਮਾਂਡ ਦੌਰਾਨ ਪੂਰੇ ਨੈੱਟਵਰਕ, ਇਸ ਦੇ ਸੰਚਾਲਕਾਂ ਤੇ ਪੀੜਤਾਂ ਦੀ ਪਛਾਣ ਕਰਨ ’ਚ ਜੁਟੀ ਹੋਈ ਹੈ।