- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਤੋਂ ਇਲਾਵਾ ਡਿਸਟ੍ਰੀਬਿਊਟਰਾਂ ਦੇ ਕਰਮਚਾਰੀ ਫੋਨ ਕਰਕੇ ਵੀ 15 ਦਿਨਾਂ ਦੇ ਅੰਦਰ ਈ-ਕੇਵਾਈਸੀ ਕਰਵਾਉਣ ਲਈ ਕਹਿ ਰਹੇ ਹਨ। ਨਵੇਂ ਹੁਕਮਾਂ ਮੁਤਾਬਕ ਨਿਰਧਾਰਤ ਸਮੇਂ ਅੰਦਰ ਈ-ਕੇਵਾਈਸੀ ਨਾ ਕਰਵਾਉਣ ਵਾਲਿਆਂ ਦਾ ਕੁਨੈਕਸ਼ਨ ਬਲਾਕ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਸਿਲੰਡਰ ਦੀ ਸਪਲਾਈ ਵੀ ਨਹੀਂ ਦਿੱਤੀ ਜਾਵੇਗੀ।

ਸ਼ਾਮ ਸਹਿਗਲ, ਪੰਜਾਬੀ ਜਾਗਰਣ, ਜਲੰਧਰ : ਰਸੋਈ ਗੈਸ ਕੁਨੈਕਸ਼ਨ ਦੀ 15 ਦਿਨਾਂ ਦੇ ਅੰਦਰ ਈ-ਕੇਵਾਈਸੀ ਨਾ ਕਰਵਾਉਣ ਵਾਲੇ ਖਪਤਕਾਰਾਂ ਦੇ ਗੈਸ ਕੁਨੈਕਸ਼ਨ ਹੁਣ ਬਲਾਕ ਕਰ ਦਿੱਤੇ ਜਾਣਗੇ। ਇਸ ਸਬੰਧੀ ਤਿੰਨਾਂ ਤੇਲ ਕੰਪਨੀਆਂ-ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ—ਵੱਲੋਂ ਆਪਣੇ ਗੈਸ ਡਿਸਟ੍ਰੀਬਿਊਟਰਾਂ ਨੂੰ ਪੱਤਰ ਜਾਰੀ ਕੀਤੇ ਗਏ ਹਨ। ਗੈਸ ਡਿਸਟ੍ਰੀਬਿਊਟਰਾਂ ਵੱਲੋਂ ਜਿਨ੍ਹਾਂ ਖਪਤਕਾਰਾਂ ਨੇ ਹਾਲੇ ਤੱਕ ਈ-ਕੇਵਾਈਸੀ ਨਹੀਂ ਕਰਵਾਈ, ਉਨ੍ਹਾਂ ਨੂੰ ਫੋਨ ’ਤੇ ਮੈਸੇਜ ਭੇਜੇ ਜਾ ਰਹੇ ਹਨ। ਇਸ ਤੋਂ ਇਲਾਵਾ ਡਿਸਟ੍ਰੀਬਿਊਟਰਾਂ ਦੇ ਕਰਮਚਾਰੀ ਫੋਨ ਕਰਕੇ ਵੀ 15 ਦਿਨਾਂ ਦੇ ਅੰਦਰ ਈ-ਕੇਵਾਈਸੀ ਕਰਵਾਉਣ ਲਈ ਕਹਿ ਰਹੇ ਹਨ। ਨਵੇਂ ਹੁਕਮਾਂ ਮੁਤਾਬਕ ਨਿਰਧਾਰਤ ਸਮੇਂ ਅੰਦਰ ਈ-ਕੇਵਾਈਸੀ ਨਾ ਕਰਵਾਉਣ ਵਾਲਿਆਂ ਦਾ ਕੁਨੈਕਸ਼ਨ ਬਲਾਕ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਸਿਲੰਡਰ ਦੀ ਸਪਲਾਈ ਵੀ ਨਹੀਂ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਵੀ ਈ-ਕੇਵਾਈਸੀ ਨਾ ਕਰਵਾਉਣ ਵਾਲੇ ਘਰੇਲੂ ਗੈਸ ਖਪਤਕਾਰਾਂ ਦੀ ਸਬਸਿਡੀ ਬੰਦ ਕੀਤੀ ਜਾ ਚੁੱਕੀ ਹੈ। ਇਹ ਪ੍ਰਕਿਰਿਆ ਫਰਜ਼ੀ ਅਤੇ ਡੁਪਲੀਕੇਟ ਗੈਸ ਕੁਨੈਕਸ਼ਨਾਂ ਦੀ ਪਛਾਣ ਕਰਨ ਦੇ ਮਕਸਦ ਨਾਲ ਕੀਤੀ ਜਾ ਰਹੀ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਦੇ ਸੀਜੀਐਮ ਪਰਮੇਸ਼ਵਰ ਲਾਲ ਮੁਤਾਬਕ ਗੈਸ ਸਪਲਾਈ ਵਿੱਚ ਪਾਰਦਰਸ਼ਤਾ ਲਿਆਉਣ, ਫਰਜ਼ੀ ਕੁਨੈਕਸ਼ਨਾਂ ’ਤੇ ਕਾਰਵਾਈ ਕਰਨ ਅਤੇ ਅਸਲ ਖਪਤਕਾਰਾਂ ਤੱਕ ਸਪਲਾਈ ਪਹੁੰਚਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ।
ਫਰਜ਼ੀ ਤੇ ਡੁਪਲੀਕੇਟ ਕੁਨੈਕਸ਼ਨਾਂ ’ਤੇ ਰੋਕ ਲਈ ਈ-ਕੇਵਾਈਸੀ ਜ਼ਰੂਰੀ
ਤਿੰਨਾਂ ਤੇਲ ਕੰਪਨੀਆਂ ਵੱਲੋਂ ਫਰਜ਼ੀ ਅਤੇ ਡੁਪਲੀਕੇਟ ਕੁਨੈਕਸ਼ਨਾਂ ’ਤੇ ਰੋਕ ਲਗਾਉਣ ਲਈ ਈ-ਕੇਵਾਈਸੀ ਲਾਜ਼ਮੀ ਕੀਤੀ ਗਈ ਹੈ। ਇਸ ਦੇ ਨਾਲ ਹੀ ਜਿਨ੍ਹਾਂ ਗੈਸ ਕੁਨੈਕਸ਼ਨ ਧਾਰਕਾਂ ਦੀ ਮੌਤ ਹੋ ਚੁੱਕੀ ਹੈ ਜਾਂ ਜੋ ਵਿਦੇਸ਼ ਜਾ ਚੁੱਕੇ ਹਨ, ਉਨ੍ਹਾਂ ਦੀ ਪਛਾਣ ਵੀ ਈ-ਕੇਵਾਈਸੀ ਰਾਹੀਂ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਗੈਸ ਸਿਲੰਡਰ ’ਤੇ ਮਿਲਣ ਵਾਲੀ ਸਬਸਿਡੀ ਦਾ ਲਾਭ ਸਹੀ ਖਪਤਕਾਰ ਤੱਕ ਪਹੁੰਚਾਉਣ ਅਤੇ ਗੈਸ ਦੀ ਸਪਲਾਈ ਸਹੀ ਹੱਥਾਂ ਵਿੱਚ ਦੇਣ ਲਈ ਇਹ ਪ੍ਰਕਿਰਿਆ ਲਾਜ਼ਮੀ ਕੀਤੀ ਗਈ ਹੈ।
ਕਈ ਵਾਰ ਕੀਤਾ ਜਾ ਚੁੱਕਾ ਹੈ ਅਲਰਟ
ਆਲ ਇੰਡੀਆ ਐਲਪੀਜੀ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਲਲਤੇਸ਼ ਭਸੀਨ ਨੇ ਦੱਸਿਆ ਕਿ ਖਪਤਕਾਰਾਂ ਨੂੰ ਐਸਐਮਐਸ ਅਤੇ ਫੋਨ ਕਾਲਾਂ ਰਾਹੀਂ ਕਈ ਵਾਰ ਅਲਰਟ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਖਪਤਕਾਰਾਂ ਨੂੰ ਕਿਸੇ ਕਾਰਨ ਮੈਸੇਜ ਨਹੀਂ ਮਿਲਿਆ, ਉਹ ਵੀ ਆਪਣੀ ਈ-ਕੇਵਾਈਸੀ ਕਰਵਾ ਲੈਣ, ਨਹੀਂ ਤਾਂ ਸਬਸਿਡੀ ਦੇ ਨਾਲ ਗੈਸ ਬੁਕਿੰਗ ਵਿੱਚ ਵੀ ਦਿੱਕਤ ਆ ਸਕਦੀ ਹੈ।
ਆਨਲਾਈਨ ਇੰਝ ਕਰਵਾਓ ਈ-ਕੇਵਾਈਸੀ
ਆਪਣੀ ਗੈਸ ਕੰਪਨੀ ਦੀ ਅਧਿਕਾਰਤ ਐਪ ਗੂਗਲ ਪਲੇ ਸਟੋਰ ਜਾਂ ਐਪ ਸਟੋਰ ਤੋਂ ਡਾਊਨਲੋਡ ਕਰੋ। ਇੰਡੀਅਨ ਆਇਲ ਦੇ ਖਪਤਕਾਰ , ਭਾਰਤ ਪੈਟਰੋਲੀਅਮ ਦੇ ਖਪਤਕਾਰ ਅਤੇ ਐਚਪੀ ਗੈਸ ਦੇ ਖਪਤਕਾਰ ਐਚ.ਪੀ ਪੇ ਜਾਂ ਐਚ ਪੀ ਗੈਸ ਐਪ ਦੀ ਵਰਤੋਂ ਕਰ ਸਕਦੇ ਹਨ। ਚਿਹਰਾ ਸਕੈਨ ਕਰਨ ਲਈ ਆਧਾਰ ਕਾਰਡ ਫੇਸ ਆਰ ਡੀ ਐਪ ਦੀ ਵੀ ਲੋੜ ਹੋ ਸਕਦੀ ਹੈ। ਅਧਿਕਾਰਤ ਐਪ ਖੋਲ੍ਹ ਕੇ ਗੈਸ ਏਜੰਸੀ ਨਾਲ ਰਜਿਸਟਰ ਮੋਬਾਈਲ ਨੰਬਰ ਰਾਹੀਂ ਲਾਗਇਨ ਜਾਂ ਰਜਿਸਟਰ ਕਰੋ। ਇਸ ਤੋਂ ਬਾਅਦ ਪ੍ਰੋਫਾਈਲ ਵਿੱਚ ਜਾ ਕੇ ਈ-ਕੇਵਾਈਸੀ ਦੇ ਵਿਕਲਪ ’ਤੇ ਕਲਿੱਕ ਕਰੋ ਅਤੇ ਸਕ੍ਰੀਨ ’ਤੇ ਦਿੱਤੇ ਨਿਰਦੇਸ਼ਾਂ ਮੁਤਾਬਕ ਪ੍ਰਕਿਰਿਆ ਪੂਰੀ ਕਰੋ।
ਆਫਲਾਈਨ ਇੰਝ ਕਰਵਾਓ ਈ-ਕੇਵਾਈਸੀ
ਆਧਾਰ ਕਾਰਡ, ਗੈਸ ਬੁੱਕ ਅਤੇ ਮੋਬਾਈਲ ਨੰਬਰ ਲੈ ਕੇ ਨਜ਼ਦੀਕੀ ਗੈਸ ਏਜੰਸੀ ’ਤੇ ਜਾਓ। ਏਜੰਸੀ ’ਤੇ ਅੰਗੂਠੇ ਦੇ ਨਿਸ਼ਾਨ ਜਾਂ ਅੱਖਾਂ ਦੀ ਸਕੈਨਿੰਗ ਰਾਹੀਂ ਕੇਵਾਈਸੀ ਕੀਤੀ ਜਾਵੇਗੀ। ਇਹ ਕੰਮ ਕਿਸੇ ਵੀ ਕਾਰਜ ਦਿਵਸ ਦੌਰਾਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਰਵਾਇਆ ਜਾ ਸਕਦਾ ਹੈ।