- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵੱਡੇ-ਵੱਡੇ ਦਾਅਵੇ ਤੇ ਵਾਅਦੇ ਕੀਤੇ ਜਾ ਰਹੇ ਹਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਯੋਜਨਾਵਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਇਹ ਸਭ ਕੁਝ ਕਈ ਤਰ੍ਹਾਂ ਦੀਆਂ ਅਟਕਲਾਂ ਨੂੰ ਜਨਮ ਦੇ ਰਿਹਾ ਹੈ। ਇਨ੍ਹਾਂ ਸਾਰਿਆਂ ’ਤੇ ਰੋਕ ਲਾਈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ, ਜਦੋਂ ਉਹ ਮੰਗਲਵਾਰ ਸ਼ਾਮ ਨੂੰ ਜਾਗਰਣ ਪ੍ਰਕਾਸ਼ਨ ਗਰੁੱਪ ਦੇ ਪ੍ਰੈੱਸ ਕੰਪਲੈਕਸ ’ਚ ਪੁੱਜੇ। ਉਨ੍ਹਾਂ ਜਾਗਰਣ ਗਰੁੱਪ ਦੀ ਸੰਪਾਦਕੀ ਕੋਰ ਟੀਮ ਨਾਲ ਵਿਚਾਰ-ਵਟਾਂਦਰੇ ਦੌਰਾਨ ਵੱਖ-ਵੱਖ ਵਿਸ਼ਿਆਂ ’ਤੇ ਖੁੱਲ੍ਹ ਕੇ ਆਪਣੇ ਵਿਚਾਰ ਰੱਖੇ।

1 ਨਵੰਬਰ, 1966 ਨੂੰ ਜਦੋਂ ਪੰਜਾਬ ਤੇ ਹਰਿਆਣਾ ਵੱਖਰੇ ਹੋਏ, ਉਦੋਂ ਤੋਂ ਦੋਹਾਂ ਸੂਬਿਆਂ ’ਚ ਕਈ ਤਰ੍ਹਾਂ ਦੇ ਵਿਵਾਦ ਰਹੇ ਹਨ। ਕਦੇ ਰਾਜਧਾਨੀ ਨੂੰ ਲੈ ਕੇ ਤਾਂ ਕਦੇ ਪਾਣੀ ਨੂੰ ਲੈ ਕੇ। ਵੰਡ ਦੇ ਇੰਨੇ ਦਹਾਕਿਆਂ ਬਾਅਦ ਪਹਿਲੀ ਵਾਰ ਅਜਿਹਾ ਹੋ ਰਿਹਾ ਹੈ ਕਿ ਹਰਿਆਣਾ ਦਾ ਮੁੱਖ ਮੰਤਰੀ ਪੰਜਾਬ ’ਚ ਇੰਨਾ ਸਰਗਰਮ ਹੈ। ਇਹ ਸਰਗਰਮੀ ਸਾਰਿਆਂ ਨੂੰ ਦਿਖ ਰਹੀ ਹੈ ਅਤੇ ਇਸ ਨੂੰ ਦੇਖ ਕੇ ਪੰਜਾਬ ਵਾਸੀਆਂ ਦੇ ਮਨ ’ਚ ਇਹ ਸਵਾਲ ਉੱਠਣ ਲੱਗਾ ਹੈ ਕਿ ਹਰਿਆਣਾ ਦਾ ਮੁੱਖ ਮੰਤਰੀ ਆਖ਼ਰ ਪੰਜਾਬ ’ਚ ਇੰਨਾ ਸਰਗਰਮ ਕਿਉਂ ਹੈ? ਵੱਡੇ-ਵੱਡੇ ਦਾਅਵੇ ਤੇ ਵਾਅਦੇ ਕੀਤੇ ਜਾ ਰਹੇ ਹਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਯੋਜਨਾਵਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਇਹ ਸਭ ਕੁਝ ਕਈ ਤਰ੍ਹਾਂ ਦੀਆਂ ਅਟਕਲਾਂ ਨੂੰ ਜਨਮ ਦੇ ਰਿਹਾ ਹੈ। ਇਨ੍ਹਾਂ ਸਾਰਿਆਂ ’ਤੇ ਰੋਕ ਲਾਈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ, ਜਦੋਂ ਉਹ ਮੰਗਲਵਾਰ ਸ਼ਾਮ ਨੂੰ ਜਾਗਰਣ ਪ੍ਰਕਾਸ਼ਨ ਗਰੁੱਪ ਦੇ ਪ੍ਰੈੱਸ ਕੰਪਲੈਕਸ ’ਚ ਪੁੱਜੇ। ਉਨ੍ਹਾਂ ਜਾਗਰਣ ਗਰੁੱਪ ਦੀ ਸੰਪਾਦਕੀ ਕੋਰ ਟੀਮ ਨਾਲ ਵਿਚਾਰ-ਵਟਾਂਦਰੇ ਦੌਰਾਨ ਵੱਖ-ਵੱਖ ਵਿਸ਼ਿਆਂ ’ਤੇ ਖੁੱਲ੍ਹ ਕੇ ਆਪਣੇ ਵਿਚਾਰ ਰੱਖੇ। ਪੇਸ਼ ਹਨ ਵਿਚਾਰ-ਵਟਾਂਦਰੇ ਦੇ ਕੁਝ ਅਹਿਮ ਅੰਸ਼ :-
ਸਵਾਲ : ਹਰਿਆਣਾ ਦਾ ਮੁੱਖ ਮੰਤਰੀ ਪੰਜਾਬ ’ਚ ਇੰਨਾ ਸਰਗਰਮ? ਕੀ ਜੋ ਦਿਸ ਰਿਹਾ ਹੈ, ਓਹੀ ਹੈ ਜਾਂ ਕੁਝ ਹੋਰ? ਤੁਸੀਂ ਹੀ ਦੱਸੋ।
ਜਵਾਬ : (ਹੱਸਦੇ ਹੋਏ) ਅਜਿਹਾ ਨਹੀਂ ਹੈ। ਮੈਂ ਇੱਥੇ ਨਵਾਂ ਨਹੀਂ ਹਾਂ। ਜਦੋਂ ਮੈਂ ਵਿਧਾਇਕ ਵੀ ਨਹੀਂ ਸੀ ਉਦੋਂ ਤੋਂ ਪੰਜਾਬ ਆਉਂਦਾ-ਜਾਂਦਾ ਰਿਹਾ ਹਾਂ। ਮੇਰਾ ਨਾਨਕਾ ਘਰ ਡੇਰਾਬੱਸਸੀ ’ਚ ਹੈ। ਇਸ ਲਈ ਵੀ ਮੈਂ ਪੰਜਾਬ ’ਚ ਬਹੁਤ ਚੱਕਰ ਲਗਾਏ ਹਨ। ਮੈਂ ਇੱਥੇ ਓਬੀਸੀ ਸੈੱਲ ਦਾ ਇੰਚਾਰਜ ਵੀ ਰਿਹਾ ਹਾਂ। ਹੁਣ ਜਦੋਂ ਮੈਂ ਮੁੱਖ ਮੰਤਰੀ ਬਣ ਗਿਆ ਹਾਂ ਤਾਂ ਲੋਕਾਂ ਨੂੰ ਮੇਰੇ ਆਉਣ-ਜਾਣ ਦਾ ਪਤਾ ਲੱਗ ਜਾਂਦਾ ਹੈ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਮੇਰੀ ਸਰਗਰਮੀ ਬਹੁਤ ਵਧ ਗਈ ਹੈ।
ਸਵਾਲ : ਕਦੇ ਪਰਿਵਾਰ ’ਚ ਦੋ ਭਰਾ ਵੱਖ ਹੁੰਦੇ ਹਨ ਤਾਂ ਹਮੇਸ਼ਾ ਉਮੀਦ ਰਹਿੰਦੀ ਹੈ ਕਿ ਉਹ ਕਦੇ ਇਕ ਹੋਣਗੇ। ਕੀ ਇੱਥੇ ਵੀ ਅਜਿਹਾ ਹੋ ਸਕਦਾ ਹੈ?
ਜਵਾਬ : ਕਿਉਂ ਨਹੀਂ। ਪੰਜਾਬ ਤੇ ਹਰਿਆਣਾ ਇਕ ਹੀ ਪਰਿਵਾਰ ਹਨ। ਕੁਝ ਸਿਆਸੀ ਲੋਕਾਂ ਕਾਰਨ 1966 ਮਗਰੋਂ ਦੋ ਭਰਾ ਵੱਖ ਹੋਏ, ਪਰ ਅੱਜ ਵੀ ਸਾਡਾ ਸੱਭਿਆਚਾਰ ਤੇ ਭਾਈਚਾਰਾ ਇਕ ਹੀ ਹੈ। ਦੋਹਾਂ ਪ੍ਰਦੇਸ਼ਾਂ ਦੇ ਵਸਨੀਕ ਇਕ-ਦੂਜੇ ਨਾਲ ਪਿਆਰ ਕਰਦੇ ਹਨ। (ਹਰਿਆਣਵੀ ’ਚ ਬੋਲਦੇ ਹੋਏ) ਥਾਰੋ ਪੰਜਾਬ, ਮ੍ਹਾਰੋ ਹਰਿਆਣਾ... ਮ੍ਹਾਰੋ ਹਰਿਆਣਾ, ਥਾਰੋ ਪੰਜਾਬ ਦੋਵੇਂ ਇਕੋ-ਮਿੱਕੇ (ਮਤਲਬ ਤੁਹਾਡਾ ਪੰਜਾਬ ਤੇ ਸਾਡਾ ਹਰਿਆਣਾ, ਸਾਡਾ ਹਰਿਆਣਾ ਤੇ ਤੁਹਾਡਾ ਪੰਜਾਬ ਇਕ ਹੀ ਹੈ)। ਸਾਡੇ ਸੱਭਿਆਚਾਰ ਤੋਂ ਲੈ ਕੇ ਖਾਣ-ਪੀਣ ਤੇ ਖੇਤੀ-ਕਿਸਾਨੀ ਤੱਕ ਇੱਕੋਂ ਜਿਹੀ ਹੀ ਹੈ।
ਸਵਾਲ : ਤੁਸੀਂ ਪੰਜਾਬ ’ਚ ਇੰਨਾ ਘੁੰਮ ਰਹੇ ਹੋ। ਕੋਸ਼ਿਸ਼ ਕਰ ਰਹੇ ਹੋ, ਪਰ ਤੁਹਾਨੂੰ ਨਹੀਂ ਲੱਗਦਾ ਕਿ ਪੀਐੱਮ ਮੋਦੀ ਤੇ ਭਾਜਪਾ 'ਤੇ ਭਰੋਸੇ ਨੂੰ ਲੈ ਕੇ ਪੂਰਾ ਦੇਸ਼ ਇਕ ਪਾਸੇ ਹੈ ਤੇ ਪੰਜਾਬ ਵਾਸੀ ਇਕ ਪਾਸੇ? ਭਰੋਸੇ ਦੀ ਇਹ ਕਮੀ ਰੁਕਾਵਟ ਨਹੀਂ ਬਣੇਗੀ?
ਜਵਾਬ : (ਚਿਹਰੇ ’ਤੇ ਗੰਭੀਰਤਾ ਨਾਲ) ਅਜਿਹਾ ਨਹੀਂ ਹੈ, ਪੰਜਾਬ ਦੇ ਕਿਸਾਨਾਂ ’ਚ ਨਾਰਾਜ਼ਗੀ ਨਹੀਂ ਹੈ। ਕਿਸਾਨ ਦੇਖ ਰਹੇ ਹਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਥੇ ਵਾਅਦਾ ਕੀਤਾ ਸੀ ਕਿ ਫ਼ਸਲਾਂ ਨੂੰ ਐੱਮਐੱਸਪੀ 'ਤੇ ਖ਼ਰੀਦਿਆ ਜਾਵੇਗਾ, ਪਰ ਇੱਥੇ ਤਾਂ ਅਜਿਹਾ ਕੁਝ ਨਹੀਂ ਹੋਇਆ। ਹਰਿਆਣਾ ’ਚ ਵਾਅਦੇ ਮੁਤਾਬਕ ਸਰਕਾਰ 24 ਫ਼ਸਲਾਂ ਨੂੰ ਐੱਮਐੱਸਪੀ 'ਤੇ ਖ਼ਰੀਦ ਰਹੀ ਹੈ। ਸਬਜ਼ੀ ਉਗਾਉਣ ਵਾਲੇ ਕਿਸਾਨਾਂ ਨੂੰ ਜੇ ਮੰਡੀ ’ਚ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਭਰਪਾਈ ਹਰਿਆਣਾ ਸਰਕਾਰ ਕਰ ਰਹੀ ਹੈ। ਲਗਪਗ 300 ਕਰੋੜ ਦੀ ਭਰਪਾਈ ਕੀਤੀ ਗਈ ਹੈ। ਅੱਜ ਗੁਆਂਢੀ ਸੂਬਿਆਂ ਤੋਂ ਵੀ ਕਿਸਾਨ ਉੱਥੇ ਆ ਕੇ ਸਬਜ਼ੀ ਵੇਚ ਰਹੇ ਹਨ। ਕਿਸਾਨ ਇਹ ਸਾਰਾ ਕੁਝ ਦੇਖ ਰਹੇ ਹਨ ਤੇ ਆਉਣ ਵਾਲੇ ਸਮੇਂ ’ਚ ਭਾਜਪਾ ਨੂੰ ਵੋਟ ਦੇਣਗੇ।
ਸਵਾਲ : ਭਾਜਪਾ ਗੱਠਜੋੜ ਨੂੰ ਲੈ ਕੇ ਵਰਤੋਂ ਕਰਦੀ ਰਹਿੰਦੀ ਹੈ। ਪੰਜਾਬ ਵਿਚ ਵੀ ਰਾਜਨੀਤਕ ਮਾਹਿਰ ਇਹ ਮੰਨਦੇ ਹਨ ਕਿ ਬਿਨਾਂ ਗੱਠਜੋੜ ਭਾਜਪਾ ਇੱਥੇ ਸਰਕਾਰ ਨਹੀਂ ਬਣਾ ਸਕਦੀ। ਤਾਂ ਕੀ ਗੱਠਜੋੜ ਦੇ ਦਰਵਾਜ਼ੇ ਖੁੱਲ੍ਹੇ ਹਨ?
ਜਵਾਬ : (ਮੁਸਕੁਰਾਉਂਦੇ ਹੋਏ) ਪੰਜਾਬ ’ਚ ਸਾਡਾ ਗੱਠਜੋੜ ਇੱਥੇ ਦੇ ਲੋਕਾਂ ਨਾਲ ਹੈ। ਕਿਸੇ ਹੋਰ ਨਾਲ ਕੋਈ ਗੱਠਜੋੜ ਨਹੀਂ ਹੈ। ਇੰਨਾ ਜ਼ਰੂਰ ਹੈ ਕਿ ਜੇ ਕੋਈ ਪੰਜਾਬ ਨੂੰ ਮਜ਼ਬੂਤ ਕਰਨ ਦੇ ਏਜੰਡੇ ਨਾਲ ਆਉਣਾ ਚਾਹੁੰਦਾ ਹੈ ਤਾਂ ਉਸ ਦਾ ਸਵਾਗਤ ਹੈ।
ਸਵਾਲ : ਤਾਂ ਕੀ ਤੁਸੀਂ ਕਿਸੇ ਵੀ ਪਾਰਟੀ ਨਾਲ ਗੱਠਜੋੜ ਲਈ ਤਿਆਰ ਹੋ? ਪੰਜਾਬ ’ਚ ਕਾਂਗਰਸ ਤੇ ‘ਆਪ’ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਤੇ ਸਿਮਰਨਜੀਤ ਸਿੰਘ ਮਾਨ ਅਤੇ ਅੰਮ੍ਰਿਤਪਾਲ ਦੀ ਪਾਰਟੀ...?
ਜਵਾਬ : (ਵਿਚਾਲੇ ਰੋਕਦੇ ਹੋਏ) ਜਿਵੇਂ ਕਿ ਮੈਂ ਹੁਣ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 'ਵਿਕਸਤ ਭਾਰਤ-ਵਿਕਸਤ ਪੰਜਾਬ' ਦੀ ਨੀਤੀ ਨੂੰ ਸਮਰਥਨ ਦੇਣ ਵਾਲੀ ਜੋ ਵੀ ਪਾਰਟੀ ਨਾਲ ਆਉਣਾ ਚਾਹੇਗੀ, ਉਸ ਲਈ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰਹਿਣਗੇ। ਸਾਡਾ ਮਕਸਦ ਤਾਂ ਡਬਲ ਇੰਜਣ ਦੀ ਸਰਕਾਰ ਬਣਾ ਕੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ।
ਸਵਾਲ : ਕੀ ਇਹ ਮੰਨਿਆ ਜਾਵੇ ਕਿ ਇਸ ਵਾਰ ਭਾਜਪਾ ਉੱਤਰ ਪ੍ਰਦੇਸ਼ ਵਾਂਗ ਪੰਜਾਬ ’ਚ ਵੀ ਸੀਐੱਮ ਦਾ ਚਿਹਰਾ ਐਲਾਨ ਕਰ ਕੇ ਚੋਣ ਲੜੇਗੀ?
ਜਵਾਬ : ਦੇਖੋ, ਇਹ ਭਾਰਤੀ ਜਨਤਾ ਪਾਰਟੀ ਹੈ। ਪੰਜਾਬ ਦਾ ਵਸਨੀਕ ਹੀ ਇੱਥੇ ਦਾ ਮੁੱਖ ਮੰਤਰੀ ਹੋਵੇਗਾ। ਪੰਜਾਬ ਵਾਸੀ ਹੀ ਉਸ ਨੂੰ ਚੁਣਨਗੇ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲ ਕੇ ਪੰਜਾਬ ਨੂੰ ਮਜ਼ਬੂਤ ਕਰਨ ਦਾ ਕੰਮ ਕਰਨਗੇ।
ਸਵਾਲ : ਚਲੋ ਹੁਣ ਗੱਲ ਕਰਦੇ ਹਾਂ ਜ਼ਮੀਨੀ ਹਕੀਕਤ ਦੀ। ਮਾਲਵਾ ’ਚ ਕਿਸਾਨ ਸੰਗਠਨ ਕਾਫੀ ਸਰਗਰਮ ਹਨ। ਕੀ ਉਨ੍ਹਾਂ ਨਾਲ ਸੰਵਾਦ ਦੀ ਕੋਈ ਯੋਜਨਾ ਹੈ ਜਾਂ ਫਿਰ ਉਨ੍ਹਾਂ ਤੋਂ ਦੂਰੀ ਹੀ ਰੱਖੀ ਜਾਵੇਗੀ?
ਜਵਾਬ : (ਚਿਹਰੇ 'ਤੇ ਦ੍ਰਿੜਤਾ ਦਿਖੀ) ਬਿਲਕੁਲ ਸੰਵਾਦ ਹੋਵੇਗਾ। ਕਿਸਾਨ ਸੰਗਠਨਾਂ ਨਾਲ ਗੱਲਬਾਤ ਹੁੰਦੀ ਹੈ। ਸੰਯੁਕਤ ਕਿਸਾਨ ਮੋਰਚੇ ਦੇ ਕਰੀਬ 70 ਤੋਂ 80 ਅਹੁਦੇਦਾਰ ਮਿਲਣ ਵੀ ਆਏ ਸਨ। ਗੱਲਬਾਤ ’ਚ ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਤਾਂ ਪੰਜਾਬ ਨੂੰ ਮਜ਼ਬੂਤ ਕਰਨ ਲਈ ਕੰਮ ਕਰਾਂਗੇ। ਕਿਸੇ ਇਕ ਵਿਅਕਤੀ ਨਾਲ ਨਹੀਂ ਚੱਲਾਂਗੇ। ਮੰਚ ਤੋਂ ਤੁਹਾਡਾ ਪ੍ਰਚਾਰ ਵੀ ਕਰਾਂਗੇ। ਮੈਂ ਵੀ ਉਨ੍ਹਾਂ ਨੂੰ ਕਿਹਾ ਕਿ ਭਾਜਪਾ ਦੀ ਸਰਕਾਰ ਬਣੇਗੀ ਤੇ ਅਸੀਂ ਜੋ ਕਹਾਂਗੇ ਉਹ ਕਰ ਕੇ ਦਿਖਾਵਾਂਗੇ।
ਸਵਾਲ : ਅਟਲ ਬਿਹਾਰੀ ਵਾਜਪਾਈ ਕਹਿੰਦੇ ਸਨ ਕਿ ਸਾਰੀਆਂ ਪਾਰਟੀਆਂ ਦਾ ਚਰਿੱਤਰ ਇੱਕੋਂ ਜਿਹਾ ਨਹੀਂ ਹੁੰਦਾ। ਲੋਕ ਵੀ ਕਹਿੰਦੇ ਹਨ ਕਿ ਸਾਰੀਆਂ ਪਾਰਟੀਆਂ ਵਾਅਦੇ ਕਰਦੀਆਂ ਹਨ ਤੇ ਭੁੱਲ ਜਾਂਦੀਆਂ ਹਨ। ਤੁਸੀਂ ਦੱਸੋ ਕਿ ਤੁਸੀਂ ਕਿਵੇਂ ਵੱਖਰੇ ਹੋ?
ਜਵਾਬ : (ਗਹਿਰਾ ਸਾਹ ਲੈਂਦੇ ਹੋਏ) ਮੈਂ ਪਹਿਲਾਂ ਹੀ ਕਹਿ ਚੁੱਕਿਆ ਹਾਂ ਕਿ ਪੰਜਾਬ ਰਿਸ਼ਤੇ ’ਚ ਹਰਿਆਣਾ ਦਾ ਵੱਡਾ ਭਰਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਦੀ ਜਨਤਾ ਲਈ ਜਿੰਨੀਆਂ ਯੋਜਨਾਵਾਂ ਉੱਥੇ ਚਲਾਈਆਂ ਹਨ, ਉਹ ਸਾਰੀਆਂ ਯੋਜਨਾਵਾਂ ਅਸੀਂ ਪੰਜਾਬ ’ਚ ਵੀ ਲਾਗੂ ਕਰਾਵਾਂਗੇ, ਤਾਂ ਜੋ ਇੱਥੇ ਦੇ ਲੋਕਾਂ ਨੂੰ ਵੀ ਪੂਰਾ ਲਾਭ ਮਿਲੇ। ਹਰਿਆਣਾ ਦੇ ਬਜ਼ੁਰਗ 3,200 ਰੁਪਏ ਮਹੀਨਾਵਾਰ ਪੈਨਸ਼ਨ ਲੈ ਰਹੇ ਹਨ। ਔਰਤਾਂ ਨੂੰ ਹਰ ਮਹੀਨੇ 2,100 ਰੁਪਏ ਮਿਲ ਰਹੇ ਹਨ। ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਨੂੰ 500 ਰੁਪਏ ’ਚ ਗੈਸ ਸਿਲੰਡਰ ਦਿੱਤਾ ਜਾ ਰਿਹਾ ਹੈ। ਨੌਜਵਾਨਾਂ ਨੂੰ ਬਿਨਾਂ ਪਰਚੀ-ਬਿਨਾਂ ਖਰਚੀ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਕਿਡਨੀ ਦੇ ਮਰੀਜ਼ਾਂ ਨੂੰ ਮੁਫਤ ਡਾਇਲਸਿਸ ਦੀ ਸਹੂਲਤ ਉਪਲਬਧ ਹੈ। ਹਰਿਆਣਾ ਦੇ ਕਰੀਬ 40 ਲੱਖ ਲੋਕ ਆਯੁਸ਼ਮਾਨ ਯੋਜਨਾ ਦਾ ਕਾਰਡ ਬਣਵਾ ਕੇ ਫ੍ਰੀ ਇਲਾਜ ਸਹੂਲਤ ਦਾ ਲਾਭ ਲੈ ਰਹੇ ਹਨ। ਸੂਬੇ ਦੇ ਕਿਸਾਨਾਂ ਨੂੰ 16,500 ਕਰੋੜ ਰੁਪਏ ਦਾ ਮੁਆਵਜ਼ਾ ਸਾਡੀ ਸਰਕਾਰ ਨੇ ਦਿੱਤਾ ਹੈ। ਕਾਂਗਰਸ ਦੇ ਸਮੇਂ ਤੋਂ ਬਚੇ ਹੋਏ ਮੁਆਵਜ਼ੇ ਤੱਕ ਨੂੰ ਅਸੀਂ ਹਰਿਆਣਾ ਦੇ ਕਿਸਾਨਾਂ ਦੇ ਖਾਤਿਆਂ ’ਚ ਪਾ ਦਿੱਤਾ ਹੈ। ਕੇਂਦਰ ਤੇ ਪੰਜਾਬ ਦੀ ਡਬਲ ਇੰਜਣ ਦੀ ਸਰਕਾਰ ਵਿਚ ਵੀ ਪੰਜਾਬ ਵਾਸੀਆਂ ਨੂੰ ਇਹ ਸਾਰੀਆਂ ਸਹੂਲਤਾਂ ਮਿਲਣਗੀਆਂ।
ਸਵਾਲ : ਪੰਜਾਬ ’ਚ ਤੁਸੀਂ ਹਰਿਆਣਾ ਮਾਡਲ ਦੀ ਗੱਲ ਕਰਦੇ ਹੋ। ਇਸ ਨੂੰ ਇੱਥੇ ਕਿਵੇਂ ਲਾਗੂ ਕਰੋਗੇ?
ਜਵਾਬ : ਮੈਂ ਹਰ ਮੰਚ ਤੋਂ ਇਹ ਗੱਲ ਕਹੀ ਹੈ। ਸਾਡੀ ਸਰਕਾਰ ਨੂੰ ਹਰਿਆਣਾ ’ਚ ਹਾਲੇ 19 ਮਹੀਨੇ ਹੋਏ ਹਨ। ਅਸੀਂ ਹਰਿਆਣਾ ’ਚ 217 ਸੰਕਲਪ ਲਏ ਸੀ। (ਥੋੜਾ ਗੰਭੀਰ ਹੋ ਕੇ) ਜਿਸ ਨੂੰ ਸਾਰੀਆਂ ਪਾਰਟੀਆਂ ਐਲਾਨ ਕਹਿੰਦੀਆਂ ਹਨ, ਸਾਡੇ ਲਈ ਉਹ ਸੰਕਲਪ ਹਨ। ਪਹਿਲੇ ਸਾਲ ’ਚ 66 ਸੰਕਲਪ ਪੂਰੇ ਕਰ ਦਿੱਤੇ ਹਨ। 151 ਸੰਕਲਪ ਛੇਤੀ ਪੂਰੇ ਕਰ ਦਿੱਤੇ ਜਾਣਗੇ। ਪੰਜਾਬ ’ਚ 'ਆਪ' ਨੇ 58 ਐਲਾਨ ਕੀਤੇ ਸਨ। ਭਗਵੰਤ ਮਾਨ ਤੇ ਕੇਜਰੀਵਾਲ ਤੋਂ ਪੁੱਛੋ ਕਿ ਇੱਥੇ ਉਨ੍ਹਾਂ ਦੀ ਸਰਕਾਰ ਨੂੰ ਪੰਜ ਸਾਲ ਪੂਰੇ ਹੋਣ ਵਾਲੇ ਹਨ, ਕਿੰਨੇ ਐਲਾਨ ਪੂਰੇ ਕੀਤੇ ਗਏ। ਇਨ੍ਹਾਂ ਕੋਲ ਜਵਾਬ ਨਹੀਂ ਹੋਵੇਗਾ। ਪੰਜਾਬ ਦੇ ਨੌਜਵਾਨਾਂ ਨੂੰ ਕਿੰਨਾ ਰੋਜ਼ਗਾਰ ਦਿੱਤਾ? ਦਿੱਲੀ ਦੇ ਆਗੂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਸਨ। ਸਾਡੇ ਇੱਥੇ ਜੇ ਪੇਪਰ ਲੀਕ ਹੋ ਗਿਆ ਤਾਂ ਸਿੱਧਾ ਸਿੱਖਿਆ ਮੰਤਰੀ ਤੋਂ ਅਸਤੀਫ਼ਾ ਲੈ ਲਿਆ ਜਾਵੇਗਾ। ਫਾਰਮੇਸੀ ਦਾ ਪੇਪਰ ਲੀਕ ਹੋ ਗਿਆ, ਸਾਰੇ ਬੱਚੇ ਸੜਕਾਂ ’ਤੇ ਘੁੰਮ ਰਹੇ ਹਨ। ਹੁਣ ਨਾ ਮਨੀਸ਼ ਸਿਸੋਦੀਆ ਦਿਖਾਈ ਦੇ ਰਹੇ ਹਨ, ਨਾ ਕੇਜਰੀਵਾਲ ਤੇ ਨਾ ਹੀ ਰਾਹੁਲ ਗਾਂਧੀ ਕਿਤੇ ਦਿਖ ਰਹੇ ਹਨ।
ਸਵਾਲ : ਤੁਸੀਂ ਅਕਸਰ ਪ੍ਰਧਾਨ ਮੰਤਰੀ ਨੂੰ ਮਿਲਦੇ ਹੋ। ਪੰਜਾਬ ਨੂੰ ਲੈ ਕੇ ਉਨ੍ਹਾਂ ਨਾਲ ਕੀ ਗੱਲ ਹੁੰਦੀ ਹੈ?
ਜਵਾਬ : ਪ੍ਰਧਾਨ ਮੰਤਰੀ ਪੰਜਾਬ ਦੇ ਲੋਕਾਂ ਨਾਲ ਕਾਫੀ ਸਨੇਹ ਰੱਖਦੇ ਹਨ। ਉਹ ਜਦੋਂ ਵੀ ਇੱਥੇ ਆਉਂਦੇ ਹਨ ਜਾਂ ਪੰਜਾਬ ਦੇ ਲੋਕ ਉਨ੍ਹਾਂ ਨੂੰ ਮਿਲਣ ਜਾਂਦੇ ਹਨ ਤਾਂ ਪੰਜਾਬ ਬਾਰੇ ਪੁੱਛਦੇ ਹਨ। ਪਿਛਲੇ ਦਿਨਾਂ ’ਚ ਪੀਐੱਮ ਮੋਦੀ ਦੋ ਵਾਰ ਜਲੰਧਰ ਆ ਚੁੱਕੇ ਹਨ। ਉਨ੍ਹਾਂ ਨੂੰ ਸੂਬੇ ਦੇ ਢਾਂਚਾਗਤ ਵਿਕਾਸ ਦੀ ਬਹੁਤ ਚਿੰਤਾ ਹੈ। ਕਈ ਰੇਲਵੇ ਸਟੇਸ਼ਨਾਂ ਦਾ ਆਧੁਨਿਕੀਕਰਨ ਕੀਤਾ ਗਿਆ ਹੈ। ਪੰਜਾਬ ’ਚ ਭਾਜਪਾ ਦੀ ਸਰਕਾਰ ਬਣਨ ਪਿੱਛੋਂ ਢਾਂਚਾਗਤ ਵਿਕਾਸ ਦੀ ਕਿਤੇ ਕੋਈ ਕਮੀ ਨਹੀਂ ਰਹੇਗੀ। ਇਹ ਪ੍ਰਧਾਨ ਮੰਤਰੀ ਮੋਦੀ ਦੀ ਗਾਰੰਟੀ ਹੈ।
ਸਵਾਲ : ਤੁਸੀਂ ਲਗਾਤਾਰ ਪੰਜਾਬ ’ਚ ਘੁੰਮ ਰਹੇ ਹੋ, ਪੰਜਾਬ ’ਚ ਭਾਜਪਾ ਦੀ ਸਰਕਾਰ ਬਣਨ ਦੇ ਕਿੰਨੇ ਚਾਂਸ ਲੱਗਦੇ ਹਨ ਤੁਹਾਨੂੰ?
ਜਵਾਬ : ਪੰਜਾਬ ਵਾਸੀ ਦੇਖ ਰਹੇ ਹਨ ਕਿ ਪੰਜਾਬ ਇੰਨਾ ਮਜ਼ਬੂਤ ਸੀ, ਉਹ ਪਿੱਛੇ ਰਹਿ ਗਿਆ ਜਦਕਿ ਹਰਿਆਣਾ ਅੱਗੇ ਵਧ ਗਿਆ। ਪੰਜਾਬ ’ਚ ਸਿਰਫ ਗੱਲਾਂ ਹੋ ਰਹੀਆਂ ਹਨ, ਚੁਟਕਲੇ ਸੁਣਾਏ ਜਾ ਰਹੇ ਹਨ। ਚੁਟਕਲੇ ਸੁਣ ਕੇ ਲੋਕ ਸੋਚਦੇ ਹਨ ਕਿ ਚਲੋ ਕੁਝ ਦੇਰ ਹੱਸ ਲੈਂਦੇ ਹਾਂ। ਲੋਕਾਂ ਦੇ ਇਸ ਹਾਸੇ ਪਿੱਛੇ ਵੀ ਉਨ੍ਹਾਂ ਦੀ ਪੀੜਾ ਹੈ।
ਸਵਾਲ : ਦੇਸ਼ ਭਰ ’ਚ ਪ੍ਰੀਖਿਆਵਾਂ ਨੂੰ ਲੈ ਕੇ ਬਹੁਤ ਰੌਲਾ ਹੈ। ਪੰਜਾਬ ਤੇ ਹਰਿਆਣਾ ਦੀ ਸਥਿਤੀ ਨੂੰ ਤੁਸੀਂ ਕਿਵੇਂ ਦੇਖਦੇ ਹੋ?
ਜਵਾਬ : (ਥੋੜ੍ਹਾ ਠਹਿਰ ਕੇ) ਮੈਂ ਹੁਣ ਦੇਖਿਆ ਕਿ ਪੰਜਾਬ ’ਚ ਐਕਸਾਈਜ਼ ਇੰਸਪੈਕਟਰ ਦੇ ਪੇਪਰ ਦਾ ਨਤੀਜਾ ਨਿਕਲਿਆ ਸੀ, ਜਦਕਿ ਹਰਿਆਣਾ ’ਚ ਜੇਬੀਟੀ ਦੇ ਪੇਪਰ ਦਾ ਨਤੀਜਾ ਆਇਆ ਸੀ। 1500 ਨੌਜਵਾਨਾਂ ਦੀ ਨੌਕਰੀ ਲੱਗੀ ਹੈ। ਉਸੇ ਦਿਨ ਮੇਵਾਤ ’ਚ ਮੇਰੀ ਰੈਲੀ ਸੀ। ਮੈਂ ਮੰਚ ਤੋਂ ਕਿਹਾ ਕਿ ਕੋਈ ਵੀ ਇਕ ਵਿਅਕਤੀ ਇਹ ਦੱਸ ਦੇਵੇਂ ਕਿ ਕਿਸੇ ਤੋਂ ਇਕ ਪੈਸਾ ਵੀ ਲਿਆ ਗਿਆ ਹੋਵੇ। ਪੰਜਾਬ ’ਚ ਕੀ ਹੋਇਆ? ਇੱਥੇ ਐਕਸਾਈਜ਼ ਇੰਸਪੈਕਟਰ ਦੀ ਪ੍ਰੀਖਿਆ ’ਚ ਉਹ ਬੱਚਾ ਪਾਸ ਹੋ ਗਿਆ ਜਿਸ ਨੇ ਪੇਪਰ ’ਚ ਲਿਖਿਆ ਸੀ... ਸਟੇਟ ਬੈਂਕ ਆਫ ਇੰਡੀਆ। ਉਹ ਪਾਸ ਹੋ ਗਿਆ, ਜਿਸ ਨੇ ਲਿਖਿਆ ਸੀ... ਕਰਮਾਂ ਵਾਲੀ ਰਾਤ। ਗੱਲ ਇੱਥੇ ਨਹੀਂ ਰੁਕੀ। ਅਜਿਹੇ ਵੀ ਬਹੁਤ ਸਾਰੇ ਬੱਚੇ ਸਨ ਜਿਨ੍ਹਾਂ ਇਕ ਹੀ ਪੋਸਟ ਲਈ ਦੋ ਫਾਰਮ ਭਰ ਦਿੱਤੇ। ਇਕ ਹੀ ਦਿਨ ਦੋ ਵੱਖ-ਵੱਖ ਸੈਂਟਰਾਂ 'ਤੇ ਇਕ ਹੀ ਸਮੇਂ ’ਚ ਪ੍ਰੀਖਿਆ ਵੀ ਦੇ ਦਿੱਤੀ ਤੇ ਦੋਹਾਂ ਜਗ੍ਹਾ ਚੁਣੇ ਗਏ ਅਤੇ ਐਕਸਾਈਜ਼ ਇੰਸਪੈਕਟਰ ਬਣ ਗਏ। ਇਹ ਪੰਜਾਬ ਦੇ ਨੌਜਵਾਨਾਂ ਨਾਲ ਧੋਖਾ ਹੈ।
ਸਵਾਲ ਤੁਸੀਂ ਕਈ ਜਗ੍ਹਾਂ ਉਦਯੋਗਪਤੀਆਂ ਨਾਲ ਵੀ ਮਿਲੇ ਹੋ। ਉਨ੍ਹਾਂ ਨਾਲ ਕੀ ਗੱਲ ਹੋਈ?
ਜਵਾਬ ਮੈਨੂੰ ਪੰਜਾਬ ਦੇ ਉਦਯੋਗਪਤੀ ਮਿਲਦੇ ਹਨ। ਕੁਝ ਉਦਯੋਗਪਤੀ ਪੰਜਾਬ ਤੋਂ ਦੂਜੇ ਰਾਜਾਂ ’ਚ ਸ਼ਿਫਟ ਹੋ ਗਏ ਹਨ। ਮੈਂ ਉਨ੍ਹਾਂ ਨੂੰ ਕਿਹਾ ਕਿ ਪੰਜਾਬ ’ਚ ਭਾਜਪਾ ਦੀ ਸਰਕਾਰ ਬਣਨ ਦੇ ਬਾਅਦ ਤੁਹਾਨੂੰ ਪੰਜਾਬ ’ਚ ਹੀ ਕਾਰੋਬਾਰੀ ਮਾਹੌਲ ਉਪਲਬਧ ਕਰਾਵਾਂਗੇ। ਕਿਸੇ ਦੀ ਹਿੰਮਤ ਨਹੀਂ ਹੋਵੇਗੀ ਕਿ ਤੁਹਾਡੇ ਵੱਲ ਕੋਈ ਅੱਖ ਚੁੱਕ ਕੇ ਵੀ ਵੇਖ ਸਕੇ। ਤੁਹਾਡੀ ਸੁਰੱਖਿਆ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਹੋਵੇਗੀ। ਪੰਜਾਬ ਦਾ ਵਪਾਰੀ ਬਾਹਰ ਕਿਉਂ ਜਾਵੇ? ਪੰਜਾਬ ’ਚ ਰਹੇ, ਇੱਥੋਂ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਵੇਂ। ਪੰਜਾਬ ਵਿਚ ਹੁਣ ਤੱਕ ਹੋ ਕੀ ਰਿਹਾ ਹੈ। ਜੋ ਵੱਡਾ ਉਦਯੋਗਪਤੀ ਹੈ, ਉਸ ਦੀ ਸੇਵਾ ਲੱਗ ਜਾਂਦੀ ਹੈ। ਫਿਰ ਉਹ ਇੱਥੋਂ ਚਲਾ ਜਾਂਦਾ ਹੈ।