- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿੱਖਾਂ ਤੇ ਹੋਏ ਸਰਕਾਰੀ ਅਤਿਆਚਾਰ ਨੂੰ ਲੁਕਾਉਣ ਦੇ ਯਤਨ ਕਦੇ ਵੀ ਸਫਲ ਨਹੀਂ ਹੋ ਸਕਦੇ -ਉਬਰਾਏ

-ਸਤਲੁਜ ਫਿਲਮ ਵੇਖਣ ਲਈ ਸੰਗਤਾਂ ਦਾ ਉਮੜਿਆ ਸੈਲਾਬ, ਹਾਲ ਪਿਆ ਛੋਟਾ
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਪ੍ਰਧਾਨ ਕੰਵਲਜੀਤ ਸਿੰਘ ਓਬਰਾਏ ਦੀ ਅਗਵਾਈ ਵਿਚ ਪ੍ਰਬੰਧਕ ਕਮੇਟੀ ਨੇ ਸਰਕਾਰ ਵੱਲੋਂ ਬੈਨ ਕੀਤੀ 'ਸਤਲੁਜ' ਫਿਲਮ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੁਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ਦੇ ਲੰਗਰ ਹਾਲ ਵਿਚ ਸੰਗਤਾਂ ਨੂੰ ਪ੍ਰੋਜੈਕਟਰ ਰਾਹੀਂ ਦਿਖਾਈ ਗਈ। ਪ੍ਰਬੰਧਕਾਂ ਨੇ ਦੱਸਿਆ ਕਿ ਇਹ ਫਿਲਮ ਦੇਖ ਕਿ ਪਿਛਲੇ ਸਮਿਆਂ ਦੌਰਾਨ ਸਿੱਖ ਨੌਜਵਾਨਾਂ ਅਤੇ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਜਸਵੰਤ ਸਿੰਘ ਖਾਲੜਾ 'ਤੇ ਉਸ ਸਮੇਂ ਦੀ ਸਰਕਾਰ ਵੱਲੋਂ ਢਾਹੇ ਗਏ ਜ਼ੁਲਮਾਂ ਤੋਂ ਜਾਣੂ ਹੋਏ। ਪ੍ਰਬੰਧਕਾਂ ਨੇ ਦੱਸਿਆ ਕਿ ਸਰਕਾਰ ਨੇ ਸੱਚਾਈ ਨੂੰ ਲੁਕਾਉਣ ਲਈ ਬੈਨ ਲਾਇਆ ਗਿਆ ਹੈ। ਇਸ ਦੇ ਮੱਦੇਨਜ਼ਰ ਇਸ ਫਿਲਮ ਨੂੰ ਵੱਡੇ ਪੱਧਰ ਤੇ ਦੇਖਣ ਲਈ ਲੋਕਾਂ ਵਿਚ ਉਤਸ਼ਾਹ ਪਾਇਆ ਗਿਆ। ਪ੍ਰਬੰਧਕਾਂ ਨੇ ਖਾਲੜਾ ਦੇ ਜੀਵਨ, ਮਨੁੱਖੀ ਅਧਿਕਾਰਾਂ ਲਈ ਉਨ੍ਹਾਂ ਵੱਲੋਂ ਕੀਤੇ ਅਦੁੱਤੀ ਕਾਰਜਾਂ ਅਤੇ ਪੁਲਿਸ ਵੱਲੋਂ ਸਿੱਖ ਨੌਜਵਾਨਾਂ ਨਾਲ ਕੀਤੀਆਂ ਵਧੀਕੀਆਂ 'ਤੇ ਆਧਾਰਿਤ ਫ਼ਿਲਮ 'ਸਤਲੁਜ' ਨੂੰ ਮਨਮਾਨੇ ਢੰਗ ਨਾਲ ਹਟਾਏ ਜਾਣ ਦੀ ਨਿਖੇਧੀ ਕੀਤੀ ਹੈ। ਇਸ ਮੌਕੇ ਪ੍ਰਬੰਧਕ ਕਮੇਟੀ ਮੁੱਖ ਸੇਵਾਦਾਰ ਕੰਵਲਜੀਤ ਸਿੰਘ ਉਬਰਾਏ, ਸਰਪ੍ਰਸਤ ਜਸਵਿੰਦਰ ਸਿੰਘ ਮੱਕੜ, ਕੰਵਲਜੀਤ ਸਿੰਘ ਸਕੱਤਰ, ਜੋਗਿੰਦਰ ਸਿੰਘ ਖਜਾਨਚੀ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਠੁਕਰਾਲ, ਪਰਮਜੀਤ ਸਿੰਘ ਪਹਿਲਵਾਨ,ਪਰਮਜੀਤ ਸਿੰਘ ਕਾਨਪੁਰੀ, ਹਰਜਿੰਦਰ ਸਿੰਘ ਲੈਂਡ ਲਾਰਡ, ਗੂਰੂ ਤੇਗ ਬਹਾਦਰ ਖਾਲਸਾ ਨੌਜਵਾਨ ਸਭਾ ਦੇ ਪ੍ਰਧਾਨ ਗਗਨਦੀਪ ਸਿੰਘ ਗੱਗੀ, ਸੁਰਜੀਤ ਸਿੰਘ ਸੇਤੀਆ, ਖਾਲਸਾ ਨੌਜਵਾਨ ਸਭਾ ਦੇ ਸਾਰੇ ਮੈੰਬਰ, ਮੈਨੇਜਰ ਸੁਰਜੀਤ ਸਿੰਘ, ਹਰਜੀਤ ਸਿੰਘ, ਜਸ਼ਨ ਦੀਪ ਸਿੰਘ, ਅੰਮ੍ਰਿਤਪਾਲ ਸਿੰਘ ਚੀਮਾ, ਮਨਪ੍ਰੀਤ ਸਿੰਘ ਮੋਲਾ, ਜਤਿੰਦਰ ਸਿੰਘ ਮੌਂਟੀ, ਅਨੀਤ ਵਾਲੀਆ, ਗੁਰਨਦਰ ਸਿੰਘ, ਮੰਨਨ ਸਿੰਘ ਆਦਿ ਹਾਜਰ ਸਨ।
------------------------
ਸੱਚ ਸਾਹਮਣੇ ਲਿਆਉਣ ਲਈ ਖਾਲੜਾ ਨੇ ਜੀਵਨ ਸਮਰਪਿਤ ਕਰ ਦਿੱਤਾ : ਓਬਰਾਏ
ਗੁਰਦੁਆਰਾ ਨੌਵੀਂ ਪਾਤਸ਼ਾਹੀ ਦੁੱਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ਦੀ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਕੰਵਲਜੀਤ ਸਿੰਘ ਉਬਰਾਏ ਨੇ ਕਿਹਾ ਕਿ 1984 ਤੋਂ ਬਾਅਦ ਪੁਲਿਸ ਨੇ ਹਜ਼ਾਰਾਂ ਬੇਗੁਨਾਹ ਨੌਜਵਾਨਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਅਤੇ ਲਾਵਾਰਸ ਕਹਿ ਕੇ ਲਾਸਾਂ ਨੂੰ ਸਾੜ ਦਿੱਤਾ ਗਿਆ ਸੀ। ਭਾਈ ਜਸਵੰਤ ਸਿੰਘ ਖਾਲੜਾ ਨੇ ਪੰਜਾਬ ਦੇ ਇਤਿਹਾਸ ਦੇ ਉਸ ਦਰਦਨਾਕ ਦੌਰ ਦੇ ਸੱਚ ਨੂੰ ਦੁਨੀਆ ਸਾਹਮਣੇ ਲਿਆਉਣ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ। ਉਨ੍ਹਾਂ ਵੱਲੋਂ ਕੀਤੇ ਯਤਨਾਂ ਨਾਲ ਹਜ਼ਾਰਾਂ ਪਰਿਵਾਰਾਂ ਨੂੰ ਇਨਸਾਫ਼ ਦੀ ਆਸ ਬੱਝੀ ਸੀ ਜਿਨ੍ਹਾਂ ਦੇ ਨੌਜਵਾਨ ਪੁੱਤਰ ਲਾਪਤਾ ਕਰ ਦਿੱਤੇ ਗਏ ਸਨ ਪਰ ਦੁਖਦਾਈ ਪਹਿਲੂ ਇਹ ਹੈ ਕਿ ਲੋਕਾਂ ਦੀ ਆਸ ਬਣੇ ਭਾਈ ਖਾਲੜਾ ਨੂੰ ਵੀ ਪੁਲਿਸ ਨੇ ਸ਼ਹੀਦ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਭਾਈ ਖਾਲੜਾ ਦੇ ਜੀਵਨ ’ਤੇ ਬਣੀ ਇਸ ਫਿਲਮ ਵਿਚ ਇਤਿਹਾਸ ਦੇ ਤੱਥਾਂ, ਮਨੁੱਖੀ ਅਧਿਕਾਰਾਂ ਅਤੇ ਸਮਾਜਕ ਸੱਚਾਈ ਨੂੰ ਸਾਹਮਣੇ ਲਿਆਂਦਾ ਗਿਆ ਹੈ। ਇਸ ਨੂੰ ਰੋਕਣ ਦੀ ਬਜਾਏ ਖੁੱਲ੍ਹੇ ਮਨ ਨਾਲ ਦੇਖਿਆ ਤੇ ਵਿਚਾਰਿਆ ਜਾਣਾ ਚਾਹੀਦਾ ਹੈ।
-----------------------------
ਸੱਚ ਨੂੰ ਦਬਾਉਣ ਦੇ ਯਤਨ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ : ਠੁਕਰਾਲ
ਗੁਰਦੁਆਰਾ ਨੌਵੀਂ ਪਾਤਸ਼ਾਹੀ ਦੁੱਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ਦੀ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਠੁਕਰਾਲ ਨੇ ਕਿਹਾ ਕਿ ਲੋਕਤੰਤਰ ਵਿੱਚ ਵਿਚਾਰਾਂ ਦੀ ਵਿਭਿੰਨਤਾ ਅਤੇ ਇਤਿਹਾਸਕ ਸੱਚਾਈ ਨੂੰ ਸਾਹਮਣੇ ਰੱਖਣ ਵਾਲੀਆਂ ਰਚਨਾਵਾਂ 'ਤੇ ਰੋਕ ਲਾਉਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਇਹ ਕਦਮ ਸੱਚਾਈ ਸਾਹਮਣੇ ਲਿਆਉਣ ਵਾਲੀਆਂ ਆਵਾਜ਼ਾਂ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਘਿਨਾਉਣੀ ਹਰਕਤ ਵਜੋਂ ਦੇਖਿਆ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਫ਼ਿਲਮ 'ਸਤਲੁਜ' 'ਤੇ ਲਗਾਈ ਗਈ ਹਰ ਕਿਸਮ ਦੀ ਰੋਕ ਤੁਰੰਤ ਹਟਾਈ ਜਾਵੇ ਤਾਂ ਜੋ ਲੋਕ ਖੁਦ ਇਤਿਹਾਸ ਦੇ ਇਸ ਮਹੱਤਵਪੂਰਨ ਅਧਿਆਇ ਨੂੰ ਸਮਝ ਸਕਣ। ਉਨ੍ਹਾਂ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਸੱਚ ਦੀ ਜਿੱਤ ਲਈ ਸਦਾ ਪ੍ਰੇਰਣਾ ਸਰੋਤ ਰਹੇਗੀ ਅਤੇ ਇਤਿਹਾਸ ਦੇ ਪੰਨਿਆਂ 'ਤੇ ਦਰਜ ਸੱਚ ਨੂੰ ਦਬਾਉਣ ਦੇ ਯਤਨ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ।
------------------------
ਕਿਸੇ ਪਾਬੰਦੀ ਰਾਹੀਂ ਸੱਚ ਨੂੰ ਲੁਕਾਇਆ ਨਹੀਂ ਜਾ ਸਕਦਾ : ਗੱਗੀ
ਗੂਰੂ ਤੇਗ ਬਹਾਦਰ ਖਾਲਸਾ ਨੌਜਵਾਨ ਸਭਾ ਦੇ ਪ੍ਰਧਾਨ ਗਗਨਦੀਪ ਸਿੰਘ ਗੱਗੀ ਨੇ ਕਿਹਾ ਕਿ ਸਿੱਖਾਂ ਤੇ ਹੋਏ ਸਰਕਾਰੀ ਅਤਿਆਚਾਰ ਨੂੰ ਲੁਕਾਉਣ ਦੇ ਯਤਨ ਕਦੇ ਵੀ ਸਫਲ ਨਹੀਂ ਹੋ ਸਕਦੇ। ਜਿਨ੍ਹਾਂ ਨੌਜਵਾਨਾਂ ਨੂੰ ਸ਼ਹੀਦ ਕਰਨ ਮਗਰੋਂ ਲਾਵਾਰਸ ਕਹਿ ਕੇ ਸਾੜ ਦਿੱਤਾ ਗਿਆ ਸੀ, ਉਨ੍ਹਾਂ ਕੇਸਾਂ ਵਿੱਚ ਹੁਣ ਅਦਾਲਤਾਂ ਵੱਲੋਂ ਉਸ ਵੇਲੇ ਦੇ ਪੁਲਿਸ ਅਧਿਕਾਰੀਆਂ ਨੂੰ ਸਜਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨਾਂ ਤਾਂ ਇਤਿਹਾਸ ਦੇ ਇਨ੍ਹਾਂ ਪੰਨਿਆਂ ਨੂੰ ਮਿਟਾਇਆ ਜਾ ਸਕਦਾ ਹੈ ਅਤੇ ਨਾ ਹੀ ਕਿਸੇ ਪਾਬੰਦੀ ਰਾਹੀਂ ਸੱਚ ਨੂੰ ਦਬਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਮੇਤ ਦੁਨੀਆ ਭਰ ਦੇ ਇਨਸਾਫ਼ ਪਸੰਦ ਲੋਕਾਂ ਨੂੰ ਆਪਣੇ ਇਤਿਹਾਸ ਨੂੰ ਜਾਣਨ, ਸਮਝਣ ਅਤੇ ਉਸ ਤੋਂ ਸਿੱਖਣ ਦਾ ਪੂਰਾ ਅਧਿਕਾਰ ਹੈ।