ਨਗਰ ਕੌਂਸਲ ਆਦਮਪੁਰ ਦੀ ਪ੍ਰਧਾਨਗੀ ਦੀ ਚੋਣ ਮੁਲਤਵੀ
ਨਗਰ ਕੌਂਸਲ ਆਦਮਪੁਰ ਦੀ ਪ੍ਰਧਾਨਗੀ ਦੀ ਚੋਣ ਮੁਲਤਵੀ
Publish Date: Tue, 23 Jun 2026 10:12 PM (IST)
Updated Date: Tue, 23 Jun 2026 10:13 PM (IST)

-ਕੌਂਸਲਰਾਂ ਵਿਚਾਲੇ ਤਿੱਖੀ ਤਕਰਾਰ ਤੇ ਹੰਗਾਮੇ ਕਾਰਨ ਰੋਕੀ ਪ੍ਰਕਿਰਿਆ ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਨਗਰ ਕੌਂਸਲ ਆਦਮਪੁਰ ਦੇ ਪ੍ਰਧਾਨ ਅਤੇ ਉਪ-ਪ੍ਰਧਾਨ ਦੀ ਚੋਣ ਸੋਮਵਾਰ ਨੂੰ ਉਸ ਸਮੇਂ ਮੁਲਤਵੀ ਕਰਨੀ ਪਈ ਜਦੋਂ ਕੌਂਸਲਰਾਂ ਵਿਚਾਲੇ ਹੋਈ ਤਿੱਖੀ ਤਕਰਾਰ ਅਤੇ ਹੰਗਾਮੇ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ। ਹਾਲਾਤ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਚੋਣ ਪ੍ਰਕਿਰਿਆ ਨੂੰ ਰੋਕ ਕੇ ਅਗਲੇ ਹੁਕਮਾਂ ਤੱਕ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ। ਜ਼ਿਕਰਯੋਗ ਹੈ ਕਿ ਨਗਰ ਕੌਂਸਲ ਆਦਮਪੁਰ ਦੇ 13 ਵਾਰਡਾਂ ਵਿੱਚੋਂ ਆਮ ਆਦਮੀ ਪਾਰਟੀ ਸਮਰਥਿਤ 10 ਅਤੇ ਕਾਂਗਰਸ ਸਮਰਥਿਤ 3 ਉਮੀਦਵਾਰ ਚੋਣ ਜਿੱਤੇ ਸਨ। ਪ੍ਰਧਾਨ ਅਤੇ ਉਪ-ਪ੍ਰਧਾਨ ਦੀ ਚੋਣ ਲਈ ਐਸ.ਡੀ.ਐਮ. ਲਾਲ ਵਿਸ਼ਵਾਸ ਬੈਂਸ ਦੀ ਅਗਵਾਈ ਹੇਠ ਨਗਰ ਕੌਂਸਲ ਦਫ਼ਤਰ ਵਿਖੇ ਮੀਟਿੰਗ ਬੁਲਾਈ ਗਈ, ਜਿਸ ਵਿੱਚ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਅਤੇ ਸਾਰੇ 13 ਕੌਂਸਲਰ ਹਾਜ਼ਰ ਸਨ। ਚੋਣ ਪ੍ਰਕਿਰਿਆ ਸ਼ੁਰੂ ਹੋਣ ਮਗਰੋਂ ਪ੍ਰਧਾਨਗੀ ਦੇ ਅਹੁਦੇ ਲਈ ਦੋ ਨਾਮ ਸਾਹਮਣੇ ਆਏ। ਇੱਕ ਧੜੇ ਵੱਲੋਂ ਚਰਨਜੀਤ ਸਿੰਘ ਸ਼ੇਰੀ ਅਤੇ ਦੂਜੇ ਧੜੇ ਵੱਲੋਂ ਕਨੂੰ ਦੇ ਨਾਮ ਦੀ ਪੇਸ਼ਕਸ਼ ਕੀਤੀ ਗਈ। ਇਸ ਦੌਰਾਨ ਕੌਂਸਲਰਾਂ ਵਿੱਚ ਸਮਰਥਨ ਨੂੰ ਲੈ ਕੇ ਤਿੱਖੀ ਬਹਿਸ ਸ਼ੁਰੂ ਹੋ ਗਈ, ਜੋ ਬਾਅਦ ਵਿੱਚ ਹੰਗਾਮੇ ਵਿੱਚ ਤਬਦੀਲ ਹੋ ਗਈ। ਮੌਕੇ ਤੇ ਮੌਜੂਦ ਅਧਿਕਾਰੀਆਂ ਅਨੁਸਾਰ ਕੌਂਸਲਰਾਂ ਵਿਚਾਲੇ ਬਣੇ ਤਣਾਅਪੂਰਨ ਮਾਹੌਲ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਚੋਣ ਨੂੰ ਸ਼ਾਂਤੀਪੂਰਨ ਅਤੇ ਨਿਰਪੱਖ ਢੰਗ ਨਾਲ ਕਰਵਾਉਣਾ ਸੰਭਵ ਨਹੀਂ ਸੀ। ਇਸ ਲਈ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਤੇ ਚੋਣ ਪ੍ਰਕਿਰਿਆ ਨੂੰ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਗਿਆ। ਹਾਲਾਤ ਦੀ ਨਜ਼ਾਕਤ ਨੂੰ ਦੇਖਦਿਆਂ ਨਗਰ ਕੌਂਸਲ ਦਫ਼ਤਰ ਦੇ ਆਲੇ-ਦੁਆਲੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਅਤੇ ਇਲਾਕੇ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ। ਚੋਣ ਪ੍ਰਕਿਰਿਆ ਮੁਲਤਵੀ ਹੋਣ ਤੋਂ ਬਾਅਦ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨਗੀ ਦੇ ਅਹੁਦੇ ਲਈ ਕਨੂੰ ਦੇ ਨਾਂ ਨੂੰ ਬਹੁਮਤ ਦਾ ਸਮਰਥਨ ਪ੍ਰਾਪਤ ਸੀ। ਉਨ੍ਹਾਂ ਦਾਅਵਾ ਕੀਤਾ ਕਿ ਬਹੁਮਤ ਹੋਣ ਦੇ ਬਾਵਜੂਦ ਚੋਣ ਨਾ ਹੋਣਾ ਲੋਕਤੰਤਰੀ ਪ੍ਰਕਿਰਿਆ ਸਬੰਧੀ ਸਵਾਲ ਖੜ੍ਹੇ ਕਰਦਾ ਹੈ। ਇਸ ਮੌਕੇ ਕੌਂਸਲਰ ਸੁਸ਼ਮਾ ਕੁਮਾਰੀ, ਜੋਗਿੰਦਰ ਪਾਲ, ਆਸ਼ਾ ਰਾਣੀ, ਚਰਨਜੀਤ ਸਿੰਘ ਸ਼ੇਰੀ, ਵੀਨਾ ਚੌਧਾ, ਦਵਿੰਦਰ ਸਿੰਘ ਸੂਰੀ, ਕਨੂੰ, ਪਵਿੱਤਰ ਸਿੰਘ, ਰੀਨਾ, ਬਿਕਰਮ ਬੱਧਣ, ਹਰਵਿੰਦਰ ਸਿੰਘ, ਸੁਮਿੱਤਰਾ ਦੇਵੀ, ਅਮਰੀਕ ਸਿੰਘ, ਚੋਣ ਅਧਿਕਾਰੀ, ਪੁਲਿਸ ਅਧਿਕਾਰੀ ਅਤੇ ਦੋਵੇਂ ਪਾਰਟੀਆਂ ਦੇ ਵਰਕਰ ਹਾਜ਼ਰ ਸਨ।