- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਰਮੀ ਅਤੇ ਉਮਸ ਨੇ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਦੀਆਂ ਵਧਾਈਆਂ ਮੁਸ਼ਕਲਾਂ

ਹਸਪਤਾਲਾਂ ’ਚ ਮਰੀਜ਼ਾਂ ਦੀ ਵਧ ਰਹੀ ਗਿਣਤੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ
ਤੇਜ਼ ਗਰਮੀ ਤੇ ਹੁਮਸ ਨੇ ਲੋਕਾਂ ਦਾ ਜਿਊਣਾ ਮੁਸ਼ਕਲ ਕਰ ਦਿੱਤਾ ਹੈ। ਇਸ ਨਾਲ ਖਾਸ ਤੌਰ ’ਤੇ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਮਰੀਜ਼ ਪ੍ਰਭਾਵਿਤ ਹੋ ਰਹੇ ਹਨ। ਪਿਛਲੇ 10 ਦਿਨਾਂ ਤੋਂ, ਵੱਧ ਤੋਂ ਵੱਧ ਤਾਪਮਾਨ 37.8 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ 26.6 ਡਿਗਰੀ ਸੈਲਸੀਅਸ ਦੇ ਆਸ-ਪਾਸ ਰਿਹਾ ਹੈ। ਹੁਮਸ ਦਾ ਪੱਧਰ ਵੀ ਵੱਧ ਤੋਂ ਵੱਧ 60 ਫ਼ੀਸਦੀ ਅਤੇ ਘੱਟੋ-ਘੱਟ 30 ਫ਼ੀਸਦੀ ਦਰਜ ਕੀਤਾ ਗਿਆ ਹੈ। ਅਜਿਹੇ ਮੌਸਮ ਵਿਚ ਗਰਮੀ ਦੇ ਤਣਾਅ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਸਰਕਾਰੀ ਹਸਪਤਾਲਾਂ, ਸਿਵਲ ਹਸਪਤਾਲਾਂ ਅਤੇ ਨਿੱਜੀ ਕਲੀਨਿਕਾਂ ਵਿੱਚ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਰਾਤ ਦੇ ਬਿਜਲੀ ਕੱਟਾਂ ਨੇ ਵੀ ਮਰੀਜ਼ਾਂ ਦੀ ਪਰੇਸ਼ਾਨੀ ਨੂੰ ਵਧਾ ਦਿੱਤਾ ਹੈ। ਮਰੀਜ਼ ਚੱਕਰ ਆਉਣ ਦੀ ਸ਼ਿਕਾਇਤ ਕਰ ਰਹੇ ਹਨ। ਹਾਲ ਹੀ ਵਿੱਚ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੂੰ ਚੁਗਿੱਟੀ ਰੇਲਵੇ ਕਰਾਸਿੰਗ 'ਤੇ ਰੇਲਵੇ ਪ੍ਰਸ਼ਾਸਨ ਦੇ ਇਕ ਸਮਾਗਮ ’ਚ ਇਸੇ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਸਰਵੋਦਿਆ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ। ਸਿਵਲ ਸਰਜਨ ਡਾ. ਰਾਜੇਸ਼ ਗਰਗ ਦਾ ਕਹਿਣਾ ਹੈ ਕਿ ਹੀਟ ਸਟ੍ਰੋਕ ਸੰਬੰਧੀ ਪਹਿਲਾਂ ਹੀ ਇੱਕ ਐਡਵਾਇਜ਼ਰੀ ਜਾਰੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਸਲਾਹ ਦਿੱਤੀ ਕਿ ਜਿਵੇਂ ਹੀ ਲੱਛਣ ਦਿਖਾਈ ਦੇਣ, ਮਰੀਜ਼ ਨੂੰ ਛਾਂ ਵਿਚ ਲਿਟਾਓ, ਸਰੀਰ ਨੂੰ ਗਿੱਲੇ ਕੱਪੜੇ ਨਾਲ ਪੂੰਝੋ ਅਤੇ ਤੁਰੰਤ ਹਸਪਤਾਲ ਲੈ ਜਾਓ। ਐਮਰਜੈਂਸੀ ਦੇ ਹਾਲਾਤ ਵਿਚ ਲੋਕ ਐਮਰਜੈਂਸੀ ਐਂਬੂਲੈਂਸ 108 ਨਾਲ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਉਹ ਹੈਲਪਲਾਈਨ ਨੰਬਰ 104 'ਤੇ ਡਾਇਲ ਕਰਕੇ ਵੀ ਸਲਾਹ ਲੈ ਸਕਦੇ ਹਨ।
ਸਿਵਲ ਹਸਪਤਾਲ ਦੇ ਓਪੀਡੀ ਦੇ ਡਾ. ਤਰਸੇਮ ਲਾਲ ਨੇ ਦੱਸਿਆ ਕਿ ਪਿਛਲੇ ਦੋ ਹਫ਼ਤਿਆਂ ਤੋਂ, ਰੋਜ਼ਾਨਾ 25-30 ਮਰੀਜ਼ ਆ ਰਹੇ ਹਨ, ਜੋ ਚੱਕਰ ਆਉਣੇ, ਉਲਟੀਆਂ ਅਤੇ ਕਮਜ਼ੋਰੀ ਦੀ ਸ਼ਿਕਾਇਤ ਕਰ ਰਹੇ ਹਨ। ਇਨ੍ਹਾਂ ਵਿੱਚੋਂ 70 ਫ਼ੀਸਦੀ ਪੁਰਾਣੀ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਹਨ। ਹਾਲਾਂਕਿ, ਇਸ ਸਮੇਂ ਕੋਈ ਵੀ ਗੰਭੀਰ ਸਥਿਤੀ ਵਾਲਾ ਮਰੀਜ਼ ਨਹੀ ਹੈ।
ਗਰਮੀਆਂ ’ਚ ਮਰੀਜ਼ਾਂ ਦੀ ਹਾਲਤ ਵਿਗੜਨ ਦੇ ਮੁੱਖ ਕਾਰਨ:
-ਪਾਣੀ ਦੀ ਕਮੀ:
ਗਰਮੀਆਂ ’ਚ ਬਹੁਤ ਜ਼ਿਆਦਾ ਪਸੀਨਾ ਆਉਣ ਨਾਲ ਸਰੀਰ ਵਿਚ ਪਾਣੀ ਅਤੇ ਇਲੈਕਟ੍ਰੋਲਾਈਟਸ ਦੀ ਕਮੀ ਹੋ ਜਾਣੀ। ਇਸ ਨਾਲ ਬਲੱਡ ਸ਼ੂਗਰ ਦੇ ਪੱਧਰ ਵਿਚ ਤੇਜ਼ੀ ਨਾਲ ਉਤਰਾਅ-ਚੜ੍ਹਾਅ ਆਉਂਦਾ ਹੈ ਅਤੇ ਬਲੱਡ ਪ੍ਰੈਸ਼ਰ ਬੇਕਾਬੂ ਹੋ ਜਾਂਦਾ ਹੈ।
ਗਰਮੀ ਦਾ ਤਣਾਅ:
ਉੱਚ ਤਾਪਮਾਨ ਸਰੀਰ ਦੇ ਥਰਮੋਰਗੂਲੇਸ਼ਨ ਸਿਸਟਮ ਨੂੰ ਵਿਗਾੜਦਾ ਹੈ। ਬੀਪੀ ਦੇ ਮਰੀਜ਼ਾਂ ਲਈ ਦਵਾਈਆਂ ਡੀਹਾਈਡਰੇਸ਼ਨ ਦਾ ਕਾਰਨ ਵੀ ਬਣਦੀਆਂ ਹਨ, ਜਿਸ ਨਾਲ ਖ਼ਤਰਾ ਵਧ ਜਾਂਦਾ ਹੈ।
ਨੀਂਦ ਦੀ ਕਮੀ:
ਰਾਤ ਨੂੰ ਬਿਜਲੀ ਕੱਟਾਂ ਤੇ ਨਮੀ ਕਾਰਨ ਨੀਂਦ ਦੀ ਘਾਟ ਹਾਰਮੋਨ ਕੋਰਟੀਸੋਲ ਨੂੰ ਵਧਾਉਂਦੀ ਹੈ, ਜੋ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੋਵਾਂ ਨੂੰ ਵਧਾਉਂਦੀ ਹੈ।
ਭੁੱਖ ਨਾ ਲੱਗਣਾ:
ਬਹੁਤ ਸਾਰੇ ਮਰੀਜ਼ ਗਰਮੀਆਂ ’ਚ ਖਾਣਾ ਛੱਡ ਦਿੰਦੇ ਹਨ ਜਾਂ ਅਨਿਯਮਿਤ ਹੋ ਜਾਂਦੇ ਹਨ। ਖਾਲੀ ਪੇਟ ਦਵਾਈ ਲੈਣ ਜਾਂ ਨਾ ਲੈਣ ਨਾਲ ਬਲੱਡ ਪ੍ਰੈਸ਼ਰ ਦਾ ਪੱਧਰ ਵਿਗੜ ਜਾਂਦਾ ਹੈ।
ਦਵਾਈਆਂ ਦਾ ਪ੍ਰਭਾਵ:
ਕੁਝ ਬੀਪੀ ਦਵਾਈਆਂ ਜਿਵੇਂ ਕਿ ਡਾਇਯੂਰੇਟਿਕਸ, ਸਰੀਰ ਵਿੱਚੋਂ ਪਾਣੀ ਦਾ ਪੱਧਰ ਘਟਾ ਦਿੰਦੀਆਂ ਹਨ। ਇਹ ਪ੍ਰਭਾਵ ਗਰਮੀਆਂ ’ਚ ਦੁੱਗਣਾ ਹੋ ਸਕਦਾ ਹੈ, ਜਿਸ ਨਾਲ ਚੱਕਰ ਆਉਣੇ ਤੇ ਘੱਟ ਬਲੱਡ ਪ੍ਰੈਸ਼ਰ ਹੋ ਸਕਦਾ ਹੈ।
----
ਇਨ੍ਹਾਂ ਸਾਵਧਾਨੀਆਂ ਦਾ ਰੱਖੋ ਖਿਆਲ
ਘਰ ’ਚ ਤਾਪਮਾਨ ਘੱਟ ਰੱਖੋ
-ਬਿਜਲੀ ਕੱਟ ਹੋਣ ਦੀ ਸਥਿਤੀ ਵਿਚ ਇਨਵਰਟਰ ਜਾਂ ਬੈਟਰੀ ਨਾਲ ਚੱਲਣ ਵਾਲੇ ਪੱਖੇ ਦਾ ਪ੍ਰਬੰਧ ਕਰੋ।
-ਸ਼ੂਗਰ ਵਾਲੇ ਮਰੀਜ਼ਾਂ ਨੂੰ ਦਿਨ ਵਿੱਚ 2-3 ਵਾਰ ਆਪਣੇ ਬਲੱਡ ਪ੍ਰੈਸ਼ਰ ਦੀ ਜਾਂਚ ਕਰਨੀ ਚਾਹੀਦੀ ਹੈ। ਜੇ ਬਲੱਡ ਪ੍ਰੈਸ਼ਰ 70 ਮਿਲੀਗ੍ਰਾਮ/ਡੀਐੱਲ ਤੋਂ ਘੱਟ ਜਾਂ 250 ਮਿਲੀਗ੍ਰਾਮ/ਡੀਐੱਲ ਤੋਂ ਵੱਧ ਹੈ ਤਾਂ ਤੁਰੰਤ ਡਾਕਟਰ ਨਾਲ ਸਲਾਹ ਕਰੋ।
-ਬੀਪੀ ਵਾਲੇ ਮਰੀਜ਼ਾਂ ਨੂੰ ਸਵੇਰੇ ਤੇ ਸ਼ਾਮ ਬਲੱਡ ਪ੍ਰੈਸ਼ਰ ਦੀ ਜਾਂਚ ਕਰਨੀ ਚਾਹੀਦੀ ਹੈ। ਜੇ ਤੁਹਾਨੂੰ ਚੱਕਰ ਆਉਣੇ, ਧੁੰਦਲੀ ਨਜ਼ਰ, ਜਾਂ ਛਾਤੀ ’ਚ ਦਰਦ ਦਾ ਅਨੁਭਵ ਹੁੰਦਾ ਹੈ ਤਾਂ ਲਾਪਰਵਾਹੀ ਨਾ ਵਰਤੋ।
-ਨੰਗੇ ਪੈਰ ਨਾ ਜਾਓ, ਸ਼ੂਗਰ ਪੈਰਾਂ ਦੀਆਂ ਸੱਟਾਂ ਤੇ ਇਨਫੈਕਸ਼ਨਾਂ ਦਾ ਖ਼ਤਰਾ ਵਧਾਉਂਦੀ ਹੈ।
-ਸ਼ਰਾਬ ਤੇ ਸਿਗਰਟਨੋਸ਼ੀ ਤੋਂ ਪੂਰੀ ਤਰ੍ਹਾਂ ਬਚੋ, ਕਿਉਂਕਿ ਇਹ ਡੀਹਾਈਡ੍ਰੇਸ਼ਨ ਵਧਾਉਂਦੇ ਹਨ।
---
ਮਾਡਲ ਹਾਊਸ ਦੇ ਰਹਿਣ ਵਾਲਾ ਰਾਮ ਪ੍ਰਕਾਸ਼ ਪਿਛਲੇ 15 ਸਾਲਾਂ ਤੋਂ ਸ਼ੂਗਰ ਤੇ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਹੈ। ਤਿੰਨ ਦਿਨ ਪਹਿਲਾਂ, ਦੁਪਹਿਰ ਨੂੰ ਬਾਜ਼ਾਰ ਤੋਂ ਵਾਪਸ ਆਉਂਦੇ ਸਮੇਂ ਉਸ ਨੂੰ ਚੱਕਰ ਆਉਣੇ ਤੇ ਘਬਰਾਹਟ ਮਹਿਸੂਸ ਹੋਈ। ਜਦੋਂ ਉਹ ਘਰ ਪੁੱਜਾ, ਉਹ ਪਸੀਨੇ ਨਾਲ ਭਰਿਆ ਹੋਇਆ ਸੀ ਤੇ ਉਸ ਦਾ ਬਲੱਡ ਸ਼ੂਗਰ ਦਾ ਪੱਧਰ 310 ਮਿਲੀਗ੍ਰਾਮ/ਡੀਐੱਲ ਤੱਕ ਪੁੱਜਾ ਗਿਆ ਸੀ। ਉਸ ਦੇ ਪਰਿਵਾਰ ਨੇ ਤੁਰੰਤ ਉਸ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਡੀਹਾਈਡ੍ਰੇਸ਼ਨ ਤੇ ਗਰਮੀ ਦੀ ਥਕਾਵਟ ਦੱਸਿਆ। ਉਸ ਨੂੰ ਦਾਖਲ ਕਰਵਾਇਆ ਗਿਆ ਅਤੇ ਗਲੂਕੋਜ਼ ਅਤੇ ਜ਼ਰੂਰੀ ਦਵਾਈਆਂ ਦਿੱਤੀਆਂ ਗਈਆਂ। ਅਗਲੇ ਦਿਨ ਉਸ ਨੂੰ ਛੁੱਟੀ ਦੇ ਦਿੱਤੀ ਗਈ।
ਇਸੇ ਤਰ੍ਹਾਂ ਹੀ ਬਸਤੀ ਸ਼ੇਖ ਦੀ ਨਿਵਾਸੀ ਕਮਲੇਸ਼ ਦੇਵੀ ਨੂੰ ਸਵੇਰੇ 2 ਵਜੇ ਅਚਾਨਕ ਘਬਰਾਹਟ ਅਤੇ ਛਾਤੀ ’ਚ ਭਾਰੀਪਨ ਮਹਿਸੂਸ ਹੋਇਆ। ਬਿਜਲੀ ਬੰਦ ਹੋਣ ਕਾਰਨ ਪੱਖਾ ਬੰਦ ਸੀ ਅਤੇ ਹੁਮਸ ਨਾਲ ਦਮ ਘੁੱਟ ਰਿਹਾ ਸੀ। ਬਲੱਡ ਪ੍ਰੈਸ਼ਰ ਟੈਸਟ ’ਚ 170/110 ਐੱਮਐੱਮਐੱਚਜੀ ਬਲੱਡ ਪ੍ਰੈਸ਼ਰ ਦੱਸਿਆ। ਡਾਕਟਰ ਦੇ ਅਨੁਸਾਰ ਨੀਂਦ ਦੀ ਘਾਟ ਅਤੇ ਡੀਹਾਈਡ੍ਰੇਸ਼ਨ ਕਾਰਨ ਬਲੱਡ ਪ੍ਰੈਸ਼ਰ ਅਚਾਨਕ ਵਧ ਗਿਆ। ਉਸ ਨੇ ਟੀਕਾ ਲਾਇਆ ਤੇ ਦਵਾਈ ਦੇਣ ਤੋਂ ਬਾਅਦ ਉਸ ਨੂੰ ਘਰ ਭੇਜ ਦਿੱਤਾ।