ਸ਼ਹਿਰ ’ਚੋਂ ਖ਼ਤਮ ਹੋਣਗੇ ਕੂੜੇ ਦੇ ਡੰਪ, 8 ਸਾਲਾਂ ਲਈ 600 ਕਰੋੜ ਦਾ ਪ੍ਰੋਜੈਕਟ ਤਿਆਰ
ਸ਼ਹਿਰ ਤੋਂ ਕੂੜੇ ਦੇ ਡੰਪ ਖਤਮ ਹੋਣਗੇ, ਘਰਾਂ ਤੋਂ ਇਕੱਠਾ ਕਰਕੇ ਸਿੱਧਾ ਕੰਪੈਕਟਰਾਂ ’ਚ ਪਾਇਆ ਜਾਵੇਗਾ ਕੂੜਾ, 8 ਸਾਲਾਂ ਲਈ
Publish Date: Mon, 15 Jun 2026 10:24 PM (IST)
Updated Date: Mon, 15 Jun 2026 10:27 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਗਰ ਨਿਗਮ ਵੱਲੋਂ ਕੂੜਾ ਪ੍ਰਬੰਧਨ ਲਈ 607 ਕਰੋੜ ਰੁਪਏ ਦਾ ਪ੍ਰੋਜੈਕਟ ਲਗਪਗ ਅੰਤਿਮ ਪੜਾਅ ’ਚ ਹੈ। ਸ਼ਹਿਰ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਟੈਂਡਰ ਜਾਰੀ ਕੀਤੇ ਗਏ ਸਨ। ਇਕ ਟੈਂਡਰ ਫਾਈਨਲ ਹੋ ਚੁੱਕਾ ਹੈ, ਜਦਕਿ ਦੂਜੇ ਲਈ ਆਈਆਂ ਕੰਪਨੀਆਂ ਦੀ ਤਕਨੀਕੀ ਯੋਗਤਾ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਟੈਂਡਰ ਵੀ ਅਗਲੇ 15 ਦਿਨਾਂ ਵਿੱਚ ਫਾਈਨਲ ਹੋਣ ਦੀ ਉਮੀਦ ਹੈ। ਜੇ ਸਭ ਕੁਝ ਯੋਜਨਾ ਅਨੁਸਾਰ ਰਿਹਾ ਤਾਂ ਚੁਣੀ ਗਈ ਕੰਪਨੀ ਅਗਲੇ ਤਿੰਨ ਮਹੀਨਿਆਂ ’ਚ ਕੰਮ ਸ਼ੁਰੂ ਕਰ ਦੇਵੇਗੀ। ਇਸ ਪ੍ਰੋਜੈਕਟ ਤਹਿਤ ਘਰਾਂ ਤੋਂ ਕੂੜਾ ਇਕੱਠਾ ਕਰਕੇ ਕੰਪਨੀ ਦੀਆਂ ਗੱਡੀਆਂ ਮਟੀਰੀਅਲ ਰਿਕਵਰੀ ਫੈਸਿਲੀਟੇਸ਼ਨ (ਐੱਮਆਰਐੱਫ) ਸੈਂਟਰਾਂ ਤੱਕ ਲੈ ਜਾਣਗੀਆਂ। ਉੱਥੋਂ ਗਿੱਲੇ ਕੂੜੇ ਨੂੰ ਕੰਪੈਕਟਰਾਂ ਰਾਹੀਂ ਵਰਿਆਣਾ ਡੰਪ ਸਾਈਟ ਭੇਜਿਆ ਜਾਵੇਗਾ। ਕੰਪਨੀ ਉੱਥੇ ਇੱਕ ਪਲਾਂਟ ਲਗਾਏਗੀ ਜਿੱਥੇ ਕੂੜੇ ਨੂੰ ਖਾਦ ਵਿੱਚ ਤਬਦੀਲ ਕੀਤਾ ਜਾਵੇਗਾ। ਇਹ ਪ੍ਰੋਜੈਕਟ ਲਗਪਗ ਉਸੇ ਤਰ੍ਹਾਂ ਦਾ ਹੈ ਜਿਵੇਂ ਕਰੀਬ 15 ਸਾਲ ਪਹਿਲਾਂ ਜਿੰਦਲ ਇਨਫ੍ਰਾਸਟਰੱਕਚਰ ਕੰਪਨੀ ਨੇ ਸ਼ੁਰੂ ਕੀਤਾ ਸੀ ਪਰ ਉਸ ਸਮੇਂ ਵਿਰੋਧ ਕਾਰਨ ਯੋਜਨਾ ਰੱਦ ਹੋ ਗਈ ਸੀ। ਹੁਣ ਪੰਜਾਬ ਸਰਕਾਰ ਨੇ ਇਸ ਨੂੰ ਨਵੇਂ ਰੂਪ ਵਿੱਚ ਤਿਆਰ ਕੀਤਾ ਹੈ। ਪਹਿਲਾਂ ਇਹ ਪ੍ਰੋਜੈਕਟ ਤਿੰਨ ਸਾਲਾਂ ਲਈ 143 ਕਰੋੜ ਰੁਪਏ ਦਾ ਸੀ ਪਰ ਕੋਈ ਵੀ ਕੰਪਨੀ ਇੰਨੀ ਵੱਡੀ ਨਿਵੇਸ਼ੀ ਤਿੰਨ ਸਾਲਾਂ ਲਈ ਕਰਨ ਨੂੰ ਤਿਆਰ ਨਹੀਂ ਸੀ। ਇਸ ਲਈ ਇਸ ਦੀ ਮਿਆਦ ਵਧਾ ਕੇ 8 ਸਾਲ ਕਰ ਦਿੱਤੀ ਗਈ ਹੈ। ਓਐਂਡਐੱਮ ਸ਼ਾਖਾ ਦੇ ਐੱਸਈ ਜਸਪਾਲ ਲਾਖਾ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਸ਼ਹਿਰ ਵਿਚ ਕੂੜਾ ਪ੍ਰਬੰਧਨ ਦੀ ਪੂਰੀ ਪ੍ਰਕਿਰਿਆ ਵਿਗਿਆਨਕ ਢੰਗ ਨਾਲ ਲਾਗੂ ਹੋਵੇਗੀ। ਟੈਂਡਰਾਂ ਦੀ ਪ੍ਰਕਿਰਿਆ ਅੰਤਿਮ ਪੜਾਅ ਵਿਚ ਹੈ। ਜੇ ਦੋਵੇਂ ਟੈਂਡਰ ਇੱਕੋ ਕੰਪਨੀ ਨੂੰ ਮਿਲਦੇ ਹਨ ਤਾਂ ਇੱਕ ਵੱਡਾ ਪਲਾਂਟ ਲਾਇਆ ਜਾਵੇਗਾ ਨਹੀਂ ਤਾਂ ਦੋ ਵੱਖ-ਵੱਖ ਖਾਦ ਪਲਾਂਟ ਬਣਾਏ ਜਾਣਗੇ। ------------------------------- ਰੋਜ਼ਾਨਾ 631 ਮੀਟ੍ਰਿਕ ਟਨ ਕੂੜਾ ਚੁੱਕਣ ਦਾ ਟੀਚਾ, 450 ਛੋਟੇ ਵਾਹਨ ਹੋਣਗੇ ਤਾਇਨਾਤ ਪ੍ਰੋਜੈਕਟ ਅਨੁਸਾਰ ਹਰ ਰੋਜ਼ 631 ਮੀਟ੍ਰਿਕ ਟਨ ਕੂੜਾ ਘਰਾਂ ਤੋਂ ਇਕੱਠਾ ਕੀਤਾ ਜਾਵੇਗਾ। ਇਸ ਲਈ ਲਗਭਗ 450 ਛੋਟੇ ਵਾਹਨ ਡੋਰ-ਟੂ-ਡੋਰ ਕੁਲੈਕਸ਼ਨ ਲਈ ਤਾਇਨਾਤ ਕੀਤੇ ਜਾਣਗੇ। ਹਰ 700 ਘਰਾਂ ਲਈ ਇਕ ਵਾਹਨ ਹੋਵੇਗਾ, ਜਿਸ ’ਚ ਇਕ ਡਰਾਈਵਰ ਤੇ ਦੋ ਸਹਾਇਕ ਮੁਲਾਜ਼ਮ ਹੋਣਗੇ। ਕੰਪਨੀ ਨੂੰ ਕੁੱਲ 1800 ਤੋਂ ਵੱਧ ਮੁਲਾਜ਼ਮ ਤਾਇਨਾਤ ਕਰਨੇ ਪੈਣਗੇ। ------------------------- ਜੀਪੀਐੱਸ ਤੇ ਮੋਬਾਈਲ ਐਪ ਰਾਹੀਂ ਹੋਵੇਗੀ ਨਿਗਰਾਨੀ ਕੰਪਨੀ ਦੇ ਸਾਰੇ ਵਾਹਨਾਂ ਵਿੱਚ ਜੀਪੀਐੱਸ ਸਿਸਟਮ ਲਾਇਆ ਜਾਵੇਗਾ ਅਤੇ ਉਨ੍ਹਾਂ ਦੀ ਰੀਅਲ ਟਾਈਮ ਮਾਨੀਟਰਿੰਗ ਕੀਤੀ ਜਾਵੇਗੀ। ਇਸ ਲਈ ਇੱਕ ਮੋਬਾਈਲ ਐਪ ਵੀ ਤਿਆਰ ਕੀਤੀ ਜਾਵੇਗੀ। ਹਰ ਵਾਹਨ ਦਾ ਰੂਟ ਅਤੇ ਸਮਾਂ ਨਿਰਧਾਰਤ ਹੋਵੇਗਾ। ਜੇ ਕੋਈ ਗੱਡੀ ਆਪਣੇ ਨਿਰਧਾਰਤ ਰੂਟ ਤੋਂ ਹਟਦੀ ਹੈ ਤਾਂ ਤੁਰੰਤ ਅਲਰਟ ਜਾਰੀ ਹੋਵੇਗਾ। ਸਾਰੇ 85 ਵਾਰਡਾਂ ਵਿੱਚ ਸੁਪਰਵਾਈਜ਼ਰ ਤਾਇਨਾਤ ਕੀਤੇ ਜਾਣਗੇ ਜੋ ਸਫਾਈ ਪ੍ਰਬੰਧ ਤੇ ਨਿਗਰਾਨੀ ਰੱਖਣਗੇ। ---------------------- ਐੱਮਆਰਐੱਫ ਸੈਂਟਰਾਂ ’ਚ ਲੱਗਣਗੀਆਂ ਆਧੁਨਿਕ ਮਸ਼ੀਨਾਂ ਘਰਾਂ ’ਚੋਂ ਕੂੜਾ ਇਕੱਠਾ ਕਰਨ ਤੋਂ ਬਾਅਦ ਇਸ ਨੂੰ ਐੱਮਆਰਐੱਫ ਸੈਂਟਰਾਂ ’ਚ ਲਿਆਂਦਾ ਜਾਵੇਗਾ, ਜਿੱਥੇ ਬੈਲਿਸਟਿਕ ਸੇਪਰੇਟਰ, ਬੇਲਿੰਗ ਮਸ਼ੀਨ, ਵਾਈਬ੍ਰੋ ਸਕਰੀਨ, ਡਿਊਲ ਸ਼ਾਫਟ ਸ਼੍ਰੈਡਰ, ਏਅਰ ਟ੍ਰੇਲਰ ਤੇ ਮੈਗਨੈਟਿਕ ਸੇਪਰੇਟਰ ਵਰਗੀਆਂ ਆਧੁਨਿਕ ਮਸ਼ੀਨਾਂ ਰਾਹੀਂ ਕੂੜੇ ਨੂੰ ਵੱਖ-ਵੱਖ ਕੀਤਾ ਜਾਵੇਗਾ। ਗਿੱਲਾ ਕੂੜਾ ਵਰਿਆਣਾ ਡੰਪ ਸਾਈਟ ਤੇ ਭੇਜਿਆ ਜਾਵੇਗਾ, ਜਿੱਥੇ ਇਸ ਤੋਂ ਜੈਵਿਕ ਖਾਦ ਤਿਆਰ ਕੀਤੀ ਜਾਵੇਗੀ, ਜਦਕਿ ਸੁੱਕੇ ਕੂੜੇ ਨੂੰ ਰੀਸਾਈਕਲ ਕਰਕੇ ਵੇਚਿਆ ਜਾਵੇਗਾ। ---------------------- 47 ਕੰਪੈਕਟਰ ਤੇ 50 ਈ-ਰਿਕਸ਼ੇ ਵਧਾਉਣਗੇ ਰਫ਼ਤਾਰ ਐੱਮਆਰਐੱਫ ਸੈਂਟਰਾਂ ਤੋਂ ਕੂੜਾ ਵਰਿਆਣਾ ਡੰਪ ਤੱਕ ਪਹੁੰਚਾਉਣ ਲਈ ਲਗਪਗ 47 ਕੰਪੈਕਟਰ ਵਰਤੇ ਜਾਣਗੇ। ਇਨ੍ਹਾਂ ’ਚ ਕੂੜੇ ਨੂੰ ਦਬਾ ਕੇ ਰੱਖਿਆ ਜਾਂਦਾ ਹੈ, ਜਿਸ ਨਾਲ ਇਕ ਵਾਰ ’ਚ ਵੱਧ ਮਾਤਰਾ ਵਿੱਚ ਕੂੜਾ ਲਿਜਾਇਆ ਜਾ ਸਕਦਾ ਹੈ। ਇਸ ਨਾਲ ਸਮਾਂ ਅਤੇ ਖਰਚ ਦੋਵੇਂ ਦੀ ਬਚਤ ਹੋਵੇਗੀ। ਇਸ ਤੋਂ ਇਲਾਵਾ, ਸ਼ਹਿਰ ਦੀ ਸਫਾਈ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ 50 ਈ-ਰਿਕਸ਼ੇ ਵੀ ਤਾਇਨਾਤ ਕੀਤੇ ਜਾਣਗੇ, ਜੋ ਸਵੇਰੇ ਅਤੇ ਸ਼ਾਮ ਦੋ ਸ਼ਿਫਟਾਂ ’ਚ ਕੰਮ ਕਰਨਗੇ। --------------------- 9 ਏਕੜ ਜ਼ਮੀਨ ਤੇ ਲੱਗੇਗਾ ਖਾਦ ਪਲਾਂਟ ਠੇਕਾ ਲੈਣ ਵਾਲੀ ਕੰਪਨੀ ਵਰਿਆਣਾ ਡੰਪ ਸਾਈਟ ਤੇ ਆਧੁਨਿਕ ਖਾਦ ਪਲਾਂਟ ਸਥਾਪਤ ਕਰੇਗੀ। ਇਸ ਲਈ ਨਗਰ ਨਿਗਮ ਨੇ 9 ਏਕੜ ਨਵੀਂ ਜ਼ਮੀਨ ਖਰੀਦੀ ਹੈ। ਇੱਥੇ ਗਿੱਲੇ ਕੂੜੇ ਨੂੰ ਪ੍ਰੋਸੈਸ ਕਰਕੇ ਜੈਵਿਕ ਖਾਦ ਤਿਆਰ ਕੀਤੀ ਜਾਵੇਗੀ, ਜਿਸ ਦੀ ਵਿਕਰੀ ਤੋਂ ਕੰਪਨੀ ਨੂੰ ਆਮਦਨ ਹੋਵੇਗੀ। ਵਰਿਆਣਾ ਡੰਪ ਦੀ 16 ਏਕੜ ਜ਼ਮੀਨ ਤੇ ਕੂੜੇ ਦੇ ਪਹਾੜਾਂ ਨੂੰ ਖਤਮ ਕਰਨ ਲਈ ਬਾਇਓ-ਮਾਈਨਿੰਗ ਪ੍ਰੋਜੈਕਟ ਚੱਲ ਰਿਹਾ ਹੈ ਅਤੇ ਇਕ ਹੋਰ ਪ੍ਰੋਜੈਕਟ ਜਲਦ ਸ਼ੁਰੂ ਹੋਣ ਵਾਲਾ ਹੈ। ਇਸ ਨਾਲ ਲਗਭਗ 23 ਏਕੜ ਜ਼ਮੀਨ ਕੂੜਾ ਪ੍ਰੋਸੈਸਿੰਗ ਲਈ ਉਪਲੱਬਧ ਹੋ ਜਾਵੇਗੀ। ---------------------- ਯੂਨੀਅਨਾਂ ਦੇ ਵਿਰੋਧ ਦੀ ਸੰਭਾਵਨਾ ਇਸ ਵੱਡੇ ਪ੍ਰੋਜੈਕਟ ਨੂੰ ਲੈ ਕੇ ਸਫਾਈ ਮੁਲਾਜ਼ਮਾਂ ਦੀਆਂ ਯੂਨੀਅਨਾਂ ਵੱਲੋਂ ਵਿਰੋਧ ਦੀ ਸੰਭਾਵਨਾ ਹੈ। ਯੂਨੀਅਨਾਂ ਪਹਿਲਾਂ ਵੀ ਇਸ ਪ੍ਰੋਜੈਕਟ ਦਾ ਵਿਰੋਧ ਕਰ ਚੁੱਕੀਆਂ ਹਨ ਅਤੇ ਠੇਕਾ ਪ੍ਰਥਾ ਖਿਲਾਫ ਹਨ। ਉਨ੍ਹਾਂ ਦੀ ਮੰਗ ਹੈ ਕਿ ਨਗਰ ਨਿਗਮ ਖੁਦ ਇਹ ਕੰਮ ਕਰੇ ਤੇ ਨਵੀਆਂ ਭਰਤੀਆਂ ਕੀਤੀਆਂ ਜਾਣ। ਯੂਨੀਅਨਾਂ ਦਾ ਕਹਿਣਾ ਹੈ ਕਿ ਠੇਕੇਦਾਰੀ ਪ੍ਰਣਾਲੀ ਨਾਲ ਮੁਲਾਜ਼ਮਾਂ ਦੀਆਂ ਨੌਕਰੀਆਂ ਪ੍ਰਭਾਵਿਤ ਹੋ ਸਕਦੀਆਂ ਹਨ। ----------------------- ਸਾਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਨਾਲ ਸੁਧਰੇਗੀ ਸਵੱਛਤਾ ਰੈਂਕਿੰਗ 607 ਕਰੋੜ ਰੁਪਏ ਦੇ ਇਸ ਸਾਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਨਾਲ ਸ਼ਹਿਰ ਦੀ ਸਫਾਈ ਪ੍ਰਣਾਲੀ ’ਚ ਵੱਡਾ ਸੁਧਾਰ ਆਉਣ ਦੀ ਉਮੀਦ ਹੈ। ਘਰ-ਘਰ ’ਚੋਂ ਵਿਗਿਆਨਕ ਢੰਗ ਨਾਲ ਕੂੜਾ ਇਕੱਠਾ ਹੋਵੇਗਾ ਤੇ ਉਸ ਦਾ ਸਹੀ ਨਿਪਟਾਰਾ ਕੀਤਾ ਜਾਵੇਗਾ। ਸਵੱਛਤਾ ਸਰਵੇਖਣ ਵਿੱਚ ਜਲੰਧਰ ਦੀ ਕਮਜ਼ੋਰ ਰੈਂਕਿੰਗ ਦਾ ਇੱਕ ਵੱਡਾ ਕਾਰਨ ਕੂੜਾ ਪ੍ਰਬੰਧਨ ਰਿਹਾ ਹੈ। ਨਵੇਂ ਪ੍ਰੋਜੈਕਟ ਦੇ ਲਾਗੂ ਹੋਣ ਨਾਲ ਸ਼ਹਿਰ ਦੀ ਰੈਂਕਿੰਗ ਵਿੱਚ ਵੀ ਮਹੱਤਵਪੂਰਨ ਸੁਧਾਰ ਆ ਸਕਦਾ ਹੈ।