- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਧਾਨ ਮੰਤਰੀ 17 ਜੁਲਾਈ ਨੂੰ ਜਲੰਧਰ ਕੈਂਟ ਸਟੇਸ਼ਨ ਦਾ ਉਦਘਾਟਨ ਕਰਨਗੇ, ਰਵਨੀਤ ਬਿੱਟੂ

ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਣ ਵਾਲੀ 17 ਜੁਲਾਈ ਨੂੰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨਗੇ ਤੇ ਉਨ੍ਹਾਂ ਨਾਲ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਵੀ ਮੌਜੂਦ ਰਹਿਣਗੇ। ਪ੍ਰਧਾਨ ਮੰਤਰੀ ਦੇ ਜਲੰਧਰ ਕੈਂਟ ਸਟੇਸ਼ਨ ਦੇ ਪ੍ਰਸਤਾਵਿਤ ਉਦਘਾਟਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਆਏ ਕੇਂਦਰੀ ਰੇਲ ਰਾਜ ਮੰਤਰੀ ਤੇ ਖੁਰਾਕ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਾਂ ਨੂੰ ਇਕ ਆਧੁਨਿਕ ਸਹੂਲਤਾਂ ਵਾਲਾ 125 ਕਰੋੜ ਦਾ ਪ੍ਰਾਜੈਕਟ ਲੋਕਾਂ ਦੇ ਹਵਾਲੇ ਕਰਨ ਆ ਰਹੇ ਹਨ।
ਰੇਲ ਰਾਜ ਮੰਤਰੀ ਨਾਲ ਫਿਰੋਜ਼ਪੁਰ ਰੇਲਵੇ ਮੰਡਲ ਦੇ ਪ੍ਰਬੰਧਕ ਸੰਜੀਵ ਕੁਮਾਰ ਵੀ ਮੌਜੂਦ ਸਨ। ਉਨ੍ਹਾਂ ਅੱਗੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਤੇ ਰੇਲ ਮੰਤਰੀ ਦੇ ਇਸ ਉਪਰਾਲੇ ਲਈ ਉਨ੍ਹਾਂ ਦੇ ਧੰਨਵਾਦੀ ਹਨ, ਜਿਨ੍ਹਾਂ ਸਦਕਾ ਇਹ ਪ੍ਰਾਜੈਕਟ ਪੂਰਾ ਹੋਇਆ ਤੇ ਉਸ ਦਾ 17 ਜੁਲਾਈ ਨੂੰ ਉਦਘਾਟਨ ਹੋਣ ਜਾ ਰਿਹਾ ਹੈ।
ਕੈਂਟ ਰੇਲਵੇ ਸਟੇਸ਼ਨ ਜਿਹੜਾ ਕਿ 110 ਸਾਲ ਪੁਰਾਣਾ ਅੰਗਰੇਜ਼ਾਂ ਦੇ ਵੇਲੇ ਦਾ ਬਣਿਆ ਸੀ ਤੇ ਹੁਣ ਉਸ ਦਾ ਪੁਨਰਵਿਕਾਸ ਕੀਤਾ ਗਿਆ ਹੈ। ਇਸ ਪ੍ਰੋਜੈਕਟ ’ਚ ਸਟੇਸ਼ਨ ਦੀ ਇਤਿਹਾਸਕ ਵਾਸਤੂਕਲਾ ਨੂੰ ਸੁਰੱਖਿਅਤ ਰੱਖਦੇ ਹੋਏ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਣ ਵਾਲੇ ਤੱਤਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਕੈਂਟ ਸਟੇਸ਼ਨ ’ਚ ਵਿਸ਼ਾਲ ਡਬਲ-ਹਾਈਟ ਏਅਰ ਕੌਨਕੋਰਸ, ਮਜ਼ਬੂਤ ਸਟੀਲ ਪਲੇਟਫਾਰਮ ਰੂਫਿੰਗ, ਸਲਿੱਪ-ਰੋਧਕ ਫਲੋਰਿੰਗ, ਊਰਜਾ-ਕੁਸ਼ਲ ਐੱਲਈਡੀ ਲਾਈਟਿੰਗ ਤੋਂ ਇਲਾਵਾ ਸਟੇਸ਼ਨ ਲਈ ਦੋਵੇਂ ਪਾਸੇ ਤੋਂ ਸੁਵਿਧਾਜਨਕ ਦਾਖ਼ਲਾ ਤੇ 6 ਮੀਟਰ ਤੇ 9 ਮੀਟਰ ਚੌੜਾਈ ਵਾਲੇ ਦੋ ਨਵੇਂ ਫੁੱਟ ਓਵਰ ਬ੍ਰਿਜ (ਐੱਫਓਬੀ) ਵਰਗੀਆਂ ਆਧੁਨਿਕ ਸਹੂਲਤਾਂ ਵਿਕਸਿਤ ਕੀਤੀਆਂ ਗਈਆਂ ਹਨ।
ਇਸ ਤੋਂ ਇਲਾਵਾ ਹੋਰ ਸਹੂਲਤਾਂ ’ਚ 40 ਮੀਟਰ ਚੌੜੀ ਟਰਫ਼ ਰੂਫ, ਜੋ 200 ਮੀਟਰ ਲੰਬੇ ਪਲੇਟਫਾਰਮ ਨੂੰ ਢੱਕਦੀ ਹੈ, 36 ਮੀਟਰ ਚੌੜਾ ਏਅਰ ਕੌਨਕੋਰਸ, 300 ਵਰਗ ਮੀਟਰ ਖੇਤਰਫਲ ਵਾਲੀ ਨਵੀਂ ਦੂਜੀ ਐਂਟਰੀ ਇਮਾਰਤ ਤੇ 4,855 ਵਰਗ ਮੀਟਰ ਦਾ ਪਾਰਕਿੰਗ ਖੇਤਰ ਆਦਿ ਸ਼ਾਮਲ ਹਨ।
=========
7500 ਯਾਤਰੀਆਂ ਦੀ ਆਵਾਜਾਈ
ਮੌਜੂਦਾ ਸਮੇਂ ਜਲੰਧਰ ਕੈਂਟ ਰੇਲਵੇ ਸਟੇਸ਼ਨ ’ਤੇ ਰੋਜ਼ਾਨਾ ਲਗਪਗ 7,500 ਯਾਤਰੀਆਂ ਦੀ ਆਵਾਜਾਈ ਹੁੰਦੀ ਹੈ। ਸਟੇਸ਼ਨ ’ਤੇ 66 ਅੱਪ ਤੇ 66 ਡਾਊਨ ਰੇਲ ਗੱਡੀਆਂ ਦਾ ਠਹਿਰਾਅ ਹੈ, ਜਿਨ੍ਹਾਂ ’ਚ ਦੋ ਜੋੜੀਆਂ ਵੰਦੇ ਭਾਰਤ ਐਕਸਪ੍ਰੈਸ, ਇੱਕ ਹਮਸਫਰ ਐਕਸਪ੍ਰੈਸ, ਇੱਕ ਗ਼ਰੀਬ ਰੱਥ ਐਕਸਪ੍ਰੈੱਸ ਤੇ ਕਈ ਮੇਲ/ਐਕਸਪ੍ਰੈੱਸ ਤੇ ਯਾਤਰੀ ਰੇਲ ਗੱਡੀਆਂ ਸ਼ਾਮਲ ਹਨ। ਇਹ ਸਟੇਸ਼ਨ ਪੂਰੀ ਤਰ੍ਹਾਂ ਯਾਤਰੀ ਸੇਵਾਵਾਂ ਲਈ ਸਮਰਪਿਤ ਹੈ ਤੇ ਇੱਥੇ ਕਿਸੇ ਵੀ ਤਰ੍ਹਾਂ ਦੀ ਮਾਲ ਢੁਆਈ ਨਹੀਂ ਕੀਤੀ ਜਾਂਦੀ।
ਰੇਲ ਰਾਜ ਮੰਤਰੀ ਨੇ ਨਿਰੀਖਣ ਦੌਰਾਨ ਯਾਤਰੀ ਸਹੂਲਤਾਂ ਤੇ ਚੱਲ ਰਹੀਆਂ ਤਿਆਰੀਆਂ 'ਤੇ ਸੰਤੁਸ਼ਟੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਆਧੁਨਿਕ ਸਹੂਲਤਾਂ ਨਾਲ ਲੈਸ ਇਹ ਸਟੇਸ਼ਨ ਯਾਤਰੀਆਂ ਦੀਆਂ ਸਹੂਲਤਾਂ ’ਚ ਮਹੱਤਵਪੂਰਨ ਵਾਧਾ ਕਰੇਗਾ ਤੇ ਭਾਰਤੀ ਰੇਲਵੇ ਦੀ ਆਧੁਨਿਕ, ਸੁਰੱਖਿਅਤ, ਸੁਗਮ ਤੇ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਵਿਕਸਿਤ ਕਰਨ ਦੀ ਵਚਨਬੱਧਤਾ ਦਾ ਪ੍ਰਤੀਕ ਬਣੇਗਾ। ਇਸ ਦੇ ਨਾਲ ਹੀ ਇਹ ਪੰਜਾਬ ਦੀ ਅਮੀਰ ਸੱਭਿਆਚਾਰਕ ਪਹਿਚਾਣ ਨੂੰ ਵੀ ਪ੍ਰਭਾਵਸ਼ਾਲੀ ਢੰਗ ਨਾਲ ਉਜਾਗਰ ਕਰੇਗਾ।
======
ਪਿਛਲੇ ਹਫ਼ਤੇ ਜੀਐੱਮ ਨੇ ਵੀ ਲਿਆ ਸੀ ਜਾਇਜ਼ਾ
ਪ੍ਰਧਾਨ ਮੰਤਰੀ ਦੇ ਜਲੰਧਰ ਕੈਂਟ ਸਟੇਸ਼ਨ ਦੇ ਉਦਘਾਟਨ ਨੂੰ ਲੈ ਕੇ ਪਿਛਲੇ ਹਫ਼ਤੇ ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਰਾਜੇਸ਼ ਪਾਂਡੇ ਨੇ ਸਟੇਸ਼ਨ ਦਾ ਮੁਆਇਨਾ ਕੀਤਾ ਸੀ ਅਤੇ ਪ੍ਰਧਾਨ ਮੰਤਰੀ ਦੇ ਉਦਘਾਟਨ ਨੂੰ ਲੈ ਕੇ ਬਣਾਈ ਜਾਣ ਵਾਲੀ ਸਟੇਜ ਤੇ ਹੋਰ ਚੱਲ ਰਹੀਆਂ ਤਿਆਰੀਆਂ ਨੂੰ ਦੇਖਿਆ ਤੇ ਡੀਆਰਐੱਮ ਸੰਜੀਵ ਕੁਮਾਰ ਨੂੰ ਕੁਝ ਹਦਾਇਤਾਂ ਵੀ ਦਿੱਤੀਆ ਸਨ। ਜਨਰਲ ਮੈਨੇਜਰ ਪਾਂਡੇ ਨੇ ਕੈਂਟ ਰੇਲਵੇ ਸਟੇਸ਼ਨ ਦੇ ਬਾਹਰੀ ਹਿੱਸੇ ਦਾ ਵੀ ਮੁਆਇਨਾ ਕੀਤਾ ਸੀ ਤੇ ਕੁਝ ਰਹਿੰਦੀਆਂ ਕਮੀਆਂ ਨੂੰ ਦੂਰ ਕਰਨ ਦੀਆਂ ਡੀਆਰਐੱਮ ਨੂੰ ਹਦਾਇਤਾਂ ਦਿੱਤੀਆਂ ਸਨ।