
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇਸ ਹੜਤਾਲ ਕਾਰਨ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਆਮ ਸਿਹਤ ਸੇਵਾਵਾਂ ਪੂਰੀ ਤਰ੍ਹਾਂ ਠੱਪ ਰਹਿਣਗੀਆਂ, ਜਦਕਿ ਮਰੀਜ਼ਾਂ ਦੀ ਸਹੂਲਤ ਲਈ ਕੇਵਲ ਐਮਰਜੈਂਸੀ ਸੇਵਾਵਾਂ ਹੀ ਚਾਲੂ ਰੱਖੀਆਂ ਜਾਣਗੀਆਂ।

ਤੇਜਿੰਦਰ ਕੌਰ ਥਿੰਦ,ਜਲੰਧਰ : ਜ਼ਿਲ੍ਹੇ ਦੇ ਮੁੱਖ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਆਉਣ ਵਾਲੇ ਮਰੀਜ਼ਾਂ ਲਈ ਵੀਰਵਾਰ ਦਾ ਦਿਨ ਮੁਸ਼ਕਲਾਂ ਭਰਿਆ ਰਹਿ ਸਕਦਾ ਹੈ। ਸਿਹਤ ਵਿਭਾਗ ਵਿੱਚ ਤਾਇਨਾਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਵੱਖ-ਵੱਖ ਯੂਨੀਅਨਾਂ ਵੱਲੋਂ ਇਕਜੁੱਟ ਹੋ ਕੇ ਸਮੂਹਿਕ ਛੁੱਟੀ 'ਤੇ ਜਾਣ ਦਾ ਵੱਡਾ ਐਲਾਨ ਕੀਤਾ ਗਿਆ ਹੈ। ਇਸ ਹੜਤਾਲ ਕਾਰਨ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਆਮ ਸਿਹਤ ਸੇਵਾਵਾਂ ਪੂਰੀ ਤਰ੍ਹਾਂ ਠੱਪ ਰਹਿਣਗੀਆਂ, ਜਦਕਿ ਮਰੀਜ਼ਾਂ ਦੀ ਸਹੂਲਤ ਲਈ ਕੇਵਲ ਐਮਰਜੈਂਸੀ ਸੇਵਾਵਾਂ ਹੀ ਚਾਲੂ ਰੱਖੀਆਂ ਜਾਣਗੀਆਂ।
ਓ.ਪੀ.ਡੀ. ਸੇਵਾਵਾਂ ਰਹਿਣਗੀਆਂ ਬੰਦ, ਐਮਰਜੈਂਸੀ 24 ਘੰਟੇ ਰਹੇਗੀ ਚਾਲੂ
ਪੀ.ਸੀ.ਐਮ.ਐਸ. ਡਾਕਟਰਜ਼ ਐਸੋਸੀਏਸ਼ਨ ਅਤੇ ਹੋਰ ਸਹਿਯੋਗੀ ਯੂਨੀਅਨਾਂ ਦੇ ਸੱਦੇ 'ਤੇ ਲਏ ਗਏ ਇਸ ਫੈਸਲੇ ਤਹਿਤ ਹਸਪਤਾਲਾਂ ਵਿੱਚ ਓ.ਪੀ.ਡੀ. ਸੇਵਾਵਾਂ ਮੁਕੰਮਲ ਤੌਰ 'ਤੇ ਬੰਦ ਰਹਿਣਗੀਆਂ। ਡਾਕਟਰਾਂ ਅਨੁਸਾਰ ਆਮ ਦਿਨਾਂ ਵਾਂਗ ਮਰੀਜ਼ਾਂ ਦੀ ਜਾਂਚ ਨਹੀਂ ਕੀਤੀ ਜਾਵੇਗੀ, ਪਰ ਗੰਭੀਰ ਹਾਲਤ ਵਿੱਚ ਆਉਣ ਵਾਲੇ ਮਰੀਜ਼ਾਂ ਲਈ ਐਮਰਜੈਂਸੀ ਵਾਰਡ ਅਤੇ ਜ਼ਰੂਰੀ ਸੇਵਾਵਾਂ ਨਿਰੰਤਰ ਜਾਰੀ ਰਹਿਣਗੀਆਂ ਤਾਂ ਜੋ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ।
ਹੜਤਾਲ ਵਿੱਚ ਇਹ ਸਟਾਫ਼ ਲਵੇਗਾ ਹਿੱਸਾ
ਸਿਵਲ ਸਰਜਨ ਦਫ਼ਤਰ ਅਤੇ ਸਿਵਲ ਹਸਪਤਾਲ ਦਾ ਪ੍ਰਬੰਧਕੀ ਤੇ ਕਲੈਰੀਕਲ ਅਮਲਾ।
ਲੈਬਾਂ ਵਿੱਚ ਟੈਸਟ ਅਤੇ ਸੈਂਪਲਿੰਗ ਦਾ ਕੰਮ ਪੂਰੀ ਤਰ੍ਹਾਂ ਬੰਦ ਰਹੇਗਾ।
ਜ਼ਮੀਨੀ ਪੱਧਰ 'ਤੇ ਸਿਹਤ ਸੇਵਾਵਾਂ ਦੇਣ ਵਾਲਾ ਅਮਲਾ ਹੜਤਾਲ 'ਤੇ ਰਹੇਗਾ।
ਸ਼ਹਿਰ ਅਤੇ ਪੇਂਡੂ ਖੇਤਰਾਂ ਵਿੱਚ ਚੱਲ ਰਹੇ ਆਮ ਆਦਮੀ ਕਲੀਨਿਕਾਂ ਦੇ ਕਰਮਚਾਰੀ ਵੀ ਕੰਮਕਾਜ ਠੱਪ ਰੱਖਣਗੇ।
ਮਰੀਜ਼ਾਂ ਲਈ ਖ਼ਾਸ ਸਲਾਹ
ਸਿਹਤ ਕੇਂਦਰਾਂ ਵਿੱਚ ਕਲੈਰੀਕਲ ਸਟਾਫ਼, ਲੈਬਾਰਟਰੀ ਟੈਕਨੀਸ਼ੀਅਨਾਂ, ਏ.ਐਨ.ਐਮ., ਐਨ.ਐਚ.ਐਮ. ਅਤੇ ਆਮ ਆਦਮੀ ਕਲੀਨਿਕਾਂ ਦੇ ਕਰਮਚਾਰੀਆਂ ਦੇ ਹੜਤਾਲ 'ਤੇ ਹੋਣ ਕਾਰਨ ਨਵੀਂ ਪਰਚੀ ਬਣਾਉਣ, ਰੁਟੀਨ ਚੈੱਕਅੱਪ ਅਤੇ ਲੈਬ ਟੈਸਟ ਕਰਵਾਉਣ ਵਰਗੇ ਕੰਮ ਨਹੀਂ ਹੋ ਸਕਣਗੇ। ਇਸ ਲਈ ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਵੀਰਵਾਰ ਨੂੰ ਕੇਵਲ ਅਤਿ-ਜ਼ਰੂਰੀ ਜਾਂ ਐਮਰਜੈਂਸੀ ਸਥਿਤੀ ਵਿੱਚ ਹੀ ਸਰਕਾਰੀ ਹਸਪਤਾਲਾਂ ਦਾ ਰੁੱਖ ਕਰਨ।