- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਈਡੀ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਕੁਲਦੀਪ ਸਿੰਘ ਪਠਾਨਕੋਟ ’ਚ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ (ਡੀਡੀਪੀਓ) ਦੇ ਅਹੁਦੇ ’ਤੇ ਤਾਇਨਾਤ ਸਨ। ਉਨ੍ਹਾਂ ਨੂੰ ਸੇਵਾਮੁਕਤੀ ਤੋਂ ਚਾਰ ਦਿਨ ਪਹਿਲਾਂ ਤੱਤਕਾਲੀ ਮੰਤਰੀ ਦੀ ਸਿਫ਼ਾਰਸ਼ ’ਤੇ 24 ਫਰਵਰੀ 2023 ਨੂੰ ਏਡੀਸੀ ਦਿਹਾਤੀ ਵਿਕਾਸ ਪਠਾਨਕੋਟ ਦਾ ਵਾਧੂ ਚਾਰਜ ਸੌਂਪਿਆ ਗਿਆ ਸੀ।

ਪੰਜਾਬੀ ਜਾਗਰਣ ਟੀਮ, ਜਲੰਧਰ/ ਪਠਾਨਕੋਟ : ਪਠਾਨਕੋਟ ਜ਼ਿਲ੍ਹੇ ’ਚ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨਾਲ ਲੱਗਦੇ ਰਾਵੀ ਦਰਿਆ ਦੇ ਕੰਢੇ ਸਥਿਤ ਪਿੰਡ ਗੋਲ ਦੀ 91.75 ਏਕੜ (734 ਕਨਾਲ, ਇਕ ਮਰਲਾ) ਜ਼ਮੀਨ ਗ਼ਲਤ ਤਰੀਕੇ ਨਾਲ ਨਿੱਜੀ ਵਿਅਕਤੀਆਂ ਨੂੰ ਤਬਦੀਲ ਕਰਨ ਦੇ ਮਾਮਲੇ ’ਚ ਈਡੀ ਦੇ ਜਲੰਧਰ ਜ਼ੋਨਲ ਦਫ਼ਤਰ ਨੇ ਪਠਾਨਕੋਟ ਦੇ ਸੇਵਾਮੁਕਤ ਸਾਬਕਾ ਵਧੀਕ ਡਿਪਟੀ ਕਮਿਸ਼ਨਰ (ਏਡੀਸੀ ਦਿਹਾਤੀ) ਕੁਲਦੀਪ ਸਿੰਘ ਤੇ ਸਟੋਨ ਕਰੱਸ਼ਰ ਤੇ ਮਾਈਨਿੰਗ ਕਾਰੋਬਾਰੀ ਨਿਪੁਣ ਮਹਾਜਨ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਨੂੰ ਈਡੀ ਨੇ ਬੁੱਧਵਾਰ ਨੂੰ ਗ੍ਰਿਫ਼ਤਾਰ ਕਰ ਕੇ ਵੀਰਵਾਰ ਨੂੰ ਜਲੰਧਰ ਸਥਿਤ ਵਿਸ਼ੇਸ਼ ਪੀਐੱਮਐੱਲਏ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ ਪੰਜ ਦਿਨਾਂ ਦੇ ਰਿਮਾਂਡ ’ਤੇ ਭੇਜ ਦਿੱਤਾ ਗਿਆ। ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਕਈ ਵੱਡੇ ਨਾਂ ਵੀ ਜਾਂਚ ਦੇ ਘੇਰੇ ’ਚ ਆ ਸਕਦੇ ਹਨ। ਖ਼ਾਸ ਗੱਲ ਇਹ ਹੈ ਕਿ ਉਕਤ ਜ਼ਮੀਨ ਤੋਂ ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ਦੀ ਸਿੱਧੀ ਦੂਰੀ ਸਿਰਫ਼ 4.2 ਕਿਲੋਮੀਟਰ ਹੈ। ਜ਼ਮੀਨ ਦੇ ਤਬਾਦਲੇ ਤੋਂ ਬਾਅਦ ਇੱਥੇ ਨਾਜਾਇਜ਼ ਖਣਨ ਸ਼ੁਰੂ ਕਰ ਦਿੱਤਾ ਗਿਆ ਸੀ।
ਈਡੀ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਕੁਲਦੀਪ ਸਿੰਘ ਪਠਾਨਕੋਟ ’ਚ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ (ਡੀਡੀਪੀਓ) ਦੇ ਅਹੁਦੇ ’ਤੇ ਤਾਇਨਾਤ ਸਨ। ਉਨ੍ਹਾਂ ਨੂੰ ਸੇਵਾਮੁਕਤੀ ਤੋਂ ਚਾਰ ਦਿਨ ਪਹਿਲਾਂ ਤੱਤਕਾਲੀ ਮੰਤਰੀ ਦੀ ਸਿਫ਼ਾਰਸ਼ ’ਤੇ 24 ਫਰਵਰੀ 2023 ਨੂੰ ਏਡੀਸੀ ਦਿਹਾਤੀ ਵਿਕਾਸ ਪਠਾਨਕੋਟ ਦਾ ਵਾਧੂ ਚਾਰਜ ਸੌਂਪਿਆ ਗਿਆ ਸੀ। ਕੁਲਦੀਪ ਨੇ 28 ਫਰਵਰੀ ਨੂੰ ਸੇਵਾਮੁਕਤੀ ਤੋਂ ਇਕ ਦਿਨ ਪਹਿਲਾਂ ਉਕਤ ਜ਼ਮੀਨ ਨਾਜਾਇਜ਼ ਤੌਰ ’ਤੇ ਮਾਈਨਿੰਗ ਕਾਰੋਬਾਰੀ ਨਿਪੁਣ ਮਹਾਜਨ ਦੇ ਨਾਂ ਤਬਦੀਲ ਕਰ ਦਿੱਤੀ। ਗਾਹਕਾਂ ਤੋਂ ਮਿਲੀ ਰਕਮ ਦਾ ਵੱਡਾ ਹਿੱਸਾ ਖਾਤਿਆਂ ’ਚ ਦਰਜ ਨਹੀਂ ਕੀਤਾ ਗਿਆ। ਖਣਨ ਕਰਕੇ ਕੱਢੀ ਗਈ ਸਮੱਗਰੀ ਦੀ ਵਿਕਰੀ ਦੇ ਵੱਡੇ ਹਿੱਸੇ ਲਈ ਕਿਊ ਫਾਰਮ ਵੀ ਜਾਰੀ ਨਹੀਂ ਕੀਤੇ ਗਏ ਸਨ।
ਵਿਜੀਲੈਂਸ ਦੀ ਐੱਫਆਈਆਰ ਨੂੰ ਆਧਾਰ ਬਣਾ ਕੇ ਈਡੀ ਨੇ ਸ਼ੁਰੂ ਕੀਤੀ ਸੀ ਜਾਂਚ
ਪੰਜਾਬ ਵਿਜੀਲੈਂਸ ਬਿਊਰੋ ਨੇ ਕੁਲਦੀਪ ਸਿੰਘ ਤੇ ਹੋਰ ਮੁਲਜ਼ਮਾਂ ਵਿਰੁੱਧ ਇਸ ਮਾਮਲੇ ’ਚ ਅੰਮ੍ਰਿਤਸਰ ’ਚ 9 ਅਗਸਤ 2023 ਨੂੰ 26 ਨੰਬਰ ਐੱਫਆਈਆਰ ਦਰਜ ਕੀਤੀ ਸੀ। ਈਡੀ ਨੇ ਇਸੇ ਐੱਫਆਈਆਰ ਦੇ ਆਧਾਰ ’ਤੇ ਜਾਂਚ ਸ਼ੁਰੂ ਕੀਤੀ ਸੀ। ਬਾਅਦ ’ਚ ਜਾਂਚ ਦਾ ਘੇਰਾ ਵਧਾਉਂਦਿਆਂ ਵਿਵਾਦਤ ਜ਼ਮੀਨ ਤੋਂ ਨਾਜਾਇਜ਼ ਮਾਈਨਿੰਗ ਤੇ ਤਸਕਰੀ ਤੱਕ ਪਹੁੰਚ ਗਈ। ਈਡੀ ਨੇ ਜੁਲਾਈ 2026 ’ਚ ਇਸ ਮਾਮਲੇ ਨਾਲ ਜੁੜੇ 16 ਟਿਕਾਣਿਆਂ ’ਤੇ ਛਾਪੇਮਾਰੀ ਕਰਕੇ 1.75 ਕਰੋੜ ਰੁਪਏ ਜ਼ਬਤ ਕੀਤੇ ਸਨ, ਜਦਕਿ 91.34 ਲੱਖ ਰੁਪਏ ਦੀ ਰਕਮ ਵਾਲੇ ਬੈਂਕ ਖਾਤਿਆਂ ਨੂੰ ਫ੍ਰੀਜ਼ ਕੀਤਾ ਸੀ। ਜਾਂਚ ਦੌਰਾਨ ਸ੍ਰੀ ਸਾਈਂ ਸਟੋਨ ਕਰੱਸ਼ਰ ਐਂਡ ਸਕ੍ਰੀਨਰ ਤੇ ਸ਼ਿਵ ਸ਼ੰਕਰ ਸਟੋਨ ਕਰੱਸ਼ਰ ਸਮੇਤ ਕਈ ਸਟੋਨ ਕਰੱਸ਼ਰ ਕੰਪਨੀਆਂ, ਉਨ੍ਹਾਂ ਨਾਲ ਜੁੜੀਆਂ ਇਕਾਈਆਂ ਤੇ ਪ੍ਰਬੰਧਨ ਨਾਲ ਸਬੰਧਤ ਵਿਅਕਤੀਆਂ ਦੇ ਟਿਕਾਣਿਆਂ ਦੀ ਤਲਾਸ਼ੀ ਲਈ ਗਈ ਸੀ।
ਆਈਆਈਟੀ ਰੋਪੜ ਦੇ ਸਰਵੇਖਣ ’ਚ 367.50 ਕਰੋੜ ਰੁਪਏ ਦੇ ਨਾਜਾਇਜ਼ ਮਾਈਨਿੰਗ ਦਾ ਅਨੁਮਾਨ
ਆਈਆਈਟੀ ਰੋਪੜ ਦੀ ਟੀਮ ਨੇ ਸ਼ਾਮਲਾਟ ਜ਼ਮੀਨ ਤੇ ਆਲੇ-ਦੁਆਲੇ ਦੇ ਇਲਾਕੇ ’ਚ ਮਾਈਨਿੰਗ ਦਾ ਸਰਵੇਖਣ ਕੀਤਾ ਸੀ। ਇਸ ’ਚ ਸ਼ਾਮਲਾਟ ਜ਼ਮੀਨ ਤੋਂ ਇਲਾਵਾ ਪੰਚਾਇਤ ਗੋਲ ਤੇ ਪਿੰਡ ਭੱਟੀਆਂ ਦੇ ਆਲੇ-ਦੁਆਲੇ ਸੱਤ ਥਾਵਾਂ ’ਤੇ ਨਾਜਾਇਜ਼ ਖਣਨ ਦੇ 27 ਟੋਏ ਮਿਲੇ ਸਨ। ਇਸ ਮਾਮਲੇ ’ਚ ਲਗਪਗ 16.70 ਕਰੋੜ ਘਣ ਫੁੱਟ ਖੁਦਾਈ ਦਾ ਅਨੁਮਾਨ ਹੈ, ਜਿਸ ਦੀ ਕੀਮਤ ਲਗਪਗ 367.50 ਕਰੋੜ ਰੁਪਏ ਅੰਕੀ ਗਈ ਹੈ।