- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਆਗਮਨ ਪੁਰਬ ਨੂੰ ਸਮਰਪਿਤ ਢਾਡੀ ਦਰਬਾਰ ਸਜਾਏ , ਸਹਿਜ ਪਾਠਾਂ ਦੇ ਭਾਈ ਭੋਗ

-ਢਾਡੀ ਜੱਥਿਆਂ ਨੇ ਬੀਰ ਰਸ ਵਾਰਾਂ ਨਾਲ ਗੁਰੂ ਜੱਸ ਗਾਇਨ ਕਰਕੇ ਸੰਗਤ ਕੀਤੀ ਨਿਹਾਲ
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਗਮਨ ਪੁਰਬ ਦੀਆਂ ਖੁਸ਼ੀਆਂ ਵਿੱਚ ਬੀਤੀ ਰਾਤ ਢਾਡੀ ਦਰਬਾਰ ਦੇ ਦੀਵਾਨ ਸਜਾਏ ਗਏ। ਜਿਸ ਵਿਚ ਢਾਡੀ ਜੱਥਿਆਂ ਨੇ ਬੀਰ ਰਸ ਵਾਰਾਂ ਨਾਲ ਗੁਰੂ ਜੱਸ ਗਾਇਨ ਕਰਕੇ ਸੰਗਤ ਨੂੰ ਨਿਹਾਲ ਕੀਤਾ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਕ੍ਰਿਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਛੇ ਦਹਾਕਿਆਂ ਤੋਂ ਵੱਧ ਸਮੇਂ ਤੋਂ ਛੇਵੇਂ ਪਾਤਿਸ਼ਾਹ ਜੀ ਦੇ ਪ੍ਰਕਾਸ਼ ਪੁਰਬ ਬੜੀ ਸ਼ਾਨੋ ਸ਼ੌਕਤ ਨਾਲ ਮਨਾਏ ਜਾਂਦੇ ਹਨ ਅਤੇ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਚਲਾਈ ਢਾਡੀ ਵਾਰਾਂ ਦੀ ਪਰੰਪਰਾ ਨੂੰ ਕਾਇਮ ਰਖਦਿਆਂ ਇਸ ਸਾਲ ਵੀ ਬੜੀ ਵੱਡੀ ਪੱਧਰ ’ਤੇ ਢਾਡੀ ਦਰਬਾਰ ਕਰਵਾਇਆ। ਸੋਦਰ ਸ੍ਰੀ ਰਹਿਰਾਸ ਸਾਹਿਬ ਜੀ ਦੀ ਚੌਕੀ ਦੇ ਭੋਗ ਉਪਰੰਤ ਢਾਡੀ ਦਰਬਾਰ ਦੀ ਆਰੰਭਤਾ ਕਰਦਿਆਂ ਪੰਥ ਪ੍ਰਸਿੱਧ ਢਾਡੀ ਜੱਥਾ ਗਿਆਨੀ ਸਤਨਾਮ ਸਿੰਘ ਲਾਲੂਮਾਜਰਾ ਦੇ ਜੱਥੇ ਨੇ ਜੋਸ਼ੀਲੀਆਂ ਤੇ ਇਤਿਹਾਸਕ ਢਾਡੀ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਤੇ ਅਖੀਰ ਵਿਚ ਗਿਆਨੀ ਪ੍ਰਿਤਪਾਲ ਸਿੰਘ ਬਰਗਾੜੀ ਦੇ ਕਵੀਸ਼ਰੀ ਜੱਥੇ ਨੇ ਬੀਰ ਰੱਸ ਵਾਰਾਂ ਰਾਹੀਂ ਢਾਡੀ ਕਲਾ ਦੇ ਜੌਹਰ ਵਿਖਾਏ। ਸੰਗਤ ਨੇ ਜੈਕਾਰਿਆਂ ਦੀ ਗੂੰਜ ਨਾਲ ਢਾਡੀ ਜੱਥਿਆਂ ਦੀ ਹੌਂਸਲਾ ਅਫਜ਼ਾਈ ਕੀਤੀ। ਰਾਤ 12 ਵਜੇ ਤੱਕ ਚੱਲੇ ਦੀਵਾਨ ’ਚ ਸੰਗਤ ਦੇ ਠਾਠਾਂ ਮਾਰਦੇ ਇਕੱਠ ਨੇ ਦੀਵਾਨ ਦਾ ਭਰਪੂਰ ਆਨੰਦ ਮਾਣਿਆ। ਢਾਡੀ ਦਰਬਾਰ ਦੇ ਸਮੁੱਚੇ ਦੀਵਾਨ ਦੀ ਸੇਵਾ ਗੁਰੂਘਰ ਦੇ ਸੇਵਕ ਚਰਨਜੀਤ ਸਿੰਘ ਮੱਕੜ ਵੱਲੋਂ ਕੀਤੀ ਗਈ। ਸਟੇਜ ਦੀ ਸੇਵਾ ਜਨਰਲ ਸਕੱਤਰ ਗਿਆਨੀ ਗੁਰਮੀਤ ਸਿੰਘ ਨੇ ਨਿਭਾਈ। ਦੀਵਾਨ ’ਚ ਹਾਜ਼ਰ ਸੰਗਤ ਪ੍ਰਧਾਨ ਗੁਰਕਿਰਪਾਲ ਸਿੰਘ, ਬੇਅੰਤ ਸਿੰਘ ਸਰਹੱਦੀ, ਚੇਅਰਮੈਨ ਕੋਰ ਕਮੇਟੀ ਹਰਜੀਤ ਸਿੰਘ ਐਡਵੋਕੇਟ, ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਰਹੇਜਾ, ਸੀਨੀਅਰ ਮੀਤ ਪ੍ਰਧਾਨ ਕੁਲਵੰਤਬੀਰ ਸਿੰਘ ਕਾਲੜਾ, ਅਮਰੀਕ ਸਿੰਘ, ਸਤਿੰਦਰਪਾਲ ਸਿੰਘ ਛਾਬੜਾ, ਚਰਨਜੀਤ ਸਿੰਘ ਸਰਾਫ, ਇੰਦਰਪਾਲ ਸਿੰਘ ਸਕੱਤਰ, ਬਲਵਿੰਦਰ ਸਿੰਘ ਸਰਾਫ, ਜਗਜੀਤ ਸਿੰਘ ਖ਼ਜ਼ਾਨਚੀ, ਚਰਨਜੀਤ ਸਿੰਘ ਲੁਬਾਣਾ, ਇੰਦਰਪਾਲ ਸਿੰਘ ਅਰੋੜਾ, ਅਮਰਜੀਤ ਸਿੰਘ ਭਾਟੀਆ, ਗੁਰਜੀਤ ਸਿੰਘ ਪੋਪਲੀ, ਜੋਗਿੰਦਰ ਸਿੰਘ ਬਵੇਜਾ, ਗੁਰਦੀਪ ਸਿੰਘ ਬਵੇਜਾ, ਜਗਮੋਹਨ ਸਿੰਘ ਛਾਬੜਾ, ਅਮਨਜੀਤ ਸਿੰਘ ਭੋਲਾ ਛਾਬੜਾ, ਹਰਬੰਸ ਸਿੰਘ, ਅੰਮ੍ਰਿਤਪਾਲ ਸਿੰਘ ਸੁਪ੍ਰਿੰਟੈਂਡੈਂਟ, ਜਸਮੀਤ ਸਿੰਘ ਸੀ.ਏ., ਬਿਸ਼ਨ ਸਿੰਘ ਆਦਿ ਸੰਗਤਾਂ ਨੇ ਹਾਜ਼ਰੀ ਭਰੀ।
-ਆਸਾ ਕੀ ਵਾਰ ਦੇ ਕੀਰਤਨ ਤੇ ਸਹਿਜ ਪਾਠਾਂ ਦੇ ਪਾਏ ਭੋਗ
ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਆਗਮਨ ਪੁਰਬ ਮੌਕੇ ਆਸਾ ਕੀ ਵਾਰ ਦੇ ਕੀਰਤਨ ਉਪਰੰਤ ਸ੍ਰੀ ਸਹਿਜ ਪਾਠਾਂ ਦੇ ਭੋਗ ਪਾਏ ਗਏ ਅਤੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕੁਲਦੀਪ ਸਿੰਘ ਦੇ ਜੱਥੇ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਬੇਅੰਤ ਸਿੰਘ ਸਰਹੱਦੀ ਨੇ ਆਪਣੇ ਵਿਚਾਰ ਸੰਗਤ ਨਾਲ ਸਾਂਝੇ ਕੀਤੇ। ਪ੍ਰਧਾਨ ਗੁਰਕ੍ਰਿਪਾਲ ਸਿੰਘ ਨੇ ਰਾਗੀ ਜੱਥੇ ਨੂੰ ਸਿਰੋਪਾਓ ਦੀ ਬਖਸ਼ਿਸ਼ ਨਾਲ ਨਿਵਾਜਿਆ ਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਬੇਅੰਤ ਸੰਗਤ ਨੇ ਹਾਜ਼ਰੀ ਭਰਦੇ ਹੋਏ ਦੀਵਾਨ ਦਾ ਅਨੰਦ ਮਾਣਿਆ।