ਬਿਜਲੀ ਕੱਟਾਂ ਤੋਂ ਅੱਕੇ ਲੋਕਾਂ ਨੇ ਸ਼ਿਕਾਇਤ ਕੇਂਦਰ ਘੇਰੇ, ਦੋ ਦਿਨਾਂ ’ਚ 6000 ਸ਼ਿਕਾਇਤਾਂ ਗਰਮੀ ਵਿੱਚ ਘੰਟਿਆਂ ਲੰਬੇ ਬਿਜਲੀ ਕੱਟ, ਲੋਕਾਂ ਦਾ ਜੀਣਾ ਮੁਸ਼ਕਲ, ਸ਼ਿਕਾਇਤ ਕੇਂਦਰਾਂ ਦਾ ਘੇਰਾਓ, ਦੋ ਦਿਨਾਂ ਵਿੱਚ 6,000 ਸ਼ਿਕਾਇਤਾਂ
Publish Date: Mon, 29 Jun 2026 10:56 PM (IST)
Updated Date: Mon, 29 Jun 2026 10:58 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਗਰਮੀ ਵਧਣ ਨਾਲ ਸ਼ਹਿਰ ਵਿੱਚ ਚਾਰ ਤੋਂ ਪੰਜ ਘੰਟਿਆਂ ਦੇ ਬਿਜਲੀ ਕੱਟ ਲੱਗਣੇ ਸ਼ੁਰੂ ਹੋ ਗਏ ਹਨ। ਲੰਬੇ ਬਿਜਲੀ ਕੱਟਾਂ ਕਾਰਨ ਲੋਕਾਂ ਦਾ ਜਿਊਣਾ ਮੁਸ਼ਕਲ ਹੋ ਗਿਆ ਹੈ। ਬਿਜਲੀ ਨਾ ਆਉਣ ਅਤੇ ਸ਼ਿਕਾਇਤਾਂ ਦਰਜ ਨਾ ਹੋਣ ਕਾਰਨ ਲੋਕਾਂ ’ਚ ਭਾਰੀ ਰੋਸ ਹੈ। ਪਿਛਲੇ ਦੋ ਦਿਨਾਂ ਵਿੱਚ ਪਾਵਰਕਾਮ ਦੇ ਸ਼ਿਕਾਇਤ ਕੇਂਦਰਾਂ ਵਿਚ 6,000 ਤੋਂ ਵੱਧ ਸ਼ਿਕਾਇਤਾਂ ਪੁੱਜੀਆਂ ਹਨ। ਨੋਡਲ ਮੁਲਜ਼ਮਾਂ ਦੀ ਹੜਤਾਲ ਕਾਰਨ ਸ਼ਿਕਾਇਤਾਂ ਦੇ ਨਿਬੇੜੇ ’ਚ ਵੀ ਦੇਰੀ ਹੋ ਰਹੀ ਹੈ। ਇਸ ਨੂੰ ਦੇਖਦਿਆਂ ਪਾਵਰਕਾਮ ਵੱਲੋਂ ਸ਼ਿਕਾਇਤ ਕੇਂਦਰਾਂ ’ਚ ਅਸਿਸਟੈਂਟ ਲਾਈਨਮੈਨ ਤਾਇਨਾਤ ਕੀਤੇ ਗਏ ਹਨ ਤਾਂ ਜੋ ਸ਼ਿਕਾਇਤਾਂ ਦਾ ਨਿਬੇੜੇ ਸਮੇਂ ਸਿਰ ਕੀਤਾ ਜਾ ਸਕੇ। ਪਿਛਲੇ ਤਿੰਨ ਦਿਨਾਂ ਤੋਂ ਬਿਜਲੀ ਦੀ ਖਪਤ ਵਧਣ ਕਾਰਨ ਉਦਯੋਗਿਕ ਖੇਤਰਾਂ ਦੇ ਨਾਲ-ਨਾਲ ਸ਼ਹਿਰ ’ਚ ਵੀ ਬਿਜਲੀ ਕੱਟ ਲਾਏ ਜਾ ਰਹੇ ਹਨ। ਸੋਮਵਾਰ ਨੂੰ ਪਾਵਰਕਾਮ ਵੱਲੋਂ ਦੁਪਹਿਰ 2:45 ਵਜੇ ਤੋਂ ਸ਼ਾਮ 4:15 ਵਜੇ ਤੱਕ ਪਾਵਰ ਕੱਟ ਲਗਾਇਆ ਜਾਣਾ ਸੀ ਪਰ ਸਤਿਗੁਰੂ ਕਬੀਰ ਜਯੰਤੀ ਦੇ ਮੱਦੇਨਜ਼ਰ ਸ਼ਹਿਰ ਵਿੱਚ ਇਹ ਪਾਵਰ ਕੱਟ ਰੱਦ ਕਰ ਦਿੱਤਾ ਗਿਆ। ਹਾਲਾਂਕਿ ਇਹ ਕੱਟ ਪਿੰਡਾਂ ਵਾਲੇ ਖੇਤਰਾਂ ’ਚ ਲਾਇਆ ਗਿਆ। ------------------------------- ਦਿਆਲ ਨਗਰ ਸਮੇਤ ਕਈ ਇਲਾਕਿਆਂ ’ਚ ਲੁਕਣ-ਮੀਟੀ ਖੇਡਦੀ ਰਹੀ ਬਿਜਲੀ ਅਸ਼ੋਕ ਨਗਰ ਨੇੜਲੇ ਦਿਆਲ ਨਗਰ, ਬਸਤੀ ਸ਼ੇਖ, ਮਾਡਲ ਟਾਊਨ, ਹਰਬੰਸ ਨਗਰ, ਗੁਰੂ ਅਮਰਦਾਸ ਨਗਰ, ਕਾਲੀਆ ਕਾਲੋਨੀ, ਭਗਤ ਕਾਲੋਨੀ, ਇੰਡਸਟਰੀ ਏਰੀਆ, ਸੋਢਲ ਰੋਡ, ਅਮਨ ਨਗਰ, ਕ੍ਰਿਸ਼ਨਾ ਨਗਰ, ਸੰਜੇ ਗਾਂਧੀ ਨਗਰ, ਕਾਲੀਆ ਕਾਲੋਨੀ ਐਕਸਟੈਂਸ਼ਨ ਤੇ ਰਾਜਾ ਗਾਰਡਨ ਸਮੇਤ ਕਈ ਇਲਾਕਿਆਂ ’ਚ ਐਤਵਾਰ ਰਾਤ ਇੱਕ ਵਜੇ ਤੋਂ ਬਾਅਦ ਬਿਜਲੀ ਦੀ ਸਪਲਾਈ ਲਗਾਤਾਰ ਲੁਕਣ ਮੀਟੀ ਖੇਡਦੀ ਰਹੀ। ਕੁਝ ਸਮੇਂ ਲਈ ਬਿਜਲੀ ਆਉਂਦੀ ਅਤੇ ਫਿਰ ਤੁਰੰਤ ਕੱਟ ਲੱਗ ਜਾਂਦਾ। ਇਹ ਸਥਿਤੀ ਸਾਰੀ ਰਾਤ ਬਣੀ ਰਹੀ। ਦਿਆਲ ਨਗਰ ਦੇ ਰਹਿਣ ਵਾਲੇ ਅਕਾਲੀ ਆਗੂ ਜੀਐੱਸ ਜੱਜ ਨੇ ਕਿਹਾ ਕਿ ਦਿਨ ਭਰ ਬਿਜਲੀ ਕੱਟ ਅਤੇ ਰਾਤ ਨੂੰ ਵਾਰ-ਵਾਰ ਬਿਜਲੀ ਜਾਣ ਕਾਰਨ ਇਨਵਰਟਰ ਵੀ ਜਵਾਬ ਦੇ ਗਿਆ। ਗਰਮੀ ਅਤੇ ਹੁਮਸ ਵਿੱਚ ਲੋਕਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਪਾਵਰਕਾਮ ਤੋਂ ਦਿਆਲ ਨਗਰ ਖੇਤਰ ਵਿੱਚ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਠੋਸ ਪ੍ਰਬੰਧ ਕਰਨ ਦੀ ਮੰਗ ਕੀਤੀ। ---------------------- ਸ਼ਿਕਾਇਤ ਕੇਂਦਰਾਂ ਵਿੱਚ ਨਹੀਂ ਮਿਲੇ ਮੁਲਾਜ਼ਮ ਖਪਤਕਾਰਾਂ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਉਹ ਆਪਣੀ ਸ਼ਿਕਾਇਤ ਦਰਜ ਕਿੱਥੇ ਕਰਵਾਉਣ। ਕਈ ਸ਼ਿਕਾਇਤ ਕੇਂਦਰਾਂ ਵਿੱਚ ਡਿਊਟੀ ਤੇ ਤਾਇਨਾਤ ਮੁਲਾਜ਼ਮ ਮੌਜੂਦ ਨਹੀਂ ਸਨ ਅਤੇ ਕੁਝ ਕੇਂਦਰਾਂ ਦੇ ਦਫ਼ਤਰ ਬੰਦ ਪਏ ਸਨ। ਪਿਛਲੇ ਸ਼ਨੀਵਾਰ ਲੋਕਾਂ ਨੂੰ ਖੁਦ ਕੇਂਦਰਾਂ ਵਿੱਚ ਜਾ ਕੇ ਸ਼ਿਕਾਇਤ ਦਰਜ ਕਰਵਾਉਣੀ ਪਈ। ਬਸਤੀ ਸ਼ੇਖ ਸ਼ਿਕਾਇਤ ਕੇਂਦਰ ਵਿੱਚ ਵੀ ਕੋਈ ਮੁਲਾਜ਼ਮ ਨਹੀਂ ਸੀ। ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਐੱਸਡੀਓ ਨੂੰ ਮੋਬਾਈਲ ਤੇ ਕਈ ਵਾਰ ਫੋਨ ਕੀਤਾ ਪਰ ਉਨ੍ਹਾਂ ਨੇ ਕਾਲ ਨਹੀਂ ਚੁੱਕੀ। ਕੇਂਦਰ ਵਿੱਚ ਕੋਈ ਕਰਮਚਾਰੀ ਨਾ ਹੋਣ ਕਾਰਨ ਲੋਕਾਂ ਦੀ ਗੱਲ ਸੁਣਨ ਵਾਲਾ ਵੀ ਕੋਈ ਨਹੀਂ ਸੀ। ਲੋਕਾਂ ਨੇ ਇਸ ਸਬੰਧੀ ਵੀਡੀਓ ਬਣਾ ਕੇ ਦੈਨਿਕ ਜਾਗਰਣ ਨੂੰ ਭੇਜੀ। ---------------------- ਮੁਲਾਜ਼ਮਾਂ ਦਾ ਗ਼ੈਰ-ਹਾਜ਼ਰ ਹੋਣਾ ਗੰਭੀਰ ਮਾਮਲਾ : ਚੁਟਾਨੀ ਪਾਵਰਕਾਮ ਦੇ ਗੁਲਸ਼ਨ ਚੁਟਾਨੀ ਨੇ ਕਿਹਾ ਕਿ ਸ਼ਿਕਾਇਤ ਕੇਂਦਰਾਂ ’ਚ ਮੁਲਾਜ਼ਮਾਂ ਦਾ ਗੈਰਹਾਜ਼ਰ ਹੋਣਾ ਗੰਭੀਰ ਮਾਮਲਾ ਹੈ। ਜਿਸ ਮੁਲਾਜ਼ਮ ਦੀ ਡਿਊਟੀ ਸੀ ਉਸ ਤੋਂ ਸਪੱਸ਼ਟੀਕਰਨ ਮੰਗਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬਿਜਲੀ ਦੀ ਖਪਤ ਵਧਣ ਕਾਰਨ ਪਾਵਰ ਕੱਟ ਲਗਾਏ ਜਾ ਰਹੇ ਹਨ, ਜਦਕਿ ਜਿੱਥੇ ਵੀ ਬਿਜਲੀ ਫਾਲਟ ਆ ਰਹੇ ਹਨ, ਉਨ੍ਹਾਂ ਨੂੰ ਸਮੇਂ ਸਿਰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।