- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਨਿਗਮ ਨੇ ਬਰਸਾਤ ਦੇ ਮੋਸਮ ਨਾਲ ਨਿਜੱਠਨ ਲਈ ਕਾਇਮ ਕੀਤਾ ਫਲੱਡ ਕੰਟਰੁੋਲ ਰੂਮ

ਅਧਿਕਾਰੀਆਂ ਨੂੰ ਸਾਰੀ ਮਸ਼ੀਨਰੀ ਤਿਆਰ ਰੱਖਣ ਦੀ ਹਦਾਇਤ
ਸੀਨੀਅਰ ਡਿਪਟੀ ਮੇਅਰ ਬਿੱਟੂ ਨੇ ਕੀਤੀ ਅਧਿਕਾਰੀਆਂ ਨਾਲ ਮੀਟਿੰਗ
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ
ਨਗਰ ਨਿਗਮ ਨੇ ਬਰਸਾਤ ਨਾਲ ਪੈਦਾ ਹੋਣ ਵਾਲੀ ਸਥਿਤੀ ਨੂੰ ਦੇਖਦੇ ਹੋਏ ਨਿਗਮ ਦੀ ਬੇਸਮੈਂਟ ’ਚ ਫਲੱਡ ਕੰਟਰੋਲ ਰੂਮ ਕਾਇਮ ਕੀਤਾ ਹੈ ਜਿਹੜਾ ਕਿ 24 ਘੰਟੇ 3 ਸ਼ਿਫਟਾਂ ’ਚ ਕੰਮ ਕਰੇਗਾ। ਇਸ ਸਬੰਧੀ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਮੰਗਲਵਾਰ ਨੂੰ ਵਾਟਰ ਸਪਲਾਈ ਤੇ ਸੀਵਰੇਜ (ਓਐਂਡਐੱਮ) ਦੇ ਅਧਿਕਾਰੀਆਂ ਦੀ ਹੰਗਾਮੀ ਮੀਟਿੰਗ ਬੁਲਾਈ, ਜਿਸ ’ਚ ਡਿਪਟੀ ਮੇਅਰ ਮਲਕੀਤ ਸਿੰਘ ਸਭਾਨਾ, ਸੰਯੁਕਤ ਕਮਿਸ਼ਨਰ ਡਾ: ਮਨਦੀਪ ਕੌਰ, ਐੱਸਈ ਜਸਪਾਲ ਸਿੰਘ ਤੇ ਸਤਿੰਦਰ ਮਹਾਜਨ, ਐਕਸੀਅਨ ਰਾਮਪਾਲ ਸਮੇਤ ਹੋਰ ਕਈ ਸੀਨੀਅਰ ਅਧਿਕਾਰੀ ਸ਼ਾਮਿਲ ਹੋਏ। ਇਹ ਮੀਟਿੰਗ ਮੇਅਰ ਵਨੀਤ ਧੀਰ ਦੀ ਹਦਾਇਤ ਤੇ ਸੀਨੀਅਰ ਡਿਪਟੀ ਮੇਅਰ ਨੇ ਬੁਲਾਈ ਸੀ ਤਾਂ ਜੋ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਫਲੱਡ ਕੰਟਰੋਲ ਰੂਮ ਕਾਇਮ ਕਰਨ ਦੇ ਨਾਲ ਨਾਲ ਸਾਰੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਜਾ ਸਕੇ।
ਇਸ ਦੌਰਾਨ ਸੀਨੀਅਰ ਡਿਪਟੀ ਮੇਅਰ ਬਿੱਟੂ ਨੇ ਮੀਟਿੰਗ ਮਗਰੋਂ ਦੱਸਿਆ ਕਿ ਕੰਟਰੋਲ ਰੂਮ ’ਚ ਜਿਵੇਂ ਹੀ ਕੋਈ ਸ਼ਿਕਾਇਤ ਬਰਸਾਤੀ ਪਾਣੀ ਬਾਰੇ ਆਏਗੀ ਤਾਂ ਉਹ ਸਬੰਧਤ ਜ਼ੋਨ ਦੇ ਅਧਿਕਾਰੀਆਂ ਨੂੰ ਜਾਣੂ ਕਰਾਉਣਗੇ ਤਾਂ ਜੋ ਸ਼ਿਕਾਇਤ ਦਾ ਛੇਤੀ ਨਿਪਟਾਰਾ ਕੀਤਾ ਜਾ ਸਕੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਸੀਵਰੇਜ ਟ੍ਰੀਟਮੈਂਟ ਪਲਾਟਾਂ ਦੀਆਂ ਮੋਟਰਾਂ ਬਕਾਇਦਾ ਚਾਲੂ ਰੱਖਣ ਅਤੇ ਉਥੇ ਮੋਟਰਾਂ ਸਟੈਂਡਬਾਈ ਵੀ ਰੱਖਣ ਤਾਂ ਜੋ ਕੋਈ ਮੋਟਰ ਖਰਾਬ ਹੁੰਦੀ ਹੈ ਤਾਂ ਉਸ ਨੂੰ ਤੁਰੰਤ ਬਦਲਿਆ ਜਾ ਸਕੇ। ਜੇ ਕਿਸੇ ਸਮੇਂ ਬਿਜਲੀ ਦੀ ਸਪਲਾਈ ਫੇਲ੍ਹ ਹੁੰਦੀ ਹੈ ਤਾਂ ਐੱਸਟੀਪੀ ਚਾਲੂ ਰੱਖਣ ਲਈ ਜਿਥੇ ਜਨਰੇਟਰ ਸੈਟ ਨਹੀਂ ਹਨ, ਉਥੇ ਜਨਰੇਟਰ ਸੈਟਾਂ ਦਾ ਪ੍ਰਬੰਧ ਕੀਤਾ ਜਾਏ। ਇਸ ਤੋਂ ਇਲਾਵਾ ਜਨਰੇਟਰ ਸੈਂਟਾਂ ਦੇ ਚਾਲੂ ਰੱਖਣ ਲਈ ਡੀਜ਼ਲ ਦੀ ਕਮੀ ਨਾ ਆਏ, ਉਥੇ ਵਧੇਰੇ ਡੀਜ਼ਲ ਦੀਆਂ ਕੇਨੀਆਂ ਰੱਖਣ ਦਾ ਪ੍ਰਬੰਧ ਕੀਤਾ ਜਾਏ। ਇਸ ਤੋਂ ਇਲਾਵਾ ਪੰਪਿੰਗ ਸਟੇਸ਼ਨਾਂ ਤੇ ਵੀ ਜਨਰੇਟਾਂ ਦਾ ਪ੍ਰਬੰਧ ਕੀਤਾ ਜਾਏ। ਮੀਟਿੰਗ ’ਚ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ ਅੱਜ ਜਾਰੀ ਕੀਤਾ ਜਾਏਗਾ।
---
ਮੈਨਹੋਲਾਂ ਦੇ ਢੱਕਣ ਦਾ ਪ੍ਰਬੰਧ ਕਰਨ ਦੇ ਹੁਕਮ
ਇਸ ਦੌਰਾਨ ਮੀਟਿੰਗਿ ਦੌਰਾਨ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਬਰਸਾਤ ਤੋਂ ਪਹਿਲਾਂ ਸਾਰੇ ਜ਼ੋਨਲ ਦਫਤਰਾਂ ’ਚ ਮੇਨ ਹੋਲਾਂ ਦੇ ਢੱਕਣਾਂ ਦਾ ਪ੍ਰਬੰਧ ਕਰਨ ਤਾਂ ਜੋ ਕੋਈ ਮੈਨਹੋਲ ਖੁੱਲਾ ਹੋਵੇ ਤਾਂ ਉਥੇ ਢੱਕਣ ਲਾਇਆ ਜਾ ਸਕੇ ਕਿਉਂਕਿ ਬਰਸਾਤ ਦੌਰਾਨ ਪਾਣੀ ਭਰਨ ਨਾਲ ਬਿਨਾ ਢੱਕਣ ਦੇ ਮੈਨਹੋਲ ਕਾਰਨ ਕੋਈ ਵੀ ਹਾਦਸਾ ਕਿਸੇ ਨੂੰ ਪੇਸ਼ ਆ ਸਕਦਾ ਹੈ। ਜਿਸ ਤੋਂ ਬਚਣ ਲਈ ਮੈਨਹੋਲ ਦੇ ਢੱਕਣ ਰਿਜ਼ਰਵ ਰੱਖੇ ਜਾਣ।
---
ਸਾਰੇ ਟਿਊਬਵੈੱਲਾਂ ’ਤੇ ਕਲੋਰੀਨ ਦੀਆਂ ਗੋਲੀਆਂ ਦੇ ਪ੍ਰਬੰਧ
ਮੀਟਿੰਗ ਦੌਰਾਨ ਇਹ ਵੀ ਹਦਾਇਤ ਕੀਤੀ ਗਈ ਕਿ ਬਰਸਾਤੀ ਮੌਸਮ ਦੌਰਾਨ ਕਈ ਵਾਰ ਪੀਣ ਵਾਲੇ ਪਾਣੀ ’ਚ ਬਰਸਾਤੀ ਪਾਣੀ ਦੀ ਮਿਲਾਵਟ ਹੋ ਜਾਂਦੀ ਹੈ, ਜਿਸ ਨੂੰ ਰੋਕਣ ਲਈ ਸਾਰੇ ਟਿਊਬਵੈੱਲਾਂ ’ਤੇ ਕਲੋਰੀਨ ਦੀ ਪਾਣੀ ’ਚ ਮਿਲਾਵਟ ਦਾ ਪ੍ਰਬੰਧ ਕੀਤਾ ਜਾ ਸਕੇ ਤਾਂ ਜੋ ਲੋਕ ਮਿਲਾਵਟੀ ਪਾਣੀ ਪੀਣ ਨਾਲ ਬਿਮਾਰੀ ਦਾ ਸ਼ਿਕਾਰ ਨਾ ਹੋ ਸਕਣ।