- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੇਅਰ ਨੇ ਕੀਤੀ ਸਮੀਖਿਆ ਮੀਟਿੰਗ :

ਮੇਅਰ ਨੇ ਕੀਤੀ ਸਮੀਖਿਆ ਮੀਟਿੰਗ : ਸੜਕਾਂ, ਗਲੀਆਂ ਤੇ ਸੀਵਰਾਂ ਦੀ ਸਫ਼ਾਈ ਦਾ ਕੰਮ ਤੇਜ਼, ਪਾਣੀ ਭਰਨ ਵਾਲੇ ਇਲਾਕਿਆਂ ’ਚ ਤਾਇਨਾਤ ਕੀਤੀਆਂ ਜਾਣਗੀਆਂ ਟੀਮਾਂ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਜਲੰਧਰ,
ਮੇਅਰ ਵਨੀਤ ਧੀਰ ਨੇ ਵੀਰਵਾਰ ਨੂੰ ਮੌਨਸੂਨ ਤੋਂ ਪਹਿਲਾਂ ਸੀਵਰੇਜ ਸਿਸਟਮ, ਸੀਵਰੇਜ ਟ੍ਰੀਟਮੈਂਟ ਪਲਾਂਟ (ਐੱਸਟੀਪੀ) ਤੇ ਡਿਸਪੋਜ਼ਲਾਂ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਮੇਅਰ ਹਾਊਸ ’ਚ ਹੋਈ ਮੀਟਿੰਗ ਦੌਰਾਨ ਮੇਅਰ ਨੇ ਸਾਰੇ ਐੱਸਟੀਪੀ ਦੀ ਦੇਖਭਾਲ ਕਰ ਰਹੀਆਂ ਕੰਪਨੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਕਿ ਮੌਨਸੂਨ ਨੂੰ ਧਿਆਨ ’ਚ ਰੱਖਦਿਆਂ ਅਗਲੇ ਹਫ਼ਤੇ ਸਾਰੇ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦੀ ਮਸ਼ੀਨਰੀ ਦੀ ਪੂਰੀ ਜਾਂਚ ਕੀਤੀ ਜਾਵੇ। ਜੇ ਕਿਤੇ ਕੋਈ ਕਮੀ ਜਾਂ ਖ਼ਰਾਬੀ ਹੈ ਤਾਂ ਉਸ ਨੂੰ ਤੁਰੰਤ ਦੂਰ ਕੀਤਾ ਜਾਵੇ। ਬਿਜਲੀ ਬੰਦ ਹੋਣ ਦੀ ਸਥਿਤੀ ’ਚ ਵਰਤੇ ਜਾਣ ਵਾਲੇ ਜਨਰੇਟਰ ਪੂਰੀ ਤਰ੍ਹਾਂ ਠੀਕ ਹਾਲਤ ਵਿਚ ਹੋਣੇ ਚਾਹੀਦੇ ਹਨ। ਜਨਰੇਟਰਾਂ ਦੀ ਸਮਰੱਥਾ ਦੀ ਵੀ ਜਾਂਚ ਕੀਤੀ ਜਾਵੇ ਤਾਂ ਜੋ ਪਹਿਲਾਂ ਹੀ ਪਤਾ ਲੱਗ ਸਕੇ ਕਿ ਲੋੜ ਪੈਣ ’ਤੇ ਇਕ ਜਨਰੇਟਰ ਕਿੰਨੀਆਂ ਮੋਟਰਾਂ ਚਲਾ ਸਕਦਾ ਹੈ। ਜਨਰੇਟਰਾਂ ਲਈ ਡੀਜ਼ਲ ਤੇ ਹੋਰ ਲੋੜੀਂਦਾ ਸਮਾਨ ਵੀ ਪਹਿਲਾਂ ਤੋਂ ਸਟਾਕ ’ਚ ਰੱਖਿਆ ਜਾਵੇ। ਮੇਅਰ ਨੇ ਚਿਤਾਵਨੀ ਦਿੱਤੀ ਕਿ ਉਹ ਇਕ ਹਫ਼ਤੇ ਬਾਅਦ ਖੁਦ ਸਾਰੇ ਐੱਸਟੀਪੀ ਦਾ ਦੌਰਾ ਕਰਨਗੇ ਤੇ ਮਸ਼ੀਨਰੀ, ਜਨਰੇਟਰਾਂ ਅਤੇ ਹੋਰ ਪ੍ਰਬੰਧਾਂ ਦੀ ਜਾਂਚ ਕਰਨਗੇ। ਕਿਸੇ ਵੀ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੀਟਿੰਗ ’ਚ ਸੁਪਰਡੈਂਟ ਇੰਜੀਨੀਅਰ ਜਸਪਾਲ ਲਾਖਾ, ਟੈਕਨੀਕਲ ਐਡਵਾਈਜ਼ਰ ਸਤਿੰਦਰ ਕੁਮਾਰ, ਐੱਸਡੀਓ ਗਗਨ ਲੂਥਰਾ ਸਮੇਤ ਹੋਰ ਅਧਿਕਾਰੀਆਂ ਤੋਂ ਸੀਵਰੇਜ ਡਿਸਪੋਜ਼ਲਾਂ ਦੀ ਸਥਿਤੀ ਬਾਰੇ ਜਾਣਕਾਰੀ ਲਈ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ’ਚ 37 ਡਿਸਪੋਜ਼ਲ ਹਨ। ਮੇਅਰ ਨੇ ਸਾਰੇ ਡਿਸਪੋਜ਼ਲਾਂ ਦੀ ਮਸ਼ੀਨਰੀ ਤੇ ਮੋਟਰਾਂ ਨੂੰ ਠੀਕ ਹਾਲਤ ’ਚ ਰੱਖਣ ਦੇ ਨਿਰਦੇਸ਼ ਦਿੱਤੇ। ਦੱਸਿਆ ਗਿਆ ਕਿ ਕਰੀਬ ਪੰਜ ਥਾਵਾਂ ’ਤੇ ਮੋਟਰਾਂ ’ਚ ਖ਼ਰਾਬੀ ਹੈ, ਜਿਨ੍ਹਾਂ ਨੂੰ ਹਫ਼ਤੇ ਅੰਦਰ ਠੀਕ ਕਰਨ ਲਈ ਕਿਹਾ ਗਿਆ ਹੈ। ਮੇਅਰ ਨੇ ਕਿਹਾ ਕਿ ਡਿਸਪੋਜ਼ਲ ਬੰਦ ਹੋਣ ਕਾਰਨ ਕਈ ਇਲਾਕਿਆਂ ’ਚ ਪਾਣੀ ਭਰ ਜਾਂਦਾ ਹੈ, ਇਸ ਲਈ ਸਾਰੇ ਡਿਸਪੋਜ਼ਲਾਂ ਦੀ ਮਸ਼ੀਨਰੀ ਦੀ ਨਿਯਮਿਤ ਜਾਂਚ ਕੀਤੀ ਜਾਵੇ। ਇੱਥੇ ਵੀ ਬਿਜਲੀ ਬੈਕਅਪ ਲਈ ਜਨਰੇਟਰ ਉਪਲੱਬਧ ਰੱਖੇ ਜਾਣ ਤੇ ਲੋੜ ਪੈਣ ’ਤੇ ਕਿਰਾਏ ’ਤੇ ਵੀ ਜਨਰੇਟਰ ਲਏ ਜਾਣ।
---
ਮੈਨਹੋਲਾਂ ਦੀ ਸਫ਼ਾਈ ਦਾ ਕੰਮ ਤੇਜ਼
ਅਧਿਕਾਰੀਆਂ ਨੇ ਮੇਅਰ ਨੂੰ ਜਾਣਕਾਰੀ ਦਿੱਤੀ ਕਿ ਸ਼ਹਿਰ ਦੇ ਸਾਰੇ ਮੁੱਖ ਮੈਨਹੋਲਾਂ ਦੀ ਸਫ਼ਾਈ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਵੱਡੀਆਂ ਸੜਕਾਂ ’ਤੇ ਸੁਪਰ ਸਕਸ਼ਨ ਮਸ਼ੀਨਾਂ ਰਾਹੀਂ ਸਫ਼ਾਈ ਕੀਤੀ ਜਾ ਰਹੀ ਹੈ, ਜਦਕਿ ਕਾਲੋਨੀਆਂ ਤੇ ਬਾਜ਼ਾਰਾਂ ’ਚ ਸੀਵਰ ਜੈਟਿੰਗ ਤੇ ਗ੍ਰੈਬ ਬਕੇਟ ਮਸ਼ੀਨਾਂ ਨਾਲ ਕੰਮ ਹੋ ਰਿਹਾ ਹੈ। ਜਿੱਥੇ-ਜਿੱਥੇ ਪਾਣੀ ਦੀ ਨਿਕਾਸੀ ਵਿੱਚ ਸਮੱਸਿਆ ਆਉਂਦੀ ਹੈ, ਉੱਥੇ ਸੀਵਰ ਲਾਈਨਾਂ ਦੀ ਸਫ਼ਾਈ ਨੂੰ ਪਹਿਲ ਦਿੱਤੀ ਜਾ ਰਹੀ ਹੈ। ਮੇਅਰ ਨੇ ਕਿਹਾ ਕਿ ਉਹ ਖੁਦ ਵੀ ਇਨ੍ਹਾਂ ਇਲਾਕਿਆਂ ਦਾ ਦੌਰਾ ਕਰਨਗੇ। ਉਨ੍ਹਾਂ ਪਾਣੀ ਦੀ ਨਿਕਾਸੀ ਸੁਚਾਰੂ ਬਣਾਈ ਰੱਖਣ ਲਈ ਸੜਕਾਂ ਤੇ ਗਲੀਆਂ ਦੀ ਵਾਰ-ਵਾਰ ਸਫ਼ਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।
---
ਛੇਤੀ ਜਾਰੀ ਹੋਵੇਗਾ ਕੰਟਰੋਲ ਰੂਮ ਤੇ ਐਮਰਜੈਂਸੀ ਨੰਬਰ
ਮੇਅਰ ਨੇ ਮੌਨਸੂਨ ਨੂੰ ਧਿਆਨ ’ਚ ਰੱਖਦਿਆਂ ਪਾਣੀ ਭਰਨ ਵਾਲੇ ਇਲਾਕਿਆਂ ’ਚ ਮੁਲਾਜ਼ਮਾਂ ਦੀ ਤਾਇਨਾਤੀ ਲਈ ਰੋਸਟਰ ਤਿਆਰ ਕਰਨ ਤੇ ਉੱਥੇ ਲੋੜੀਂਦੀ ਮਸ਼ੀਨਰੀ ਉਪਲੱਬਧ ਕਰਵਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਕੰਟਰੋਲ ਰੂਮ ਦੀਆਂ ਸਾਰੀਆਂ ਤਿਆਰੀਆਂ ਜਲਦ ਪੂਰੀਆਂ ਕੀਤੀਆਂ ਜਾਣ ਤਾਂ ਜੋ ਲੋਕਾਂ ਨੂੰ ਕਿਸੇ ਵੀ ਮੁਸ਼ਕਲ ਵੇਲੇ ਤੁਰੰਤ ਮਦਦ ਮਿਲ ਸਕੇ। ਇਸ ਲਈ ਜਲਦ ਹੀ ਐਮਰਜੈਂਸੀ ਨੰਬਰ ਵੀ ਜਾਰੀ ਕੀਤਾ ਜਾਵੇਗਾ ਅਤੇ ਨਿਗਮ ਦਫ਼ਤਰ ’ਚ ਵੀ ਮਸ਼ੀਨਰੀ ਰਿਜ਼ਰਵ ਰੱਖੀ ਜਾਵੇਗੀ ਤਾਂ ਜੋ ਪਾਣੀ ਭਰਨ ਦੀ ਸਥਿਤੀ ’ਚ ਤੁਰੰਤ ਰਾਹਤ ਕਾਰਵਾਈ ਕੀਤੀ ਜਾ ਸਕੇ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਿਗਮ ਕੰਟਰੋਲ ਰੂਮ ਸਥਾਪਤ ਕਰੇਗਾ ਤੇ ਪਾਣੀ ਭਰਨ ਪ੍ਰਭਾਵਿਤ ਇਲਾਕਿਆਂ ’ਤੇ ਖ਼ਾਸ ਧਿਆਨ ਦਿੱਤਾ ਜਾਵੇਗਾ।
---
ਨਹਿਰਾਂ ਤੇ ਨਾਲਿਆਂ ਦੇ ਕੰਢੇ ਮਜ਼ਬੂਤ ਕਰਨ ਦੇ ਨਿਰਦੇਸ਼
ਮੇਅਰ ਵਨੀਤ ਧੀਰ ਨੇ ਓਐਂਡਐਮ ਬ੍ਰਾਂਚ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਿੱਥੇ ਪਾਣੀ ਓਵਰਫਲੋ ਹੋਣ ਦਾ ਖ਼ਤਰਾ ਹੈ, ਉੱਥੇ ਨਹਿਰਾਂ ਅਤੇ ਨਾਲਿਆਂ ਦੇ ਕੰਢਿਆਂ ਦੀ ਜਾਂਚ ਕੀਤੀ ਜਾਵੇ। ਰੇਤ ਦੀਆਂ ਬੋਰੀਆਂ ਦਾ ਪ੍ਰਬੰਧ ਵੀ ਪਹਿਲਾਂ ਤੋਂ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਸ਼ਹੀਦ ਭਗਤ ਸਿੰਘ ਕਾਲੋਨੀ ਨੇੜੇ ਕਮਜ਼ੋਰ ਕੰਢਿਆਂ ਕਾਰਨ ਕਾਲਾ ਸੰਘਿਆ ਡਰੇਨ ਓਵਰਫਲੋ ਹੋ ਗਿਆ ਸੀ। ਪਿਛਲੇ ਮੌਨਸੂਨ ਦੌਰਾਨ ਸ਼ਹਿਰ ਦੇ ਕਈ ਇਲਾਕਿਆਂ ’ਚ ਪਾਣੀ ਭਰਨ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ। ਇਸ ਵਾਰ ਅਜਿਹੇ ਹਾਲਾਤ ਨਾ ਬਣਨ, ਇਸ ਲਈ ਸਮੇਂ ਸਿਰ ਸਾਰੇ ਪ੍ਰਬੰਧ ਮੁਕੰਮਲ ਕਰਨ ’ਤੇ ਜ਼ੋਰ ਦਿੱਤਾ ਗਿਆ ਹੈ ਤਾਂ ਜੋ ਮੀਂਹ ਦੇ ਮੌਸਮ ’ਚ ਸ਼ਹਿਰ ਵਾਸੀਆਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਝੱਲਣੀ ਪਵੇ।