ਕੈਨੇਡਾ ਦੇ ਜਾਅਲੀ ਵੀਜ਼ੇ ਲਗਵਾ ਕੇ ਲੱਖਾਂ ਰੁਪਏ ਠੱਗਣ ਵਾਲਾ ਟਰੈਵਲ ਏਜੰਟ ਗ੍ਰਿਫ਼ਤਾਰ
ਕੈਨੇਡਾ ਦੇ ਜਾਅਲੀ ਵੀਜ਼ੇ ਲਗਵਾ ਲੱਖਾਂ ਦੀ ਠੱਗੀ ਮਾਰਨ ਵਾਲਾ ਟਰੈਵਲ ਏਜੰਟ ਗ੍ਰਿਫਤਾਰ
Publish Date: Fri, 02 Aug 2024 07:43 PM (IST)
Updated Date: Fri, 02 Aug 2024 07:45 PM (IST)
ਕੈਨੇਡਾ ਦੇ ਜਾਅਲੀ ਵੀਜ਼ੇ ਲਗਵਾ ਕੇ ਲੱਖਾਂ ਰੁਪਏ ਠੱਗਣ ਵਾਲਾ ਟਰੈਵਲ ਏਜੰਟ ਗ੍ਰਿਫ਼ਤਾਰ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਸ਼ਾਹਕੋਟ : ਕੈਨੇਡਾ ਦੇ ਜਾਅਲੀ ਵੀਜ਼ੇ ਦਿਖਾ ਕੇ ਇਕ ਪਰਿਵਾਰ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਟਰੈਵਲ ਏਜੰਟ ਨੂੰ ਸ਼ਾਹਕੋਟ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸਐੱਚਓ ਅਮਨ ਸੈਣੀ ਨੇ ਦੱਸਿਆ ਕਿ 25 ਅਪ੍ਰੈਲ ਨੂੰ ਪਰਮਜੀਤ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਪਿੰਡ ਨਾਰੰਗਪੁਰ ਹੰਸੀ (ਸ਼ਾਹਕੋਟ) ਦੇ ਬਿਆਨਾਂ ’ਤੇ ਪੁਲਿਸ ਨੇ ਟਰੈਵਲ ਏਜੰਟ ਖਿਲਾਫ ਧਾਰਾ-406, 420 ਆਈਪੀਸੀ, 13 ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੁਲੇਸ਼ਨ ਐਕਟ 2014 ਦੇ ਤਹਿਤ ਥਾਣਾ ਸ਼ਾਹਕੋਟ ਵਿਖੇ ਮਾਮਲਾ ਦਰਜ ਕੀਤਾ ਸੀ। 29 ਜੁਲਾਈ ਨੂੰ ਮੁਕੱਦਮੇ ਵਿਚ ਨਾਮਜ਼ਦ ਏਜੰਟ ਸੁਰਿੰਦਰ ਕੁਮਾਰ ਵਾਸੀ ਵਾਰਡ ਨੰ 4, ਮੁਹੱਲਾ ਆਦਰਸ਼ ਨਗਰ ਹਾਲ ਵਾਸੀ ਇੰਪਲਾਈਜ ਕਾਲੋਨੀ ਸ਼ਾਹਕੋਟ ਨੂੰ ਗ੍ਰਿਫਤਾਰ ਕੀਤਾ ਹੈ। ਐੱਫਆਈਆਰ ’ਚ ਦਰਜ ਕਰਵਾਏ ਬਿਆਨਾਂ ’ਚ ਠੱਗੀ ਦਾ ਸ਼ਿਕਾਰ ਹੋਏ ਪਰਮਜੀਤ ਸਿੰਘ ਨੇ ਦੱਸਿਆ ਕਿ ਏਜੰਟ ਸੁਰਿੰਦਰ ਕੁਮਾਰ ਨੇ ਉਸ ਨੂੰ ਪਰਿਵਾਰ ਸਮੇਤ ਟੂਰਿਸਟ ਵੀਜ਼ੇ ’ਤੇ ਕੈਨੇਡਾ ਭੇਜਣ ਲਈ 22 ਲੱਖ ਰੁਪਏ ’ਚ ਗੱਲ ਤੈਅ ਕੀਤੀ ਸੀ। ਉਸ ਨੇ ਆਪਣਾ, ਪਤਨੀ ਤੇ ਦੋ ਬੱਚਿਆਂ ਦਾ ਪਾਸਪੋਰਟ ਏਜੰਟ ਨੂੰ ਉਸ ਦੇ ਘਰ ਜਾ ਕੇ ਦਿੱਤਾ ਤੇ ਇਕ ਲੱਖ ਰੁਪਏ ਐਡਵਾਂਸ ਦਿੱਤੇ। ਕੁਝ ਸਮੇਂ ਬਾਅਦ ਏਜੰਟ ਨੇ ਉਨ੍ਹਾਂ ਨੂੰ ਕੈਨੇਡਾ ਦਾ ਵੀਜ਼ਾ ਦਿਖਾ ਕੇ ਸਮੇਂ-ਸਮੇਂ ’ਤੇ 23 ਲੱਖ 70 ਹਜ਼ਾਰ ਰੁਪਏ ਲੈ ਲਏ। ਵੀਜ਼ਾ ਚੈੱਕ ਕਰਵਾਉਣ ’ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਸਾਰੇ ਵੀਜ਼ੇ ਜਾਅਲੀ ਹਨ ਅਤੇ ਏਜੰਟ ਨੇ ਉਨ੍ਹਾਂ ਨਾਲ ਠੱਗੀ ਮਾਰੀ ਹੈ। ਗੱਲ ਦਾ ਰੌਲਾ ਪੈਣ ’ਤੇ ਏਜੰਟ ਨੇ ਉਨ੍ਹਾਂ ਨੂੰ ਰਕਮ ਵਾਪਸ ਕਰਨ ਦਾ ਭਰੋਸਾ ਦੇ ਕੇ ਕੁੱਝ ਚੈੱਕ ਦੇ ਦਿੱਤੇ ਪਰ ਬਾਅਦ ’ਚ ਖਾਤਾ ਖਾਲੀ ਹੋਣ ਕਰ ਕੇ ਉਹ ਚੈੱਕ ਵੀ ਬਾਊਂਸ ਹੋ ਗਏ। ਪਰਮਜੀਤ ਸਿੰਘ ਦੇ ਬਿਆਨ ਅਨੁਸਾਰ ਇਸ ਸਾਰੀ ਠੱਗੀ ’ਚ ਟਰੈਵਲ ਏਜੰਟ ਦੀ ਪਤਨੀ ਅਲਕਾ ਖੁਰਾਨਾ ਤੇ ਪੁੱਤਰ ਇਸ਼ਾਨ ਖੁਰਾਨਾ ਵੀ ਸ਼ਾਮਲ ਹਨ। ਪੁਲਿਸ ਨੇ ਜਾਅਲੀ ਟਰੈਵਲ ਏਜੰਟ ਸੁਰਿੰਦਰ ਕੁਮਾਰ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਹੈ ਤਾਂ ਜੋ ਇਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ।