- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਹਿਲਾਂ ਸਾਫ਼ ਸੜਕ ਬਣਾਉਣ ਲਈ ਤੋੜੀ, ਹੁਣ ਬਣਾਈ ਨਹੀਂ ਜਾ ਰਹੀ

-ਮੁੱਖ ਲਾਂਘਾ ਹੋਣ ਕਰਕੇ ਇਲਾਕੇ ਦੇ ਲੋਕ ਹੋਏ ਪਰੇਸ਼ਾਨ
ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਸਥਾਨਕ ਵਾਰਡ ਨੰਬਰ 40 ਦੇ ਅਧੀਨ ਆਉਂਦੇ ਨਿਊ ਦਿਓਲ ਨਗਰ ਦੀ ਸੜਕ ਜੋ ਕਿ ਤਕਰੀਬਨ 20 ਦਿਨ ਪਹਿਲਾਂ ਬਣਾਉਣ ਲਈ ਤੋੜੀ ਗਈ ਸੀ, ਅੱਜ ਤੱਕ ਨਹੀਂ ਬਣਾਈ ਜਾ ਸਕੀ ਹੈ। ਇਲਾਕਾ ਵਾਸੀਆਂ ਵਿਜੇ ਕੁਮਾਰ, ਬਲਵਿੰਦਰ ਸਿੰਘ, ਸੁਰੇਸ਼ ਕੁਮਾਰ, ਇੰਦਰ ਕੁਮਾਰ ਤੇ ਹੋਰਨਾਂ ਦਾ ਕਹਿਣਾ ਹੈ ਕਿ 20-25 ਦਿਨ ਪਹਿਲਾਂ ਇਸ ਚੰਗੀ ਭਲੀ ਸੜਕ ਜੋ ਕਿ ਮਾਮੂਲੀ ਜਿਹੀ ਟੁੱਟੀ ਸੀ, ਨੂੰ ਬਣਾਉਣ ਲਈ ਤੋੜ ਦਿੱਤਾ ਗਿਆ ਸੀ ਪਰ ਅੱਜ ਤੱਕ ਦੁਬਾਰਾ ਇਹ ਸੜਕ ਬਣਾਈ ਨਹੀਂ ਜਾ ਸਕੀ ਤੇ ਉਸੇ ਤਰ੍ਹਾਂ ਪੁੱਟੀ ਹੋਈ ਸੜਕ ਕਰਕੇ ਇਸ ਇਲਾਕੇ ’ਚ ਰਹਿਣ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 20-25 ਦਿਨ ਪਹਿਲਾਂ ਤੋੜੀ ਗਈ ਸੜਕ ਕਰਕੇ ਉਨ੍ਹਾਂ ਨੂੰ ਇਸੇ ਪਾਸਿਓਂ ਲੰਘਣ ’ਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਹੀ ਸੜਕ ਕਾਲੋਨੀ ਦਾ ਮੇਨ ਲਾਂਘਾ ਹੈ। ਉਹ ਆਪਣੇ ਵਾਹਨ ਵੀ ਨਾਲ ਵਾਲੀਆਂ ਗਲੀਆਂ ’ਚ ਖੜ੍ਹੇ ਕਰ ਰਹੇ ਹਨ। ਸੜਕ ਤੋੜੇ ਜਾਣ ਕਰਕੇ ਲੋਕਾਂ ਦੇ ਦੋਪਹੀਆ ਵਾਹਨ ਵੀ ਹੁਣ ਘਰਾਂ ਅੰਦਰ ਨਹੀਂ ਜਾ ਪਾ ਰਹੇ ਹਨ। ਇਸ ਤੋਂ ਇਲਾਵਾ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਸਕੂਲ ਬੱਸਾਂ ਇਸ ਪਾਸੇ ਤੋਂ ਹੀ ਆਉਂਦੀਆਂ ਸਨ ਤੇ ਬੱਚਿਆਂ ਨੂੰ ਲੈ ਕੇ ਜਾਂਦੀਆਂ ਸਨ ਹੁਣ ਸੜਕ ਟੁੱਟੀ ਹੋਣ ਕਰਕੇ ਸਕੂਲ ਬੱਸਾਂ ਵੀ ਨਹੀਂ ਆ ਰਹੀਆਂ ਹਨ ਤੇ ਬੱਚਿਆਂ ਨੂੰ ਛੱਡਣ ਜਾਣ ’ਚ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰੇਸ਼ਾਨੀ ਝੱਲ ਰਹੇ ਲੋਕਾਂ ਦਾ ਕਹਿਣਾ ਹੈ ਕਿ ਬਰਸਾਤ ਦਾ ਮੌਸਮ ਚੱਲ ਰਿਹਾ ਹੈ ਤੇ ਜਦੋਂ ਬਰਸਾਤ ਹੋ ਜਾਂਦੀ ਹੈ ਤੇ ਇਹ ਸੜਕ ਦਲਦਲ ਦਾ ਰੂਪ ਲੈ ਲੈਂਦੀ ਹੈ, ਜਿਸ ਕਰਕੇ ਲੋਕਾਂ ਦਾ ਪੈਦਲ ਲੰਘਣਾ ਵੀ ਮੁਸ਼ਕਲ ਹੋ ਜਾਂਦਾ ਹੈ। ਉਨ੍ਹਾਂ ਨੇ ਇਲਾਕੇ ਦੇ ਭਾਜਪਾ ਦੇ ਕੌਂਸਲਰ ਅਜੇ ਬੱਬਲ ਤੋਂ ਮੰਗ ਕਰਦੇ ਹੋਏ ਕਿਹਾ ਕਿ ਪਹਿਲ ਦੇ ਆਧਾਰ ’ਤੇ ਇਸ ਤੋੜੀ ਗਈ ਸੜਕ ਦਾ ਕੰਮ ਸ਼ੁਰੂ ਕਰਵਾਇਆ ਜਾਵੇ ਤਾਂ ਕਿ ਉਨ੍ਹਾਂ ਦੀ ਦਿੱਕਤ ਦੂਰ ਹੋ ਸਕੇ। ਇਸ ਸਬੰਧੀ ਜਦੋਂ ਕੌਂਸਲਰ ਅਜੇ ਬੱਬਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਕਈ ਵਾਰ ਜੇ.ਈ ਨਾਲ ਗੱਲਬਾਤ ਕਰ ਚੁੱਕੇ ਹਨ ਤੇ ਕੰਮ ਦੀ ਰਫ਼ਤਾਰ ਕਾਫੀ ਮੱਠੀ ਹੋਣ ਕਰਕੇ ਲੋਕ ਵੀ ਉਨ੍ਹਾਂ ਨੂੰ ਸ਼ਿਕਾਇਤ ਕਰ ਰਹੇ ਹਨ, ਕਿਉਂਕਿ ਲੋਕਾਂ ਨੂੰ ਕਾਫੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਦੋਂ ਜੇ.ਈ ਗਿਤਾਂਸ਼ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੇਬਰ ਲੱਗੀ ਹੋਈ ਹੈ ਪਰ ਲੋਕਾਂ ਦਾ ਕਹਿਣਾ ਹੈ ਕਿ ਕੋਈ ਲੇਬਰ ਨਹੀਂ ਲੱਗੀ ਹੈ ਤੇ ਕੰਮ ਕਈ ਦਿਨਾਂ ਤੋਂ ਉੱਥੇ ਦਾ ਉੱਥੇ ਹੀ ਰੁਕਿਆ ਪਿਆ ਹੈ।