- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਿਕਸ਼ੂਆਂ ਵੱਲੋਂ ਕਰਵਾਈ ਅੰਤਰਰਾਸ਼ਟਰੀ ਬੋਧੀ ਪਦਯਾਤਰਾ ਦਾ ਫਿਲੌਰ ਪਹੁੰਚਣ 'ਤੇ ਨਿੱਘਾ ਸਵਾਗਤ

-ਭਿਕਸ਼ੂਆਂ ਨੇ ਬੁੱਧਾ ਸਟੈਚੂ ਦੀ ਪ੍ਰਕਰਮਾ ਕਰਦਿਆਂ ਵਿਸ਼ਵ ਸ਼ਾਂਤੀ ਲਈ ਕੀਤੀ ਅਰਦਾਸ
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਵਿਸ਼ਵ ਸ਼ਾਂਤੀ, ਸਮਾਨਤਾ, ਦਇਆ ਤੇ ਭਾਈਚਾਰੇ ਦਾ ਸੁਨੇਹਾ ਲੈ ਕੇ ਨਿਕਲੀ ਕੌਮਾਂਤਰੀ ਬੋਧੀ ਪੈਦਲ ਯਾਤਰਾ ਬੁੱਧਵਾਰ ਨੂੰ ਫਿਲੌਰ ਪੁੱਜਣ ’ਤੇ ਵੱਖ-ਵੱਖ ਸਮਾਜਿਕ, ਧਾਰਮਿਕ ਤੇ ਮਨੁੱਖਤਾਵਾਦੀ ਸੰਸਥਾਵਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਵੱਖ-ਵੱਖ ਦੇਸ਼ਾਂ ਦੇ ਭਿਕਸ਼ੂਆਂ ਦੀ ਅਗਵਾਈ ਹੇਠ ਕਰਵਾਈ ਇਹ ਪੈਦਲ ਯਾਤਰਾ 16 ਜੂਨ 2026 ਨੂੰ ਭਾਰਤ ’ਚ ਦਾਖ਼ਲ ਹੋਈ ਸੀ ਤੇ ਨਿਰਧਾਰਿਤ ਰਸਤੇ ਅਨੁਸਾਰ ਅੱਗੇ ਵੱਧ ਰਹੀ ਹੈ। ਪੰਜਾਬ ਦੇ ਸੰਘੋਲ ਤੋਂ ਸ਼ੁਰੂ ਇਤਿਹਾਸਕ ਯਾਤਰਾ ਫਿਲੌਰ ਦੇ ਬੁੱਧਾ ਪਾਰਕ ਪੁੱਜੀ, ਜਿੱਥੇ ਭਿਕਸ਼ੂਆਂ ਨੇ ਬੁੱਧਾ ਸਟੈਚੂ ਦੀ ਪ੍ਰਕਰਮਾ ਕਰਦਿਆਂ ਚੈਟਿੰਗ ਕੀਤੀ ਤੇ ਵਿਸ਼ਵ ਸ਼ਾਂਤੀ ਲਈ ਅਰਦਾਸ ਕੀਤੀ।
ਇਸ ਉਪਰੰਤ ਯਾਤਰਾ ਅਗਲੇ ਪੜਾਅ ਵੱਲ ਰਵਾਨਾ ਹੋ ਗਈ। ਤਕਸ਼ਸ਼ਿਲਾ ਬੋਧੀ ਵਿਹਾਰ ਦੇ ਇੰਚਾਰਜ ਬੰਤੇ ਪ੍ਰਗਿਆ ਬੋਧੀ ਸਮੇਤ ਵੱਖ-ਵੱਖ ਦੇਸ਼ਾਂ ਤੋਂ ਆਏ ਬੋਧੀ ਭਾਈਚਾਰੇ ਦੇ ਮੈਂਬਰਾਂ ਨੇ ਸ਼ਾਂਤੀ, ਦੋਸਤੀ, ਅਹਿੰਸਾ ਤੇ ਮਨੁੱਖੀ ਭਲਾਈ ਦਾ ਸੁਨੇਹਾ ਦਿੱਤਾ। ਬੁਲਾਰਿਆਂ ਅਨੁਸਾਰ ਇਹ ਯਾਤਰਾ ਵਿਸ਼ਵ ਸ਼ਾਂਤੀ ਤੇ ਸਮਾਜਿਕ ਸਦਭਾਵਨਾ ਦਾ ਪ੍ਰਤੀਕ ਹੈ ਤੇ ਸਮਾਜ ’ਚ ਭਾਈਚਾਰੇ, ਬਰਾਬਰੀ ਤੇ ਆਪਸੀ ਸਤਿਕਾਰ ਦੀ ਭਾਵਨਾ ਮਜ਼ਬੂਤ ਕਰਨ ਦਾ ਉਦੇਸ਼ ਰੱਖਦੀ ਹੈ। ਪ੍ਰਬੰਧਕਾਂ ਅਨੁਸਾਰ ਇਹ ਪੈਦਲ ਯਾਤਰਾ ਪੰਜਾਬ ਤੋਂ ਅੱਗੇ ਜਲੰਧਰ ਸਮੇਤ ਹੋਰਨਾਂ ਖੇਤਰਾਂ ’ਚੋਂ ਲੰਘਦੀ ਹੋਈ ਲੇਹ-ਲੱਦਾਖ ਪਹੁੰਚ ਕੇ ਸਮਾਪਤ ਹੋਵੇਗੀ।
ਯਾਤਰਾ ਦਾ ਮੁੱਖ ਉਦੇਸ਼ ਭਾਰਤ ਤੇ ਦੁਨੀਆ ਭਰ ’ਚ ਸਮਾਨਤਾ, ਆਜ਼ਾਦੀ, ਭਾਈਚਾਰਾ, ਦਇਆ, ਅਹਿੰਸਾ ਤੇ ਨਸ਼ਾਮੁਕਤ ਸਮਾਜ ਦਾ ਸੁਨੇਹਾ ਫੈਲਾਉਣਾ ਹੈ। ਬੁਲਾਰਿਆਂ ਨੇ ਕਿਹਾ ਕਿ ਭਾਰਤ ਰਤਨ ਡਾ. ਅੰਬੇਡਕਰ ਨੇ 14 ਅਕਤੂਬਰ 1956 ਨੂੰ ਬੁੱਧ ਧਰਮ ਅਪਣਾ ਕੇ ਸਮਾਜ ਨੂੰ ਸਮਾਨਤਾ, ਤਰਕਸ਼ੀਲਤਾ, ਮਨੁੱਖਤਾ ਤੇ ਵਿਗਿਆਨਕ ਸੋਚ ਦਾ ਰਾਹ ਦਿਖਾਇਆ ਸੀ। ਉਨ੍ਹਾਂ ਦਾ ਸੁਪਨਾ ਅਜਿਹਾ ਸਮਾਜ ਸਿਰਜਣ ਦਾ ਸੀ, ਜਿੱਥੇ ਜਾਤ-ਪਾਤ, ਭੇਦਭਾਵ ਤੇ ਹਿੰਸਾ ਲਈ ਕੋਈ ਥਾਂ ਨਾ ਹੋਵੇ ਤੇ ਹਰ ਵਿਅਕਤੀ ਨੂੰ ਸਤਿਕਾਰ ਮਿਲੇ। ਅਜੋਕੇ ਸਮੇਂ ਜਦੋਂ ਦੁਨੀਆ ਦੇ ਕਈ ਹਿੱਸਿਆਂ ’ਚ ਹਿੰਸਾ, ਯੁੱਧ, ਨਸ਼ਾਖ਼ੋਰੀ, ਕੱਟੜਤਾ ਤੇ ਸਮਾਜਿਕ ਤਣਾਅ ਵਧ ਰਿਹਾ ਹੈ, ਤਾਂ ਭਗਵਾਨ ਬੁੱਧ ਦਾ ਸ਼ਾਂਤੀ, ਦਇਆ ਤੇ ਦੋਸਤੀ ਦਾ ਸੁਨੇਹਾ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ। ਇਹ ਪੈਦਲ ਯਾਤਰਾ ਇਸ ਗੱਲ ਦਾ ਸੁਨੇਹਾ ਦਿੰਦੀ ਹੈ ਕਿ ਸਮਾਜਿਕ ਤਬਦੀਲੀ ਟਕਰਾਅ ਨਹੀਂ, ਸਗੋਂ ਸੰਵਾਦ, ਸਦਭਾਵਨਾ, ਦਇਆ ਤੇ ਸ਼ਾਂਤੀ ਰਾਹੀਂ ਸੰਭਵ ਹੈ।
ਇਸ ਮੌਕੇ ਸੁਭਾਸ਼ ਬੋਧ ਸ਼ਾਹਪੁਰ, ਸੰਜੀਵ ਭੋਰਾ ਐਡਵੋਕੇਟ, ਕੁਲਵਿੰਦਰ ਲਾਲ ਬ੍ਰਹਮਪੁਰੀ, ਕੁਲਵਿੰਦਰ ਕੌਰ ਬ੍ਰਹਮਪੁਰੀ, ਸੰਦੀਪ ਕੌਰ (ਚੇਅਰਪਰਸਨ, ਬਲਾਕ ਸੰਮਤੀ ਫਿਲੌਰ), ਅਸ਼ੋਕ ਰੱਤੂ (ਤਹਿਸੀਲ ਪ੍ਰਧਾਨ, ਅੰਬੇਡਕਰ ਸੈਨਾ), ਸ਼ਿਵ ਕੁਮਾਰ, ਖੁਸ਼ਵਿੰਦਰ ਬੋਧ, ਗੁਲਸ਼ਨ ਮਸੰਦਪੁਰ (ਜ਼ਿਲ੍ਹਾ ਪ੍ਰਧਾਨ, ਅੰਬੇਡਕਰ ਸੈਨਾ), ਬਿਹਾਰੀ ਲਾਲ ਛਿੰਝੀ, ਰਾਜਿੰਦਰ ਸਿੱਧੂ, ਮੇਘਰਾਜ ਗੁਰੂ, ਸੰਦੀਪ ਬੋਧ, ਅਮਨ ਬੋਧ, ਪੁਸ਼ਪਾ ਭੋਰਾ, ਨਵੀ ਸ਼ਾਹਪੁਰ, ਪਿੰਦਾ ਸ਼ਾਹਪੁਰ, ਕਮਲਜੀਤ ਗੁਰਾਇਆ, ਮਾਇਰਾ ਬੋਧ ਅਤੇ ਆਰਨਵ ਬੋਧ ਸਮੇਤ ਵੱਡੀ ਗਿਣਤੀ ’ਚ ਸ਼ਰਧਾਲੂ ਅਤੇ ਪਤਵੰਤੇ ਸੱਜਣ ਹਾਜ਼ਰ ਸਨ।