ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਹ ਅਤੇ ਨੇਹਾ ਪਿਛਲੇ ਕਰੀਬ ਡੇਢ ਸਾਲ ਤੋਂ ਪ੍ਰੇਮ ਸਬੰਧਾਂ ਵਿੱਚ ਸਨ। ਨੇਹਾ ਉਸ ’ਤੇ ਵਿਆਹ ਕਰਨ ਲਈ ਦਬਾਅ ਬਣਾ ਰਹੀ ਸੀ। 25 ਮਈ ਦੀ ਰਾਤ ਕਰੀਬ 10 ਵਜੇ ਇਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਵਿਵਾਦ ਹੋਇਆ, ਜਿਸ ਦੌਰਾਨ ਵਿਰਾਟ ਕਸ਼ਯਪ ਨੇ ਕਥਿਤ ਤੌਰ ’ਤੇ ਨੇਹਾ ਦਾ ਗਲਾ ਦਬਾ ਕੇ ਉਸ ਦਾ ਕਤਲ ਕਰ ਦਿੱਤਾ ।
ਸਟਾਫ ਰਿਪੋਰਟਰ ਪਟਿਆਲਾ : ਬੀਤੇ ਦਿਨੀਂ ਪਟਿਆਲਾ ਦੇ ਡੀਸੀਡਬਲਯੂ ਪੁਲ ਨੇੜੇ ਨੀਲੇ ਰੰਗ ਦੇ ਡਰੱਮ ਵਿੱਚੋਂ ਮਿਲੀ ਨੌਜਵਾਨ ਕੁੜੀ ਦੀ ਲਾਸ਼ ਦੇ ਮਾਮਲੇ ਨੂੰ ਪਟਿਆਲਾ ਪੁਲਿਸ ਨੇ ਸੁਲਝਾਉਂਦੇ ਹੋਏ ਮ੍ਰਿਤਕ ਦੇ ਆਸ਼ਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫਤਾਰ ਕੀਤੇ ਨੌਜਵਾਨ ਤੋਂ ਕੀਤੀ ਜਾ ਰਹੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਪ੍ਰੇਮ ਸਬੰਧਾਂ ਵਿੱਚ ਚੱਲ ਰਹੇ ਵਿਵਾਦ ਅਤੇ ਵਿਆਹ ਲਈ ਬਣਾਏ ਜਾ ਰਹੇ ਦਬਾਅ ਕਾਰਨ ਨੌਜਵਾਨ ਕੁੜੀ ਦਾ ਕਤਲ ਕੀਤਾ ਗਿਆ ਸੀ।
ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐੱਸਪੀ ਸਿਟੀ ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ 26 ਮਈ ਦੀ ਸਵੇਰ ਕਰੀਬ 6 ਵਜੇ ਕੂੜਾ ਇਕੱਠਾ ਕਰਨ ਵਾਲੇ ਸ਼ੰਕਰ ਨਾਮਕ ਵਿਅਕਤੀ ਨੇ ਡੀਸੀਡਬਲਯੂ ਪੁਲ ਨੇੜੇ ਪਏ ਇੱਕ ਨੀਲੇ ਡਰੱਮ ਵਿੱਚ ਨੌਜਵਾਨ ਕੁੜੀ ਦੀ ਲਾਸ਼ ਦੇਖੀ ਸੀ। ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕਾ ਦੀ ਬਾਂਹ ’ਤੇ ਬਣੇ ‘ਨੇਹਾ’ ਨਾਮ ਦੇ ਟੈਟੂ ਦੇ ਆਧਾਰ ’ਤੇ ਉਸ ਦੀ ਪਛਾਣ ਕਰਨ ਦੀ ਕੋਸ਼ਿਸ਼ ਸ਼ੁਰੂ ਕੀਤੀ ਗਈ। ਬਾਅਦ ਵਿੱਚ ਉਸ ਦੇ ਭਰਾ ਬਬਲੂ ਸ਼ੇਖਰ, ਵਾਸੀ ਜ਼ਿਲ੍ਹਾ ਜੌਨਪੁਰ (ਉੱਤਰ ਪ੍ਰਦੇਸ਼) ਨੇ ਲਾਸ਼ ਦੀ ਪਛਾਣ ਆਪਣੀ ਭੈਣ ਨੇਹਾ ਵਜੋਂ ਕੀਤੀ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਐੱਸਪੀ ਇਨਵੈਸਟੀਗੇਸ਼ਨ ਗੁਰਬੰਸ ਸਿੰਘ ਬੈਂਸ ਦੀ ਨਿਗਰਾਨੀ ਹੇਠ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਅਤੇ ਥਾਣਾ ਅਰਬਨ ਅਸਟੇਟ ਦੀ ਪੁਲਿਸ ਨੇ ਸਾਂਝੀ ਕਾਰਵਾਈ ਕਰਦੇ ਹੋਏ ਇਸ ਮਾਮਲੇ ਨੂੰ ਸੁਲਝਾਇਆ ਹੈ। ਐਸਪੀ ਚੀਮਾ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਸੀਸੀਟੀਵੀ ਫੁਟੇਜ, ਕਾਲ ਡਿਟੇਲ ਰਿਕਾਰਡ, ਟਾਵਰ ਲੋਕੇਸ਼ਨ, ਡੰਪ ਡਾਟਾ ਅਤੇ ਮਨੁੱਖੀ ਖੁਫੀਆ ਤੰਤਰ ਦੀ ਮਦਦ ਨਾਲ ਜਾਂਚ ਨੂੰ ਅੱਗੇ ਵਧਾਇਆ ਅਤੇ ਤਕਨੀਕੀ ਜਾਂਚ ਤੋਂ ਬਾਅਦ ਪੁਲਿਸ ਨੇ 29 ਮਈ ਨੂੰ ਮੁਲਜ਼ਮ ਵਿਰਾਟ ਕਸ਼ਯਪ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਹ ਅਤੇ ਨੇਹਾ ਪਿਛਲੇ ਕਰੀਬ ਡੇਢ ਸਾਲ ਤੋਂ ਪ੍ਰੇਮ ਸਬੰਧਾਂ ਵਿੱਚ ਸਨ। ਨੇਹਾ ਉਸ ’ਤੇ ਵਿਆਹ ਕਰਨ ਲਈ ਦਬਾਅ ਬਣਾ ਰਹੀ ਸੀ। 25 ਮਈ ਦੀ ਰਾਤ ਕਰੀਬ 10 ਵਜੇ ਇਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਵਿਵਾਦ ਹੋਇਆ, ਜਿਸ ਦੌਰਾਨ ਵਿਰਾਟ ਕਸ਼ਯਪ ਨੇ ਕਥਿਤ ਤੌਰ ’ਤੇ ਨੇਹਾ ਦਾ ਗਲਾ ਦਬਾ ਕੇ ਉਸ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਲਾਸ਼ ਨੂੰ ਨੀਲੇ ਰੰਗ ਦੇ ਡਰੱਮ ਵਿੱਚ ਪਾ ਕੇ ਇੱਕ ਵਾਹਨ ਦੀ ਮਦਦ ਨਾਲ ਡੀਸੀਡਬਲਯੂ ਪੁਲ ਨੇੜੇ ਸੁੱਟ ਦਿੱਤਾ ਤਾਂ ਜੋ ਉਸ ਦੀ ਪਛਾਣ ਨਾ ਹੋ ਸਕੇ। ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।