- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਚੌਹਾਨ ਕਾਲੋਨੀ ’ਚ ਸੋਨੂੰ

-ਚੌਹਾਨ ਕਾਲੋਨੀ ’ਚ ਸੋਨੂੰ ਹੱਤਿਆਕਾਂਡ ’ਚ ਮੁੱਖ ਮੁਲਜ਼ਮ ਬਿੱਟਾ ਤੇ ਉਸ ਦੀ ਪਤਨੀ ਗ੍ਰਿਫਤਾਰ, ਪੁਰਾਣੇ ਵਿਵਾਦ ਦੇ ਆਧਾਰ 'ਤੇ ਹੱਤਿਆ ਦੀ ਸੰਭਾਵਨਾ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ ਜਲੰਧਰ : ਥਾਣਾ ਨੰਬਰ 5 ਦੇ ਅਧੀਨ ਆਉਂਦੀ ਚੌਹਾਨ ਕਾਲੋਨੀ ’ਚ 28 ਸਾਲਾ ਯੁਵਕ ਸੋਨੂੰ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ ਹੈ। ਇਸ ਮਾਮਲੇ ’ਚ ਪੁਲਿਸ ਦੀ ਜਾਂਚ ਦੌਰਾਨ ਇਕ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਹੈ, ਜਿਸ ’ਚ ਪਤੀ-ਪਤਨੀ ਨੌਜਵਾਨ ਦੀ ਲਾਸ਼ ਰੱਖ ਕੇ ਕਿਤੇ ਲਿਜਾ ਰਹੇ ਹਨ। ਪੁਲਿਸ ਨੇ ਇਸ ਫੁਟੇਜ ਦੇ ਆਧਾਰ 'ਤੇ ਮ੍ਰਿਤਕ ਦੇ ਦੋਸਤ ਮਨਦੀਪ ਸਿੰਘ ਉਰਫ਼ ਬਿੱਟਾ ਤੇ ਉਸ ਦੀ ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਂਚ ’ਚ ਪਤਾ ਲੱਗਾ ਹੈ ਕਿ ਮੁਲਜ਼ਮ ਜੋੜੇ ਨੇ ਸੋਨੂੰ ਦੀ ਲਾਸ਼ ਨੂੰ ਰੇਹੜੀ 'ਤੇ ਲੱਦ ਕੇ ਗਲੀ ’ਚ ਸੁੱਟਿਆ ਸੀ। ਹਾਲਾਂਕਿ, ਹੱਤਿਆ ਪਿੱਛੇ ਦੀ ਅਸਲੀ ਵਜ੍ਹਾ ਦਾ ਪਤਾ ਲਾਇਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ, ਮ੍ਰਿਤਕ ਸੋਨੂੰ ਪੇਸ਼ੇ ਤੋਂ ਦਰਜੀ ਸੀ। ਸੋਮਵਾਰ ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਕੰਮ 'ਤੇ ਗਿਆ ਸੀ ਪਰ ਰਾਤ ਦੇ ਦੇਰ ਤੱਕ ਘਰ ਨਹੀਂ ਵਾਪਸ ਆਇਆ। ਪਰਿਵਾਰ ਨੇ ਕਾਫੀ ਭਾਲ ਕੀਤੀ ਪਰ ਕੋਈ ਸੁਰਾਗ ਨਹੀਂ ਮਿਲਿਆ। ਮੰਗਲਵਾਰ ਸਵੇਰੇ ਚੌਹਾਨ ਕਾਲੋਨੀ ਦੀ ਗਲੀ ਨੰਬਰ 5 ਵਿਚ ਉਸ ਦੀ ਲਾਸ਼ ਮਿਲਣ ਦੀ ਜਾਣਕਾਰੀ ਮਿਲੀ, ਜਿਸ 'ਤੇ ਪੁਲਿਸ ਮੌਕੇ 'ਤੇ ਪੁੱਜੀ ਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਭੇਜ ਦਿੱਤਾ। ਮ੍ਰਿਤਕ ਦੀ ਮਾਂ ਨੇ ਸ਼ੁਰੂ ਤੋਂ ਹੀ ਪੁੱਤਰ ਦੀ ਹੱਤਿਆ ਦੀ ਸੰਭਾਵਨਾ ਪ੍ਰਗਟਾਈ ਤੇ ਤੇਜ਼ਮੋਹਨ ਨਗਰ ਦੇ ਮਨਦੀਪ ਸਿੰਘ ਉਰਫ਼ ਬਿੱਟਾ 'ਤੇ ਦੋਸ਼ ਲਾਏ। ਉਨ੍ਹਾਂ ਨੇ ਦੱਸਿਆ ਕਿ ਬਿੱਟਾ ਤੇ ਸੋਨੂੰ ਵਿਚਾਲੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਇਸੇ ਰੰਜਿਸ ਕਾਰਨ ਪੁੱਤਰ ਦੀ ਹੱਤਿਆ ਕੀਤੀ ਗਈ।
ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ। ਜਾਂਚ ਦੌਰਾਨ ਸਾਹਮਣੇ ਆਏ ਫੁਟੇਜ ਵਿਚ ਮਨਦੀਪ ਸਿੰਘ ਉਰਫ਼ ਬਿੱਟਾ ਆਪਣੀ ਪਤਨੀ ਦੇ ਨਾਲ ਇਕ ਰੇਹੜੀ 'ਤੇ ਲਾਸ਼ ਲੈ ਜਾਂਦੇ ਹੋਏ ਦਿਖਾਈ ਦਿੱਤਾ। ਦੋਵੇਂ ਗਲੀ ਨੰਬਰ 5 ’ਚ ਲਾਸ਼ ਸੁੱਟਣ ਮਗਰੋਂ ਮੌਕੇ ਤੋਂ ਫ਼ਰਾਰ ਹੋਏ ਵੀ ਦੇਖਿਆ ਗਿਆ। ਇਸ ਮਹੱਤਵਪੂਰਨ ਸੁਰਾਗ ਦੇ ਆਧਾਰ 'ਤੇ ਪੁਲਿਸ ਨੇ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਮਾਮਲੇ ਵਿਚ ਇਕ ਹੋਰ ਵਿਅਕਤੀ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਏਸੀਪੀ ਵੈਸਟ ਆਤਿਸ਼ ਭਾਟੀਆ ਨੇ ਦੱਸਿਆ ਕਿ ਸਵੇਰੇ ਕਰੀਬ ਛੇ ਵਜੇ ਲਾਸ਼ ਮਿਲਣ ਦੀ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਸੀ। ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਮੁਲਜ਼ਮ ਤੇ ਉਸ ਦੀ ਪਤਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੋਸਟਮਾਰਟਮ ਰਿਪੋਰਟ ਅਤੇ ਫੋਰੈਂਸਿਕ ਜਾਂਚ ਦੇ ਬਾਅਦ ਹੀ ਮੌਤ ਦੇ ਅਸਲੀ ਕਾਰਨਾਂ ਤੇ ਪੂਰੇ ਘਟਨਾਕ੍ਰਮ ਦਾ ਪਤਾ ਲੱਗ ਸਕੇਗਾ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।