ਦੋਸਤ ਦਾ ਕਤਲ ਕਰ ਕੇ ਲਾਸ਼ ਕੂੜੇ ਦੇ ਢੇਰ ’ਚ ਦੱਬੀ
ਦੋਸਤ ਨੇ ਹੀ ਕਰ ਦਿੱਤਾ ਦੋਸਤ ਦਾ ਕਤਲ
Publish Date: Fri, 26 Jun 2026 08:40 PM (IST)
Updated Date: Fri, 26 Jun 2026 08:43 PM (IST)

-ਬੁਲਡੋਜ਼ਰ ਨਾਲ ਡੰਪ ਦੀ ਖੁਦਾਈ ਕਰਕੇ ਲਾਸ਼ ਕੀਤੀ ਬਰਾਮਦ, ਮੁਲਜ਼ਮ ਗ੍ਰਿਫਤਾਰ ਮੋਬਾਈਲ ਤੇ ਮੋਟਰਸਾਈਕਲ ਨਹਿਰ ’ਚ ਸੁੱਟ ਕੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ’ਚ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ ਜਿਸ ਨੇ ਦੋਸਤੀ ਦੇ ਰਿਸ਼ਤੇ ਨੂੰ ਹੀ ਸ਼ਰਮਸਾਰ ਕਰ ਦਿੱਤਾ ਹੈ, ਜਿੱਥੇ ਇੱਕ ਨੌਜਵਾਨ ਨੇ ਆਪਣੇ ਦੋਸਤ ਦਾ ਕਤਲ ਕਰਕੇ ਲਾਸ਼ ਨੂੰ ਕੂੜੇ ਦੇ ਢੇਰ ’ਚ ਦੱਬ ਦਿੱਤਾ। ਅਪਰਾਧ ਨੂੰ ਛੁਪਾਉਣ ਲਈ ਮੁਲਜ਼ਮ ਨੇ ਮ੍ਰਿਤਕ ਦਾ ਮੋਬਾਈਲ ਫੋਨ ਅਤੇ ਮੋਟਰਸਾਈਕਲ ਨਹਿਰ ਵਿੱਚ ਸੁੱਟ ਦਿੱਤਾ ਪਰ ਪੁਲਿਸ ਦੀ ਚੌਕਸੀ ਤੇ ਸੀਸੀਟੀਵੀ ਜਾਂਚ ਨੇ ਪੂਰੇ ਮਾਮਲੇ ਦਾ ਪਰਦਾਫਾਸ਼ ਕਰ ਦਿੱਤਾ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਨੋਨੀ ਵਾਸੀ ਮੁਹੱਲਾ ਨੰਬਰ 15 ਜਲੰਧਰ ਕੈਂਟ ਵਜੋਂ ਹੋਈ ਹੈ। ਉਹ ਪਾਰਟ ਟਾਈਮ ਡੀਜੇ ਵਜੋਂ ਕੰਮ ਕਰਦਾ ਸੀ। ਉਹ ਆਪਣੇ ਪਰਿਵਾਰ ਦਾ ਇਕਲੌਤਾ ਸਹਾਰਾ ਸੀ। ਜਾਣਕਾਰੀ ਅਨੁਸਾਰ ਗੁਰਪ੍ਰੀਤ 22 ਜੂਨ ਨੂੰ ਘਰੋਂ ਗਿਆ ਪਰ ਵਾਪਸ ਨਹੀਂ ਆਇਆ। ਉਸ ਦੇ ਪਰਿਵਾਰ ਨੇ ਪਹਿਲਾਂ ਤਾਂ ਖੁਦ ਉਸ ਦੀ ਭਾਲ ਕੀਤੀ ਪਰ ਕੋਈ ਸੁਰਾਗ ਨਾ ਮਿਲਣ ਤੇ ਉਨ੍ਹਾਂ ਨੇ 23 ਜੂਨ ਨੂੰ ਪੁਲਿਸ ਥਾਣੇ ’ਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਪੁਲਿਸ ਨੇ ਆਸ-ਪਾਸ ਦੇ ਕਈ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ। ਇਸ ਦੌਰਾਨ ਗੁਰਪ੍ਰੀਤ ਨੂੰ ਕੂੜੇ ਦੇ ਡੰਪ ਵਿੱਚ ਦਾਖਲ ਹੁੰਦੇ ਦੇਖਿਆ ਗਿਆ ਪਰ ਉਹ ਬਾਹਰ ਨਿਕਲਦਾ ਨਹੀਂ ਦੇਖਿਆ ਗਿਆ। ਇਹ ਫੁਟੇਜ ਪੁਲਿਸ ਲਈ ਇੱਕ ਮਹੱਤਵਪੂਰਨ ਸੁਰਾਗ ਸਾਬਤ ਹੋਈ। ਪੁਲਿਸ ਨੇ ਡੰਪ ਤੇ ਕੰਮ ਕਰਨ ਵਾਲੇ ਗੁਰਪ੍ਰੀਤ ਦੇ ਦੋਸਤ ਰਵੀ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ। ਸ਼ੁਰੂ ਵਿੱਚ ਉਸ ਨੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਸਖ਼ਤ ਪੁੱਛਗਿੱਛ ਤੋਂ ਬਾਅਦ ਉਸ ਨੇ ਕਤਲ ਦਾ ਇਕਬਾਲ ਕਰ ਲਿਆ। ਰਵੀ ਨੇ ਖੁਲਾਸਾ ਕੀਤਾ ਕਿ ਘਟਨਾ ਵਾਲੀ ਰਾਤ ਦੋਵੇਂ ਇਕੱਠੇ ਸ਼ਰਾਬ ਪੀ ਰਹੇ ਸਨ। ਇਸ ਦੌਰਾਨ ਕਿਸੇ ਮੁੱਦੇ ਤੇ ਉਨ੍ਹਾਂ ਵਿਚਾਲੇ ਬਹਿਸ ਹੋ ਗਈ, ਜੋ ਜਲਦੀ ਹੀ ਹਿੰਸਕ ਝਗੜੇ ’ਚ ਬਦਲ ਗਈ। ਗੁੱਸੇ ਵਿੱਚ ਆ ਕੇ ਰਵੀ ਨੇ ਗੁਰਪ੍ਰੀਤ ਦੀ ਹੱਤਿਆ ਕਰ ਦਿੱਤੀ। ਕਤਲ ਤੋਂ ਬਾਅਦ ਮੁਲਜ਼ਮ ਨੇ ਲਾਸ਼ ਨੂੰ ਕੂੜੇ ਦੇ ਢੇਰ ਵਿੱਚ ਦੱਬ ਦਿੱਤਾ। ਪੁਲਿਸ ਨੂੰ ਗੁੰਮਰਾਹ ਕਰਨ ਲਈ ਉਸਨੇ ਮ੍ਰਿਤਕ ਦਾ ਮੋਬਾਈਲ ਫੋਨ ਅਤੇ ਮੋਟਰਸਾਈਕਲ ਨਹਿਰ ਵਿੱਚ ਸੁੱਟ ਦਿੱਤਾ, ਇਸ ਇਰਾਦੇ ਨਾਲ ਕਿ ਘਟਨਾ ਨੂੰ ਇਕ ਹਾਦਸੇ ਜਾਂ ਕਿਸੇ ਲਾਪਤਾ ਵਿਅਕਤੀ ਦੇ ਮਾਮਲੇ ਵਾਂਗ ਦਿਖਾਇਆ ਜਾ ਸਕੇ। ਸੀਸੀਟੀਵੀ ਵਿਸ਼ਲੇਸ਼ਣ ਤੇ ਮੁਲਜ਼ਮ ਵਲੋਂ ਦਿੱਤੀ ਗਈ ਜਾਣਕਾਰੀ ਤੋਂ ਬਾਅਦ ਪੁਲਿਸ ਡੰਪ ਦੀ ਖੁਦਾਈ ਕਰਨ ਲਈ ਇਕ ਬੁਲਡੋਜ਼ਰ ਲੈ ਕੇ ਆਈ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਲਾਸ਼ ਨੂੰ ਬਰਾਮਦ ਕੀਤਾ ਗਿਆ ਤੇ ਪੋਸਟਮਾਰਟਮ ਜਾਂਚ ਲਈ ਭੇਜਿਆ ਗਿਆ। ਮ੍ਰਿਤਕ ਦੇ ਰਿਸ਼ਤੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਤੇ ਰਵੀ ਦੋਸਤ ਸਨ। ਗੁਰਪ੍ਰੀਤ ਵਾਲ ਕਟਵਾਉਣ ਲਈ ਘਰੋਂ ਨਿਕਲਿਆ ਸੀ ਪਰ ਕਦੇ ਵਾਪਸ ਨਹੀਂ ਆਇਆ। ਉਸ ਨੇ ਸ਼ੱਕ ਪ੍ਰਗਟ ਕੀਤਾ ਕਿ ਰਵੀ ਇਕੱਲਾ ਕੰਮ ਨਹੀਂ ਕਰ ਸਕਦਾ ਸੀ ਤੇ ਹੋਰ ਵੀ ਕਤਲ ਵਿੱਚ ਸ਼ਾਮਲ ਹੋ ਸਕਦੇ ਹਨ। ਪੁਲਿਸ ਅਨੁਸਾਰ ਮੁਲਜ਼ਮ ਰਵੀ, ਪਿਛਲੇ 7-8 ਸਾਲਾਂ ਤੋਂ ਛਾਉਣੀ ਖੇਤਰ ਦੇ ਡੰਪ ਤੇ ਇਕ ਠੇਕੇਦਾਰ ਲਈ ਜੇਸੀਬੀ ਆਪਰੇਟਰ ਵਜੋਂ ਕੰਮ ਕਰ ਰਿਹਾ ਸੀ। ਮੂਲ ਰੂਪ ’ਚ ਲੁਧਿਆਣਾ ਦਾ ਰਹਿਣ ਵਾਲਾ ਹੈ ਤੇ ਇਸ ਵੇਲੇ ਜਲੰਧਰ ਛਾਉਣੀ ’ਚ ਰਹਿ ਰਿਹਾ ਸੀ। ਪੁਲਿਸ ਨੇ ਮੁੱਖ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਪੁੱਛਗਿੱਛ ਜਾਰੀ ਹੈ। ਉਹ ਇਹ ਵੀ ਜਾਂਚ ਕਰ ਰਹੇ ਹਨ ਕਿ ਕੀ ਕਤਲ ’ਚ ਕੋਈ ਹੋਰ ਵਿਅਕਤੀ ਸ਼ਾਮਲ ਸੀ।