ਦਿਲਕੁਸ਼ਾ ਮਾਰਕੀਟ ਦੇ ਵਪਾਰੀਆਂ ਨੇ ਹੜਤਾਲ ਮੁਲਤਵੀ ਕੀਤੀ ਦਿਲਕੁਸ਼ਾ ਮਾਰਕੀਟ ਦੇ ਵਪਾਰੀਆਂ ਨੇ ਹੜਤਾਲ ਮੁਲਤਵੀ ਕੀਤੀ, ਇਲਾਕੇ ਵਿੱਚ ਵਿਛਾਈ ਜਾਵੇਗੀ ਨਵੀਂ ਬਿਜਲੀ ਕੇਬਲ
Publish Date: Tue, 07 Jul 2026 10:07 PM (IST)
Updated Date: Tue, 07 Jul 2026 10:09 PM (IST)
- 300 ਕਿੱਲੋਵਾਟ ਸਮਰੱਥਾ ਦੇ ਤਿੰਨ ਨਵੇਂ ਟਰਾਂਸਫਾਰਮਰ ਲਾਏ ਜਾਣਗੇ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਵਾਰ-ਵਾਰ ਬਿਜਲੀ ਬੰਦ ਹੋਣ ਅਤੇ ਟਰਾਂਸਫਾਰਮਰਾਂ ਵਿੱਚੋਂ ਚਿੰਗਿਆੜੀਆਂ ਨਿਕਲਣ ਦੇ ਵਿਰੋਧ ਵਿੱਚ ਦਵਾਈਆਂ ਦੇ ਥੋਕ ਬਾਜ਼ਾਰ ਦਿਲਕੁਸ਼ਾ ਮਾਰਕੀਟ ਵੱਲੋਂ 8 ਜੁਲਾਈ ਨੂੰ ਮਾਰਕੀਟ ਬੰਦ ਕਰਕੇ ਹੜਤਾਲ ਕਰਨ ਦਾ ਲਿਆ ਗਿਆ ਫ਼ੈਸਲਾ ਮੁਲਤਵੀ ਕਰ ਦਿੱਤਾ ਗਿਆ ਹੈ। ਮੰਗਲਵਾਰ ਨੂੰ ਪਾਵਰਕਾਮ ਦੇ ਐੱਸਡੀਓ, ਜੇਈ ਤੇ ਹੋਰ ਅਧਿਕਾਰੀਆਂ ਦੇ ਮੌਕੇ ਤੇ ਪੁੱਜਣ ਤੋਂ ਬਾਅਦ ਟਰਾਂਸਫਾਰਮਰ ਨਾਲ ਜੁੜੀਆਂ ਬੇਤਰਤੀਬ ਬਿਜਲੀ ਤਾਰਾਂ ਨੂੰ ਠੀਕ ਕੀਤਾ ਗਿਆ। ਨਾਲ ਹੀ ਮਾਰਕੀਟ ’ਚ ਤਿੰਨ ਨਵੇਂ ਟਰਾਂਸਫਾਰਮਰ ਲਾਉਣ ਅਤੇ ਨਵੀਂ ਬਿਜਲੀ ਕੇਬਲ ਵਿਛਾਉਣ ਦਾ ਭਰੋਸਾ ਦਿੱਤਾ ਗਿਆ, ਜਿਸ ਤੋਂ ਬਾਅਦ ਵਪਾਰੀਆਂ ਨੇ ਹੜਤਾਲ ਮੁਲਤਵੀ ਕਰਨ ਦਾ ਫ਼ੈਸਲਾ ਲਿਆ। ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਰਿਸ਼ੂ ਵਰਮਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਵਿਭਾਗ ਵੱਲੋਂ ਵਾਅਦਾ ਪੂਰਾ ਕਰਨ ਦਾ ਭਰੋਸਾ ਮਿਲਣ ਤੋਂ ਬਾਅਦ ਐਲਾਨ ਕੀਤਾ ਗਿਆ ਕਿ 8 ਜੁਲਾਈ ਨੂੰ ਮਾਰਕੀਟ ਖੁੱਲ੍ਹੀ ਰਹੇਗੀ। ਇਸ ਤੋਂ ਪਹਿਲਾਂ ਦਿਲਕੁਸ਼ਾ ਮਾਰਕੀਟ ਦੇ ਵਪਾਰੀਆਂ ਨੇ ਰੋਜ਼ਾਨਾ ਲੱਗ ਰਹੇ ਅਣਐਲਾਨੇ ਬਿਜਲੀ ਕੱਟਾਂ ਤੋਂ ਤੰਗ ਆ ਕੇ 8 ਜੁਲਾਈ ਨੂੰ ਮਾਰਕੀਟ ਬੰਦ ਕਰਕੇ ਸੜਕ ’ਤੇ ਰੋਸ ਪ੍ਰਦਰਸ਼ਨ ਕਰਨ ਦੀ ਚਿਤਾਵਨੀ ਦਿੱਤੀ ਸੀ। ਉਨ੍ਹਾਂ ਦਾ ਦੋਸ਼ ਸੀ ਕਿ ਲਗਾਤਾਰ ਬਿਜਲੀ ਕੱਟਾਂ ਤੇ ਮਾਰਕੀਟ ’ਚ ਲਟਕ ਰਹੀਆਂ ਬੇਤਰਤੀਬ ਬਿਜਲੀ ਤਾਰਾਂ ਕਾਰਨ ਹੋ ਰਹੀ ਸਪਾਰਕਿੰਗ ਨਾਲ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਵਪਾਰੀਆਂ ਨੇ ਦੱਸਿਆ ਕਿ ਮਾਰਕੀਟ ’ਚ ਵਿਕਣ ਵਾਲੀਆਂ ਕਈ ਦਵਾਈਆਂ ਨੂੰ ਘੱਟ ਤਾਪਮਾਨ ਤੇ ਸੰਭਾਲ ਕੇ ਰੱਖਣਾ ਲਾਜ਼ਮੀ ਹੁੰਦਾ ਹੈ। ਵਾਰ-ਵਾਰ ਬਿਜਲੀ ਜਾਣ ਤੇ ਇਨਵਰਟਰ ਵੀ ਬੰਦ ਹੋ ਜਾਣ ਕਾਰਨ ਦਵਾਈਆਂ ਦੇ ਖਰਾਬ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਮਾਰਕੀਟ ’ਚ ਕਈ ਥਾਵਾਂ ਤੇ ਬਿਜਲੀ ਦੀਆਂ ਬੇਤਰਤੀਬ ਤਾਰਾਂ ਲੋਕਾਂ ਦੇ ਸਿਰਾਂ ਉੱਪਰੋਂ ਲੰਘਦੀਆਂ ਹਨ, ਜਿੱਥੇ ਸਪਾਰਕਿੰਗ ਹੋਣ ਕਾਰਨ ਹਾਦਸਿਆਂ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਵਿਭਾਗ ਨੂੰ ਕਈ ਵਾਰ ਸ਼ਿਕਾਇਤਾਂ ਦੇਣ ਦੇ ਬਾਵਜੂਦ ਸਮੱਸਿਆ ਦਾ ਹੱਲ ਨਾ ਹੋਣ ਕਾਰਨ ਵਪਾਰੀਆਂ ਨੇ ਸੰਘਰਸ਼ ਦਾ ਰਾਹ ਅਪਣਾਉਣ ਦਾ ਫ਼ੈਸਲਾ ਕੀਤਾ ਸੀ। ਹਾਲਾਂਕਿ ਮੰਗਲਵਾਰ ਨੂੰ ਵਿਭਾਗ ਦੇ ਐਕਸੀਅਨ, ਐੱਸਡੀਓ, ਜੇਈ ਤੇ ਹੋਰ ਅਧਿਕਾਰੀਆਂ ਨੇ ਮਾਰਕੀਟ ਦਾ ਦੌਰਾ ਕਰਕੇ ਤੁਰੰਤ ਕੰਮ ਸ਼ੁਰੂ ਕਰਵਾਇਆ ਤੇ ਤਿੰਨ ਨਵੇਂ ਟਰਾਂਸਫਾਰਮਰ ਲਾਉਣ ਦੇ ਨਾਲ ਨਵੀਂ ਕੇਬਲ ਵਿਛਾਉਣ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਕਰਕੇ ਹੜਤਾਲ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਗਿਆ। ਇਸ ਮੌਕੇ ਵਰਕਿੰਗ ਮਹਾਸਚਿਵ ਸੰਜੀਵ ਪੁਰੀ, ਉਪ ਪ੍ਰਧਾਨ ਅਨਿਲ ਕਤਿਆਲ ਤੇ ਹੋਰ ਮੈਂਬਰ ਵੀ ਹਾਜ਼ਰ ਸਨ।