- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਆਪ ਕਨਵੀਨਰ ਕੇਜਰੀਵਾਲ, ਸੀਐੱਮ

-ਆਪ ਕਨਵੀਨਰ ਕੇਜਰੀਵਾਲ, ਸੀਐੱਮ ਮਾਨ ਤੇ ਸਿਸੋਦੀਆ ਕਰਨਗੇ ਸ਼ਿਰਕਤ
-10 ਹਜ਼ਾਰ ਸ਼ਰਧਾਲੂਆਂ ਲਈ ਬੈਠਣ ਦੇ ਹੋਣਗੇ ਪ੍ਰਬੰਧ, ਸ਼ਿਵ ਅਰਾਧਨਾ ਨਾਲ ਜੰਗਮ ਕਰਨਗੇ ਸ਼ੁਰੂਆਤ
----------------------------
ਜਾਸ, ਜਲੰਧਰ : ‘ਸ਼ਿਵ ਕੈਲਾਸਾਂ ਦੇ ਵਾਸੀ' ਫੇਮ ਹੰਸਰਾਜ ਰਘੁਵੰਸ਼ੀ ਸ਼ਨਿਚਰਵਾਰ ਨੂੰ ਪਹਿਲੀ ਵਾਰ ਜਲੰਧਰ ਆਉਣਗੇ। ਸਾਈਂ ਦਾਸ ਸਕੂਲ, ਪਟੇਲ ਚੌਕ ਦੀ ਗਰਾਊਂਡ ’ਚ ‘ਆਪ’ ਵੱਲੋਂ ਕਰਵਾਈ ਜਾ ਰਹੀ ‘ਇੱਕ ਸ਼ਾਮ ਸ਼ਿਵ ਦੇ ਨਾਂ’ ’ਚ ਹੰਸਰਾਜ ਰਘੁਵੰਸ਼ੀ ਭਗਵਾਨ ਸ਼ਿਵ ਦੇ ਭਜਨਾਂ ਨਾਲ ਸਮਾਂ ਬੰਨ੍ਹਣਗੇ। ਸਮਾਗਮ ਦੌਰਾਨ ‘ਆਪ’ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਤੇ ‘ਆਪ’ ਦੇ ਸੂਬਾ ਇੰਚਾਰਜ ਮਨੀਸ਼ ਸਿਸੋਦੀਆ ਖਾਸ ਤੌਰ ’ਤੇ ਸ਼ਿਰਕਤ ਕਰਨਗੇ। ਇਸ ਦੇ ਨਾਲ ਪੂਰੇ ਸੂਬੇ ਤੋਂ ਲਗਪਗ 20 ਮਹਾਮੰਡਲੇਸ਼ਵਰ ਤੇ 200 ਤੋਂ ਵੱਧ ਪੁਰੋਹਿਤਾਂ ਦੇ ਨਾਲ ਜੰਗਮ ਮੰਡਲੀ ਦੇ ਮੈਂਬਰ ਵੀ ਸ਼ਾਮਲ ਹੋਣਗੇ। ਸਮਾਗਮ ਦੀ ਸ਼ੁਰੂਆਤ ਜੰਗਮ ਮੰਡਲੀ ਦੇ ਮੈਂਬਰ ਭਗਵਾਨ ਸ਼ਿਵ ਅਰਾਧਨਾ ਨਾਲ ਕਰਨਗੇ। ਇਸ ਪ੍ਰੋਗਰਾਮ ਲਈ ਗਰਾਊਂਡ ਵਿਚ 10 ਹਜ਼ਾਰ ਸ਼ਰਧਾਲੂਆਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ।
ਲੋਕਾਂ ਨੂੰ ਭਗਵਾਨ ਸ਼ਿਵ ਦੀ ਅਰਾਧਨਾ ਨਾਲ ਜੋੜਨ ਲਈ ‘ਆਪ’ ਵੱਲੋਂ ਇਹ ਵਿਸ਼ਾਲ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। 13 ਜੂਨ ਨੂੰ ਸ਼ਾਮ ਛੇ ਵਜੇ ਹੋਣ ਵਾਲੇ ਪ੍ਰੋਗਰਾਮ ਦੌਰਾਨ ਸਾਬਕਾ ਸੰਜੀਵ ਸਾਂਵਰਿਆ ਭਗਵਾਨ ਸ਼ਿਵ ਦੀ ਅਰਾਧਨਾ ਕਰਨਗੇ। ਇਸ ਤੋਂ ਬਾਅਦ ਹੰਸਰਾਜ ਰਘੁਵੰਸ਼ੀ ਭਗਵਾਨ ਸ਼ਿਵ ਦੇ ਭਜਨਾਂ ਨਾਲ ਸਾਰਿਆਂ ਨੂੰ ਮੰਤਰ-ਮੁਗਧ ਕਰਨਗੇ। ਪੰਜਾਬ ਹੈਰੀਟੇਜ ਤੇ ਟੂਰਿਜ਼ਮ ਪ੍ਰੋਮੋਸ਼ਨ ਬੋਰਡ ਦੇ ਸਲਾਹਕਾਰ ਦੀਪਕ ਬਾਲੀ ਦੱਸਦੇ ਹਨ ਕਿ ਇਹ ਪਹਿਲਾ ਮੌਕਾ ਹੈ ਜਦੋਂ ਇੰਨੇ ਵੱਡੇ ਪੱਧਰ 'ਤੇ ਲੋਕਾਂ ਨੂੰ ਭਗਵਾਨ ਸ਼ਿਵ ਦੀ ਅਰਾਧਨਾ ਦਾ ਮੌਕਾ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪ੍ਰੋਗਰਾਮ ’ਚ ਸ਼ਾਮਲ ਹੋਣ ਵਾਲੇ 10 ਹਜ਼ਾਰ ਤੋਂ ਵੱਧ ਸ਼ਰਧਾਲੂਆਂ ਲਈ ਬੈਠਣ, ਨਤਮਸਤਕ ਹੋਣ ਤੇ ਭੰਡਾਰੇ ਦਾ ਪ੍ਰਬੰਧ ਵੀ ਕੀਤਾ ਜਾਵੇਗਾ।
---
ਮੱਥੇ 'ਤੇ ਸਜੇਗਾ ਤਿਲਕ, ਪੰਡਾਲ ਦੇ ਬਾਹਰ ਵੀ ਗੂੰਜਣਗੇ ਸੁਰ
ਸਾਈਂ ਦਾਸ ਸਕੂਲ ਪਟੇਲ ਚੌਕ ਦੀ ਗਰਾਊਂਡ ’ਚ ਹੋਣ ਵਾਲੇ ‘ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਂ' ਦੌਰਾਨ ਪੰਡਾਲ ਦੇ ਅੰਦਰ ਜਾਣ ਤੋਂ ਪਹਿਲਾਂ ਸ਼ਿਵ ਭਗਤਾਂ ਦੇ ਮੱਥੇ 'ਤੇ ਤਿਲਕ ਸਜਾਉਣ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਦੇ ਨਾਲ ਪੰਡਾਲ ਦੇ ਅੰਦਰ ਹੀ ਨਹੀਂ ਬਲਕਿ ਬਾਹਰ ਦਾ ਮਾਹੌਲ ਵੀ ਸ਼ਿਵਮਈ ਹੋਵੇਗਾ। ਇਸ ਤਹਿਤ ਭਗਵਾਨ ਸ਼ਿਵ ਦੇ ਭਜਨਾਂ ਦੇ ਸੁਰ ਵੀ ਸੁਣਾਈ ਦੇਣਗੇ। ਇਸ ਲਈ ਵਿਸ਼ੇਸ਼ ਸਾਊਂਡ ਸਿਸਟਮ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਜ਼ਰੀਏ ਸਾਈਂ ਦਾਸ ਸਕੂਲ ਦੀ ਗਰਾਊਂਡ ਦੇ ਆਸ-ਪਾਸ ਸਵੇਰੇ ਤੋਂ ਇਹ ਸੁਰ ਗੂੰਜਣਗੇ।
---
ਭਗਵਾਨ ਸ਼ਿਵ ਦੇ ਦਰਬਾਰ ’ਚ ਨਤਮਸਤਕ ਹੋਣਗੇ ਸ਼ਰਧਾਲੂ
‘ਇਕ ਸ਼ਾਮ ਭਗਵਾਨ ਸ਼ਿਵ ਦੇ ਨਾਂ’ ਦੌਰਾਨ ਪੰਡਾਲ ’ਚ ਭਗਵਾਨ ਸ਼ਿਵ ਦਾ ਸ਼ਾਨਦਾਰ ਦਰਬਾਰ ਵੀ ਸਜਾਇਆ ਜਾਵੇਗਾ, ਜਿਸ ਨੂੰ ਲਾਈਟਿੰਗ ਤੇ ਆਕਰਸ਼ਕ ਫੁੱਲਾਂ ਨਾਲ ਸਜਾਇਆ ਜਾਵੇਗਾ। ਸੰਕੀਰਤਨ ’ਚ ਸ਼ਾਮਲ ਹੋਣ ਤੋਂ ਪਹਿਲਾਂ ਸ਼ਰਧਾਲੂ ਇਸ ਸ਼ਾਨਦਾਰ ਦਰਬਾਰ ’ਚ ਨਤਮਸਤਕ ਹੋਣਗੇ। ਇਸ ਦਰਬਾਰ ਨੂੰ ਸਜਾਉਣ ਲਈ ਖਾਸ ਕਾਰੀਗਰ ਸੱਦੇ ਗਏ ਹਨ, ਜੋ ਸਵੇਰੇ ਤੋਂ ਹੀ ਦਰਬਾਰ ਸਜਾਉਣਾ ਸ਼ੁਰੂ ਕਰ ਦੇਣਗੇ।
---
ਮਹਾਦੇਵ ਹੁੰਦੇ ਹਨ ਰਘੁਵੰਸ਼ੀ ਦੇ ਭਜਨਾਂ ਦਾ ਕੇਂਦਰ ਬਿੰਦੂ
ਮੂਲ ਰੂਪ ’ਚ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਹੰਸਰਾਜ ਰਘੁਵੰਸ਼ੀ ਦੇ ਭਜਨਾਂ ਦਾ ਕੇਂਦਰ ਬਿੰਦੂ ਮਹਾਦੇਵ ਰਹਿੰਦੇ ਹਨ। 'ਮੇਰਾ ਭੋਲਾ ਹੈ ਭੰਡਾਰੀ, ਕਰੇ ਨੰਦੀ ਕੀ ਸਵਾਰੀ' ਤੇ 'ਸ਼ਿਵ ਕੈਲਾਸਾਂ ਕੇ ਵਾਸੀ' ਭਜਨਾਂ ਨਾਲ ਵਿਸ਼ਵ ਪੱਧਰ 'ਤੇ ਪਛਾਣ ਬਣਾਉਣ ਵਾਲੇ ਹੰਸਰਾਜ ਰਘੁਵੰਸ਼ੀ ਦੀ ਸ਼ਖਸੀਅਤ ਤੇ ਜਟਾਵਾਂ ਵੀ ਉਨ੍ਹਾਂ ਨੂੰ ਵੱਖਰੀ ਪਛਾਣ ਦਿੰਦੇ ਹਨ। ਯੂਟਿਊਬ 'ਤੇ ਭਜਨ ਗਾਇਕੀ ਸ਼ੁਰੂ ਕਰਨ ਵਾਲੇ ਰਘੁਵੰਸ਼ੀ ਨੇ ਹਾਲ ਹੀ ’ਚ ਭਗਵਾਨ ਸ਼੍ਰੀ ਰਾਮ 'ਤੇ ਆਧਾਰਿਤ ਵੀ ਕਈ ਭਜਨ ਗਾਏ, ਜਿਸ ਦੀ ਦੇਸ਼ ਭਰ ’ਚ ਸ਼ਲਾਘਾ ਕੀਤੀ ਗਈ ਸੀ।