- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖ਼ੂਨਦਾਨ ਦਾ ਸੈਂਕੜਾ ਲਗਾ ਚੁੱਕੇ ਹਨ ਬਿਜਲੀ ਵਿਭਾਗ ਦੇ ਕਰਮਚਾਰੀ ਸੁਨੀਲ ਟੰਡਨ

-18 ਸਾਲ ਦੀ ਉਮਰ ’ਚ ਪਹਿਲੀ ਵਾਰ ਖ਼ੂਨਦਾਨ ਕੀਤਾ
ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ‘ਖ਼ੂਨਦਾਨ ਮਹਾਦਾਨ ਦਾ ਨਾਅਰਾ’ ਤੇ ਸਭ ਲਾਉਂਦੇ ਹਨ ਪਰ ਉਸ ਨਾਅਰੇ ਨੂੰ ਪੂਰਾ ਵੀ ਕੋਈ ਕੋਈ ਕਰ ਸਕਦਾ ਹੈ ਤੇ ਲੱਖਾਂ ਹਜ਼ਾਰਾਂ ਵਿਚੋਂ ਕੁੱਝ ਅਜਿਹੇ ਲੋਕ ਵੀ ਹੁੰਦੇ ਹਨ ਜੋ ਇੱਕ ਵਾਰ ਕੁੱਝ ਚੰਗਾ ਕਰਨ ਦੀ ਸੋਚਦੇ ਹਨ ਤੇ ਉਸ ਨੂੰ ਪੂਰਾ ਕਰਕੇ ਛੱਡਦੇ ਹਨ ਤੇ ਉਨ੍ਹਾਂ ਵਿਚੋਂ ਇੱਕ ਪੀ.ਐੱਸ.ਪੀ.ਸੀ ਐੱਲ ਦੇ ਬੂਟਾਂ ਮੰਡੀ ਦਫ਼ਤਰ ਵਿਖੇ ਬਤੌਰ ਐੱਸਐੱਸਏ ਦੇ ਅਹੁਦੇ ’ਤੇ ਕੰਮ ਕਰ ਰਹੇ ਸੁਨੀਲ ਟੰਡਨ ਹਨ। ਉਨ੍ਹਾਂ ਨੇ ਪਹਿਲੀ ਵਾਰ 18 ਸਾਲ ਦੀ ਉਮਰ ਵਿਚ ਖ਼ੂਨਦਾਨ ਕੀਤਾ ਤੇ ਇਸੇ ਤਰ੍ਹਾਂ ਅੱਗੇ ਵਧਦੇ ਹੋਏ ਹੁਣ ਤੱਕ ਖ਼ੂਨਦਾਨ ਦਾ ਸੈਂਕੜਾ ਬਣਾ ਚੁੱਕੇ ਹਨ।
ਵੀਰਵਾਰ ਇਸ ਸਬੰਧੀ ਗੱਲਬਾਤ ਕਰਦੇ ਹੋਏ ਸੁਨੀਲ ਟੰਡਨ ਨੇ ਦੱਸਿਆ ਕਿ ਜਦੋਂ ਉਹ ਛੋਟੀ ਉਮਰ ਦੇ ਸਨ ਤੇ ਉਸ ਵੇਲੇ ਉਨ੍ਹਾਂ ਦੇ ਪਿਤਾ ਕਾਫੀ ਬਿਮਾਰ ਸਨ ਤੇ ਉਨ੍ਹਾਂ ਨੂੰ ਓ ਪਾਜ਼ੀਟਿਵ ਖੂਨ ਦੀ ਬਹੁਤ ਲੋੜ ਸੀ ਤੇ ਹਸਪਤਾਲ ਵਿਚੋਂ ਓ ਪਾਜ਼ੀਟਿਵ ਖੂਨ ਨਾ ਮਿਲਣ ਕਰਕੇ ਉਨ੍ਹਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਦਾ ਆਪਣਾ ਬਲੱਡ ਗਰੁੱਪ ਵੀ ਉਹੀ ਸੀ ਪਰ ਉਮਰ ਛੋਟੀ ਹੋਣ ਕਰਕੇ ਹਸਪਤਾਲ ਵਾਲਿਆਂ ਨੇ ਖੂਨ ਨਹੀਂ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਪ੍ਰਣ ਕਰ ਲਿਆ ਕਿ ਉਹ ਖ਼ੂਨਦਾਨ ਕਰਦੇ ਰਹਿਣਗੇ ਤਾਂ ਕਿ ਕੋਈ ਵੀ ਬਿਮਾਰ ਜਾਂ ਲੋੜਵੰਦ ਵਿਅਕਤੀ ਜਿਸ ਨੂੰ ਖੂਨ ਦੀ ਲੋੜ ਹੈ ਤੇ ਇਹ ਲੋੜ ਪੂਰੀ ਨਾ ਹੋਣ ਕਰਕੇ ਉਹ ਮੌਤ ਦੇ ਮੂੰਹ ’ਚ ਨਾ ਜਾਵੇ। ਸੁਨੀਲ ਟੰਡਨ 100 ਵਾਰ ਖ਼ੂਨਦਾਨ ਕਰਕੇ ਕਈ ਕੀਮਤੀ ਜਾਨਾਂ ਬਚਾ ਚੁੱਕੇ ਹਨ।
ਸਥਾਨਕ ਮਾਡਲ ਹਾਊਸ ਦੇ ਰਹਿਣ ਵਾਲੇ ਸੁਨੀਲ ਟੰਡਨ ਨੂੰ 100ਵੀਂ ਵਾਰ ਖ਼ੂਨਦਾਨ ਕਰਨ ’ਤੇ ਸ਼ਿਵ ਰਾਮ ਕਾਲ ਮੰਚ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਸੀ। ਸਿਫ਼ਾਰਿਸ਼ ਨਾ ਹੋਣ ਕਰਕੇ ਉਨ੍ਹਾਂ ਨੂੰ ਅੱਜ ਤੱਕ ਕਿਸੇ ਵੀ ਵੱਡੇ ਮੰਚ ’ਤੇ ਸਨਮਾਨ ਹਾਸਲ ਨਹੀਂ ਹੋ ਸਕਿਆ ਹੈ। 15 ਅਗਸਤ 26 ਜਨਵਰੀ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮਾਜ ’ਚ ਵਧੀਆ ਕੰਮ ਕਰਨ ਵਾਲੇ ਕਈ ਲੋਕਾਂ ਦਾ ਸਨਮਾਨ ਕੀਤਾ ਜਾਂਦਾ ਹੈ ਪਰ ਸੁਨੀਲ ਟੰਡਨ ਵਰਗੇ ਲੋਕ ਜੋ ਕਿ ਆਪਣੀ ਸੇਵਾਵਾਂ ਨੂੰ ਲੋਕਾਂ ਸਾਹਮਣੇ ਨਹੀਂ ਦੱਸਣਾ ਚਾਹੁੰਦੇ ਹਨ ਅਜਿਹੇ ਸਨਮਾਨ ਤੋਂ ਵਾਂਝੇ ਰਹਿ ਜਾਂਦੇ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸੁਨੀਲ ਟੰਡਨ ਜੇ ਇਸ ਮਾਮਲੇ ’ਚ ਅੱਗੇ ਹਨ ਤੇ ਉਹ ਆਪਣੇ ਕੰਮ ਦੇ ਮਾਮਲੇ ’ਚ ਵੀ ਪਿੱਛੇ ਨਹੀਂ ਹਨ ਤੇ ਉਨ੍ਹਾਂ ਨੇ ਕੋਰੋਨਾ ਕਾਲ ਅਤੇ ਭਾਰਤ-ਪਾਕਿਸਤਾਨ ਜੰਗ ‘ਆਪ੍ਰੇਸ਼ਨ ਸੰਦੂਰ’ ਦੌਰਾਨ ਵੀ ਦਿਨ ਰਾਤ ਵਿਭਾਗ ਲਈ ਸੇਵਾਵਾਂ ਦਿੱਤੀਆਂ ਹਨ। ਜੇਕਰ ਅੱਜ ਵੀ ਕਿਸੇ ਨੂੰ ਕੰਮ ਦੀ ਲੋੜ ਪੈਂਦੀ ਹੈ ਤੇ ਉਹ ਆਪ ਅੱਗੇ ਹੋ ਕੇ ਉਸ ਦਾ ਕੰਮ ਕਰਵਾਉਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਵੀ ਜੇ ਕਿਸੇ ਨੂੰ ਖੂਨ ਦੀ ਲੋੜ ਹੁੰਦੀ ਹੈ ਤੇ ਉਹ ਹਮੇਸ਼ਾ ਇਸ ਨੇਕ ਕੰਮ ਲਈ ਤਿਆਰ ਰਹਿੰਦੇ ਹਨ।