- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਸ, ਜਲੰਧਰ : ਪਾਰਾ

ਜਾਸ, ਜਲੰਧਰ : ਪਾਰਾ 38 ਡਿਗਰੀ ਦੇ ਆਸ-ਪਾਸ ਤੇ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਸ਼ਹਿਰ ’ਚ ਹੁਮਸ ਦਾ ਪੱਧਰ 85 ਫ਼ੀਸਦੀ ਤੱਕ ਪਹੁੰਚਾ ਦਿੱਤਾ ਹੈ। ਇਸ ਮੌਸਮ ਨੇ ਲੋਕਾਂ ਦੀ ਸਿਹਤ 'ਤੇ ਸਿੱਧਾ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ। ਸਰਕਾਰੀ ਤੇ ਨਿੱਜੀ ਹਸਪਤਾਲਾਂ ਦੀ ਓਪੀਡੀ ’ਚ ਸਿਰ ਦਰਦ ਤੇ ਮਾਈਗ੍ਰੇਨ ਦੇ ਮਰੀਜ਼ਾਂ ਦੀ ਗਿਣਤੀ ’ਚ ਅਚਾਨਕ ਤਿੰਨ ਗੁਣਾ ਵਾਧਾ ਦਰਜ ਕੀਤਾ ਗਿਆ ਹੈ। ਪਿਮਸ ਤੇ ਸਿਵਲ ਹਸਪਤਾਲ ’ਚ ਜੂਨ ਮਹੀਨੇ ਵਿਚ ਓਪੀਡੀ ’ਚ ਰੋਜ਼ਾਨਾ 2 ਤੋਂ 3 ਮਰੀਜ਼ ਸਿਰ ਦਰਦ ਦੀ ਸ਼ਿਕਾਇਤ ਲੈ ਕੇ ਆਉਂਦੇ ਸਨ, ਜਦਕਿ ਹੁਣ ਇਹ ਗਿਣਤੀ 10 ਤੋਂ 12 ਤੱਕ ਪੁੱਜ ਗਈ ਹੈ। ਇਨ੍ਹਾਂ ਵਿਚ 70 ਫ਼ੀਸਦੀ ਮਰੀਜ਼ ਮਾਈਗ੍ਰੇਨ ਦੇ ਹਨ। ਸਿਵਲ ਹਸਪਤਾਲ ਦੀ ਮੈਡੀਕਲ ਓਪੀਡੀ ’ਚ ਤਾਇਨਾਤ ਡਾਕਟਰਾਂ ਮੁਤਾਬਕ ਪਿਛਲੇ 10 ਦਿਨਾਂ ਵਿਚ ਹੀ 110 ਤੋਂ ਵੱਧ ਮਾਈਗ੍ਰੇਨ ਦੇ ਲੱਛਣਾਂ ਨਾਲ ਇਲਾਜ ਲਈ ਪੁੱਜ ਹਨ।
ਨਿੱਜੀ ਕੰਪਨੀ ਵਿਚ ਕੰਮ ਕਰਨ ਵਾਲੀ 34 ਸਾਲਾ ਰੀਨਾ ਵਰਮਾ ਦੱਸਦੀ ਹੈ ਕਿ ਬਰਸਾਤ ਮਗਰੋਂ ਹੁਮਸ ਵਧਣ ਨਾਲ ਸਿਰ ਦੇ ਖੱਬੇ ਹਿੱਸੇ ’ਚ ਤੇਜ਼ ਦਰਦ ਸ਼ੁਰੂ ਹੋ ਜਾਂਦੀ ਹੈ। ਉਨ੍ਹਾਂ ਨੂੰ ਉਲਟੀ ਵਰਗਾ ਮਹਿਸੂਸ ਹੁੰਦਾ ਹੈ ਤੇ ਰੋਸ਼ਨੀ ਤੋਂ ਸਮੱਸਿਆ ਹੁੰਦੀ ਹੈ। ਇਸੇ ਤਰ੍ਹਾਂ, ਆਈਟੀ ਪਾਰਕ ’ਚ ਕੰਮ ਕਰਨ ਵਾਲੇ 28 ਸਾਲਾ ਅਮਿਤ ਨੇ ਦੱਸਿਆ ਕਿ ਏਸੀ ਤੋਂ ਬਾਹਰ ਨਿਕਲਦਿਆਂ ਹੀ ਉਨ੍ਹਾਂ ਦੇ ਅੱਧੇ ਸਿਰ ਦਾ ਦਰਦ ਸ਼ੁਰੂ ਹੋ ਜਾਂਦਾ ਹੈ। ਡਾਕਟਰਾਂ ਮੁਤਾਬਕ 25 ਤੋਂ 45 ਸਾਲ ਦੀ ਉਮਰ ਦੇ ਕੰਮਕਾਜੀ ਲੋਕ ਸਭ ਤੋਂ ਵੱਧ ਪ੍ਰਭਾਵਿਤ ਹਨ।
ਪਿਮਸ ਦੇ ਨਿਊਰੋਲੋਜੀ ਵਿਭਾਗ ਦੀ ਡਾ. ਸੁਰਭੀ ਮਹਾਜਨ ਕਹਿੰਦੀ ਹੈ ਕਿ ਹੁਮਸ ’ਚ ਹਵਾ ਦਾ ਦਬਾਅ ਬਦਲਦਾ ਹੈ। ਇਸ ਨਾਲ ਦਿਮਾਗ ਦੀਆਂ ਖ਼ੂਨ ਨਲੀਆਂ ਫੈਲਦੀਆਂ-ਸੁੰਗੜਦੀਆਂ ਹਨ, ਜੋ ਮਾਈਗ੍ਰੇਨ ਦਾ ਇਕ ਵੱਡਾ ਕਾਰਨ ਹੈ। ਬਰਸਾਤ ਵਿਚ ਨੀਂਦ ਦਾ ਪੈਟਰਨ ਵਿਗੜਨਾ, ਪਸੀਨੇ ਨਾਲ ਡੀਹਾਈਡ੍ਰੇਸ਼ਨ ਤੇ ਸਕਰੀਨ ਟਾਈਮ ਦਾ ਵਧਣਾ ਵੀ ਸਿਰ ਦਰਦ ਨੂੰ ਵਧਾ ਰਿਹਾ ਹੈ। ਪਹਿਲਾਂ ਓਪੀਡੀ ’ਚ 2 ਤੋਂ 3 ਮਰੀਜ਼ ਇਲਾਜ ਲਈ ਆਉਂਦੇ ਸਨ, ਹੁਣ ਇਹ ਗਿਣਤੀ 9 ਤੋਂ 10 ਤੱਕ ਪੁੱਜ ਗਈ ਹੈ।
ਸਿਵਲ ਹਸਪਤਾਲ ਦੇ ਮੈਡੀਕਲ ਸਪੈਸ਼ਲਿਸਟ ਡਾ. ਤਰਸੇਮ ਲਾਲ ਕਹਿੰਦੇ ਹਨ ਕਿ ਕਈ ਮਰੀਜ਼ ਬਿਨਾਂ ਡਾਕਟਰ ਦੀ ਸਲਾਹ ਦੇ ਪੇਨਕਿਲਰ ਲੈ ਰਹੇ ਹਨ। ਵਾਰ-ਵਾਰ ਦਵਾਈ ਲੈਣ ਨਾਲ ਮੈਡੀਕੇਸ਼ਨ ਓਵਰਯੂਜ਼ ਸਿਰ ਦਰਦ ਸ਼ੁਰੂ ਹੋ ਜਾਂਦਾ ਹੈ। ਮਾਈਗ੍ਰੇਨ ਹੈ ਜਾਂ ਆਮ ਸਿਰ ਦਰਦ, ਇਸ ਦੀ ਪਛਾਣ ਜ਼ਰੂਰੀ ਹੈ। ਇਨ੍ਹਾਂ ਦਿਨਾਂ ਵਿਚ ਅਜਿਹੇ ਮਰੀਜ਼ਾਂ ਦੀ ਗਿਣਤੀ ਵੀ ਵਧੀ ਹੈ।