- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਆਸ ਪਿੰਡ ਵਿਖੇ ਕਰੋੜਾਂ ਰੁਪਏ ਦੀ ਪੰਚਾਇਤੀ ਜਮੀਨ ’ਤੇ ਦਰਖਤ ਲਗਾ ਕੇ ਕਬਜ਼ਾ ਕਰਦਿਆਂ ਨੂੰ ਰੋਕਿਆ

-ਬੀਡੀਪੀਓ ਆਦਮਪੁਰ ਦੇ ਹੁਕਮਾਂ ’ਤੇ ਪੰਚਾਇਤ ਸੈਕਟਰੀ ਨੇ ਪੰਚਾਇਤੀ ਥਾਂ ’ਤੇ ਕਬਜ਼ਾ ਰੁਕਵਾਇਆ
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਇੱਥੋਂ ਨੇੜਲੇ ਬਿਆਸ ਪਿੰਡ ਵਿਖੇ ਬੁੱਧਵਾਰ ਨੂੰ ਮਾਹੌਲ ਉਦੋਂ ਤਣਾਅਪੂਰਨ ਹੋ ਗਿਆ ਜਦੋਂ ਜਲੰਧਰ ਪਠਾਨਕੋਟ ਕੌਮੀ ਮਾਰਗ ’ਤੇ ਸਥਿਤ ਕਰੋੜਾਂ ਦੀ ਪੰਚਾਇਤੀ ਥਾਂ ਤੇ ਖਜੂਰਾਂ ਦੇ ਰੁੱਖ-ਬੂਟੇ ਲਗਾਉਣ ਲਈ ਜੇਸੀਬੀ ਨਾਲ ਜ਼ਮੀਨ ਨੂੰ ਪੱਧਰਾ ਕੀਤਾ ਜਾ ਰਿਹਾ ਸੀ ਤਾਂ ਮੌਕੇ ’ਤੇ ਜਸਵਿੰਦਰ ਸਿੰਘ ਰਾਜਾ, ਦਵਿੰਦਰ ਸਿੰਘ ਸੋਨੂ, ਨਰਿੰਦਰ ਕੁਮਾਰ, ਜੋਰਾ ਸਿੰਘ ਸਾਰੇ ਪੰਚ, ਮਨਵੀਰ ਸਿੰਘ, ਪਲਵਿੰਦਰ ਸਿੰਘ ਲਾਲਾ ਪੁੱਜੇ ਉਕਤ ਸਾਰਿਆਂ ਨੇ ਜੇਸੀਬੀ ਵਾਲੇ ਨੂੰ ਕੰਮ ਕਰਨੋਂ ਰੋਕਿਆ ਤਾਂ ਉਸ ਨੇ ਕਿਹਾ ਕਿ ਉਕਤ ਪੰਚਾਇਤੀ ਥਾਂ ਪੰਚਾਇਤ ਕੋਲੋਂ ਠੇਕੇ ’ਤੇ ਲਈ ਹੋਈ ਹੈ।
ਉਸਨੇ ਕਿਹਾ ਕਿ ਪੰਚਾਇਤੀ ਥਾਂ ਠੇਕੇ ’ਤੇ ਲੈਣ ਵਾਲੇ ਵੱਲੋਂ ਖਜੂਰਾਂ ਦੇ ਰੁੱਖ ਲਗਵਾਏ ਜਾ ਰਹੇ ਹਨ। ਉਕਤ ਪੰਚਾਇਤੀ ਥਾਂ ’ਤੇ ਮੌਕੇ ’ਤੇ ਦੋ-ਤਿੰਨ ਟਰੱਕ ਖਜੂਰਾਂ ਦੇ ਰੁੱਖਾਂ ਦੇ ਭਰ ਕੇ ਮੌਕੇ ’ਤੇ ਪੁੱਜ ਚੁੱਕੇ ਸਨ। ਪ੍ਰੰਤੂ ਪੰਚਾਇਤ ਮੈਂਬਰਾਂ ਤੇ ਪਿੰਡ ਵਾਸੀਆਂ ਵਲੋਂ ਵਿਰੋਧ ਕਰਦੇ ਹੋਏ ਕੰਮ ਨੂੰ ਬੰਦ ਕਰਵਾਇਆ। ਸਥਾਨਕ ਪੁਲਿਸ ਚੌਕੀ ਅਲਾਵਲਪੁਰ ਵਿਖੇ ਇਸ ਸਬੰਧੀ ਸੂਚਿਤ ਕੀਤਾ ਤਾਂ ਪੁਲਿਸ ਨੇ ਜੇਸੀਬੀ ਦੇ ਚਾਲਕ ਨੂੰ ਹਿਰਾਸਤ ’ਚ ਲੈ ਕੇ ਪੁਲਿਸ ਚੌਂਕੀ ਅਲਾਵਲਪੁਰ ਵਿਖੇ ਲੈ ਗਏ।
ਇਸ ਉਪਰੰਤ ਪਿੰਡ ਬੰਬੀਆਂਵਾਲ ਦੇ ਸਾਬਕਾ ਸਰਪੰਚ ਨੇ ਮੌਕੇ ’ਤੇ ਦੱਸਿਆ ਕਿ ਉਨ੍ਹਾਂ ਵੱਲੋਂ ਉਕਤ ਜ਼ਮੀਨ ਤਿੰਨ ਸਾਲ ਲਈ ਠੇਕੇ ’ਤੇ ਲਈ ਹੋਈ ਹੈ। ਪੰਚਾਇਤੀ ਜ਼ਮੀਨ ਦੇ ਤਿੰਨ ਸਾਲ ਦੇ ਪੈਸੇ 168750 ਰੁ: ਮਿਤੀ 1/12/2025 ਨੂੰ ਚੈੱਕ ਸਰਪੰਚ ਗ੍ਰਾਮ ਪੰਚਾਇਤ ਬਿਆਸ ਪਿੰਡ ਦੇ ਨਾਂ ’ਤੇ ਦਿੱਤਾ ਗਿਆ ਹੈ। ਪੰਚਾਂ ਤੇ ਪਿੰਡ ਵਾਸੀਆਂ ਨੇ ਬੀਡੀਪੀਓ ਆਦਮਪੁਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਸੂਚਿਤ ਕੀਤਾ ਤਾਂ ਉਨ੍ਹਾਂ ਨੇ ਮੌਕੇ ’ਤੇ ਪੰਚਾਇਤ ਸੈਕਟਰੀ ਹਰਪ੍ਰੀਤ ਤੇ ਪਟਵਾਰੀ ਸ਼ਮਸ਼ੇਰ ਸਿੰਘ ਨੂੰ ਭੇਜਿਆ ਤਾਂ ਉਨ੍ਹਾਂ ਕਿਹਾ ਕਿ ਪੰਚਾਇਤੀ ਥਾਂ ਨੂੰ ਠੇਕੇ ’ਤੇ ਸਿਰਫ਼ ਵਾਹੀ ਕਰਨ ਲਈ ਦਿੱਤਾ ਜਾਂਦਾ ਹੈ ਨਾ ਕਿ ਰੁੱਖ-ਬੂਟੇ ਲਾਉਣ ਲਈ। ਇਸ ਮਾਮਲੇ ਸਬੰਧੀ ਪੱਖ ਜਾਣਨ ਲਈ ਸਰਪੰਚ ਊਸ਼ਾ ਰਾਣੀ ਤੇ ਉਹਨਾਂ ਦੇ ਪੁੱਤਰ ਪੰਚ ਬਲਰਾਜ ਮਡਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਭੱਠੇ ’ਤੇ ਸਥਿਤ ਪੰਚਾਇਤੀ ਥਾਂ ਨੂੰ ਤਿੰਨ ਸਾਲ ਲਈ ਹਰਦੀਪ ਲਾਲ ਪੁੱਤਰ ਬਖਸ਼ੀ ਰਾਮ ਨੂੰ ਠੇਕੇ ’ਤੇ ਵਾਹੁਣ ਲਈ ਦਿੱਤਾ ਹੈ ਨਾ ਕਿ ਰੁੱਖ-ਬੂਟੇ ਲਾਉਣ ਲਈ।
ਉਨ੍ਹਾਂ ਵੱਲੋਂ ਤਾਂ ਪਹਿਲਾਂ ਵੀ ਪੰਚਾਇਤੀ ਜ਼ਮੀਨ ’ਤੇ ਕੀਤੇ ਨਾਜਾਇਜ਼ ਕਬਜ਼ੇ ਨੂੰ ਛਡਵਾਇਆ ਗਿਆ ਹੈ। ਇਸ ਮਾਮਲੇ ਸਬੰਧੀ ਬਿਆਸ ਪਿੰਡ ਦੇ ਮੌਜੂਦਾ ਪੰਚ ਸਾਹਿਬਾਨਾਂ ਤੋਂ ਪੱਖ ਜਾਣਨ ਲਈ ਸਰਬਜੀਤ ਕੌਰ, ਰਾਜ ਰਾਣੀ ਤੇ ਰਾਜਵਿੰਦਰ ਕੌਰ ਤਿੰਨੋਂ ਪੰਚਾਇਤ ਮੈਂਬਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੰਚਾਇਤੀ ਥਾਂ ਨੂੰ ਠੇਕੇ ’ਤੇ ਦੇਣ ਲਈ ਉਕਤ ਕੀਤੀ ਬੋਲੀ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਤੇ ਨਾ ਹੀ ਉਨ੍ਹਾਂ ਵੱਲੋਂ ਇਹ ਸਾਰੇ ਮਾਮਲੇ ਸਬੰਧੀ ਪਾਏ ਹੋਏ ਕਿਸੇ ਵੀ ਮਤੇ ’ਤੇ ਦਸਤਖ਼ਤ ਕੀਤੇ ਗਏ ਹਨ।